ਪੰਜਾਬ ਦੇ DC ਦਫ਼ਤਰਾਂ 'ਚ ਕੰਮਕਾਜ ਠੱਪ, ਮੁਲਾਜ਼ਮਾਂ ਵੱਲੋਂ ਤਾਲੇ ਜੜਨ ਦੀ ਚਿਤਾਵਨੀ
Thursday, Aug 06, 2020 - 03:35 PM (IST)
ਲੁਧਿਆਣਾ, ਮੋਗਾ (ਨਰਿੰਦਰ, ਵਿਪਨ) : ਪੰਜਾਬ ਦੇ ਡੀ. ਸੀ. ਦਫ਼ਤਰਾਂ ਦੇ ਮੁਲਾਜ਼ਮ ਅੱਜ ਤੋਂ 14 ਅਗਸਤ ਤੱਕ 'ਕਲਮ ਛੋੜ ਹੜਤਾਲ' 'ਤੇ ਚਲੇ ਗਏ ਹਨ, ਜਿਸ ਕਾਰਨ ਦਫ਼ਤਰਾਂ ਦਾ ਕੰਮ-ਕਾਜ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਸਰਕਾਰੀ ਮੁਲਾਜ਼ਮਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਨੇ 14 ਅਗਸਤ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 16 ਅਗਸਤ ਤੋਂ ਉਹ ਸਰਕਾਰੀ ਦਫ਼ਤਰਾਂ ਨੂੰ ਤਾਲਾ ਜੜ ਦੇਣਗੇ।
ਇਹ ਵੀ ਪੜ੍ਹੋ : ਬਿੱਟੂ ਦੀ ਚਿਤਾਵਨੀ ਤੋਂ ਬਾਅਦ ਲੁਧਿਆਣਾ ਦੇ DC ਦੀ ਨਿੱਜੀ ਹਸਪਤਾਲਾਂ ਨੂੰ ਅਪੀਲ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਬੀਤੇ ਦਿਨੀਂ ਉਨ੍ਹਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ, ਸਗੋਂ ਉਨ੍ਹਾਂ ਦੀਆਂ ਤਨਖਾਹਾਂ 'ਚ ਹੋਰ ਕਟੌਤੀ ਕਰ ਦਿੱਤੀ ਗਈ। ਦੂਜੇ ਪਾਸੇ ਡੀ. ਸੀ. ਦਫ਼ਤਰ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਡੀ. ਸੀ. ਦਫ਼ਤਰ ਕੰਮ ਕਰਾਉਣ ਪੁੱਜੇ ਲੋਕਾਂ ਨੇ ਦੱਸਿਆ ਕਿ ਇਹ ਸਰਾਸਰ ਗਲਤ ਹੈ ਕਿਉਂਕਿ ਉਹ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਆਪਣਾ ਕੰਮ ਕਰਵਾਉਣ ਲਈ ਇੱਥੇ ਪਹੁੰਚੇ ਹਨ ਪਰ ਇੱਥੇ ਹੜਤਾਲ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋਏ ਹਨ, ਜਦੋਂ ਕਿ ਡੀ. ਸੀ. ਦਫ਼ਤਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਨੋਟਿਸ ਜਾਰੀ ਕਰ ਦਿੱਤਾ ਸੀ ਪਰ ਫਿਰ ਨੋਟੀਫਿਕੇਸ਼ਨ ਦੇ ਉਲਟ ਹੀ ਤਨਖਾਹਾਂ 'ਚ ਕਟੌਤੀ ਕਰ ਦਿੱਤੀ ਗਈ, ਡੀ. ਏ. ਦੀਆਂ ਕਿਸ਼ਤਾਂ ਨਹੀਂ ਦਿੱਤੀਆਂ, ਮੋਬਾਇਲ ਅਤੇ ਭੱਤਿਆਂ 'ਚ ਕਟੌਤੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਉਗਰਾਹੀ ਕਰਨ ਆਏ 2 ਸੇਵਾਦਾਰਾਂ ਨਾਲ ਕੁੱਟਮਾਰ, ਲਾਹੀਆਂ ਦਸਤਾਰਾਂ
ਦੂਜੇ ਪਾਸੇ ਮੋਗਾ ਦੇ 400 ਦੇ ਕਰੀਬ ਮੁਲਾਜ਼ਮ ਵੀ ਹੜਤਾਲ 'ਤੇ ਚਲੇ ਗਏ ਹਨ। ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਨੇ ਨਹੀਂ ਮੰਨੀਆਂ, ਜਿਸ ਕਾਰਨ 14 ਤਾਰੀਖ਼ ਤੱਕ ਕੋਈ ਵੀ ਕੰਮ ਦਫ਼ਤਰਾਂ 'ਚ ਨਹੀਂ ਹੋਵੇਗਾ। ਮੁਲਾਜ਼ਮਾਂ ਨੇ ਕਿਹਾ ਕਿ 15 ਤਾਰੀਖ਼ ਨੂੰ ਆਜਾਦੀ ਦਿਹਾੜੇ 'ਤੇ ਉਹ ਰੋਸ ਮੁਜ਼ਾਹਰਾ ਕਰਨਗੇ ਅਤੇ ਜੇਕਰ ਫਿਰ ਵੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ 18 ਤਾਰੀਖ਼ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਨਵਜੋਤ ਕੌਰ ਦਾ 'ਭਾਜਪਾ' ਬਾਰੇ ਵੱਡਾ ਬਿਆਨ, ਕੀ ਸਿੱਧੂ ਜੋੜਾ ਕਰੇਗਾ ਵਾਪਸੀ?