ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਵੱਡਾ ਧਮਾਕਾ, ਜ਼ਿਲ੍ਹੇ ’ਚ 69 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

09/07/2020 1:07:21 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖ਼ੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਅੱਜ ਫਿਰ ਕੋਰੋਨਾ ਨੇ ਵੱਡਾ ਧਮਾਕਾ ਕਰ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਫਿਰ ਜ਼ਿਲੇ ਅੰਦਰ ਇਕੱਠੇ 69 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ, ਜਦੋਂÎਕਿ ਕੋਰੋਨਾ ਕਰਕੇ ਜ਼ਿਲੇ ਅੰਦਰ ਤਿੰਨ ਮੌਤਾਂ ਵੀ ਹੋਈਆਂ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲੇ ਅੰਦਰ ਆਏ ਪਾਜ਼ੇਟਿਵ ਮਾਮਲਿਆਂ ਵਿਚੋਂ 37 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 6 ਕੇਸ ਮਲੋਟ, 2 ਕੇਸ ਗਿੱਦੜਬਾਹਾ, 13 ਕੇਸ ਜ਼ਿਲਾ ਜੇਲ ਪਿੰਡ ਬੂੜਾ ਗੁੱਜਰ, 1 ਕੇਸ ਪਿੰਡ ਮਧੀਰ, 1 ਕੇਸ ਲੰਬੀ, 1 ਕੇਸ ਪਿੰਡ ਭੁਲੇਰੀਆਂ, 1 ਕੇਸ ਪਿੰਡ ਕਬਰਵਾਲਾ, 1 ਕੇਸ ਪਿੰਡ ਉਦੇਕਰਨ, 1 ਕੇਸ ਪਿੰਡ ਲੁਬਾਣਿਆਂਵਾਲੀ, 1 ਕੇਸ ਪਿੰਡ ਫੱਤਣਵਾਲਾ, 2 ਕੇਸ ਪਿੰਡ ਕਾਉਣੀ, 1 ਕੇਸ ਪਿੰਡ ਦੋਦਾ ਅਤੇ 1 ਕੇਸ ਪਿੰਡ ਮਰਾੜਕਲਾਂ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 32 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵੀ ਭੇਜਿਆ ਗਿਆ ਹੈ। ਰਿਪੋਰਟ ਅਨੁਸਾਰ ਅੱਜ 338 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1428 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 262 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1256 ਹੋ ਗਈ ਹੈ, ਜਿਸ ਵਿਚੋਂ 809 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂÎਕਿ ਹੁਣ 433 ਕੇਸ ਐਕਟਿਵ ਚੱਲ ਰਹੇ ਹਨ।

ਕੋਰੋਨਾ ਨਾਲ ਜ਼ਿਲੇ ’ਚ ਤਿੰਨ ਹੋਰ ਮੌਤਾਂ ਦੀ ਪੁਸ਼ਟੀ

ਕੋਰੋਨਾ ਮਹਾਮਾਰੀ ਕਾਰਣ ਅੱਜ ਜ਼ਿਲੇ ਅੰਦਰ ਤਿੰਨ ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ। ਪਹਿਲਾ ਮ੍ਰਿਤਕ 40 ਸਾਲਾ ਪੁਲਸ ਮੁਲਾਜ਼ਮ ਹੈ, ਜੋ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਹੈ, ਜਿਸਨੂੰ ਇਲਾਜ ਲਈ ਬਠਿੰਡਾ ਰੈਫਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਦੂਜਾ ਮ੍ਰਿਤਕ ਜ਼ਿਲੇ ਦੇ ਪਿੰਡ ਮਰਾੜ ਕਲਾਂ ਨਾਲ ਸਬੰਧਿਤ ਹੈ, ਜਿਸਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ, ਜੋ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ ਅਤੇ ਡੀ.ਐੱਮ.ਸੀ. ਲੁਧਿਆਣਾ ਵਿਖੇ ਦਾਖਲ ਸੀ, ਜਿਸਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ। ਤੀਜਾ ਮ੍ਰਿਤਕ ਮਲੋਟ ਤੋਂ 68 ਸਾਲਾ ਵਿਅਕਤੀ ਹੈ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਸੀ, ਜਿਸਦੀ ਮੌਤ ਸ਼ਨੀਵਾਰ ਦੇਰ ਸ਼ਾਮ ਨੂੰ ਹੋਈ ਸੀ।


Bharat Thapa

Content Editor

Related News