ਧੱਸਣ ਲੱਗੀਆਂ ਨਵੀਆਂ ਬਣਾਈਆਂ ਸੜਕਾਂ
Monday, Dec 04, 2017 - 03:21 AM (IST)
ਲਹਿਰਾਗਾਗਾ, (ਗਰਗ, ਜਿੰਦਲ)— ਸ਼ਹਿਰ 'ਚ ਨਵੀਆਂ ਬਣਾਈਆਂ ਗਈਆਂ ਸੜਕਾਂ ਧੱਸਣ ਲੱਗੀਆਂ ਹਨ, ਜਿਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਨਗਰ ਕੌਂਸਲ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਲੱਗਦਾ ਹੈ ਕਿ ਨਗਰ ਕੌਂਸਲ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ ਵਿਚ ਹੈ ।
ਕੁਝ ਦਿਨ ਪਹਿਲਾਂ ਖਾਈ ਰੋਡ 'ਤੇ ਬਣੀ ਨਵੀਂ ਸੜਕ ਉਪਰੋਂ ਲੰਘਦਾ ਟੈਂਪੂ ਸੜਕ 'ਚ ਧੱਸ ਗਿਆ ਸੀ ਪਰ ਨਗਰ ਕੌਂਸਲ ਨੇ ਸੀਵਰੇਜ ਤੇ ਪਾਣੀ ਦੀ ਪਾਈਪ ਲਾਈਨ ਪਈ ਹੋਣ ਦਾ ਬਹਾਨਾ ਬਣਾ ਕੇ ਆਪਣਾ ਪੱਲਾ ਝਾੜ ਲਿਆ ਜਦੋਂਕਿ ਹਕੀਕਤ ਇਹ ਹੈ ਕਿ ਸੀਵਰੇਜ ਪੈਣ ਅਤੇ ਪਾਣੀ ਦੀ ਪਾਈਪ ਲਾਈਨ ਪਾਉਣ ਸਮੇਂ ਕੋਈ ਤਕਨੀਕੀ ਅਧਿਕਾਰੀ ਮੌਕੇ 'ਤੇ ਮੌਜੂਦ ਨਾ ਹੋਣ ਕਾਰਨ ਪੁੱਟੇ ਗਏ ਟੋਇਆਂ ਨੂੰ ਸਰਕਾਰੀ ਸਪੈਸੀਫਿਕੇਸ਼ਨਾਂ ਅਨੁਸਾਰ ਨਹੀਂ ਭਰਿਆ ਗਿਆ ਅਤੇ ਉਪਰੋਂ ਸੜਕ ਬਣਾ ਦਿੱਤੀ ਗਈ।
ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ ਜਦੋਂ ਖੰਡ ਨਾਲ ਭਰਿਆ ਟਰੱਕ ਸਾਈਡ ਤੋਂ ਅਚਾਨਕ ਨਵੀਂ ਬਣੀ ਸੜਕ ਵਿਚ ਧੱਸ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਟਰੱਕ ਪਲਟਿਆ ਨਹੀਂ । ਸਾਈਡਾਂ 'ਤੇ ਸਪੋਰਟਾਂ ਲਾ ਕੇ ਟਰੱਕ ਨੂੰ ਖੜ੍ਹਾ ਕਰ ਕੇ ਖਾਲੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼ਹਿਰ 'ਚ ਨਵੀਆਂ ਬਣੀਆਂ ਸਾਰੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ। ਥਾਂ-ਥਾਂ ਪੈਚ ਵਰਕ ਹੋਇਆ ਆਮ ਦਿਖਾਈ ਦੇ ਰਿਹਾ ਹੈ। ਪਿਛਲੇ ਸਮੇਂ ਵਿਚ ਕੌਂਸਲਰਾਂ ਵੱਲੋਂ ਸ਼ਹਿਰ 'ਚ ਹੋਏ ਵਿਕਾਸ ਕਾਰਜਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਠੰਡੇ ਬਸਤੇ ਵਿਚ ਪੈ ਗਈ ਹੈ। ਅਜਿਹੇ ਵਿਚ ਸ਼ਹਿਰ ਨਿਵਾਸੀ ਜਾਣ ਤਾਂ ਕਿਥੇ ਜਾਣ।
