600 ਏਕੜ ਰਕਬੇ ''ਚ ਭਰਿਆ ਮੀਂਹ ਦਾ ਪਾਣੀ, ਬੀਜਿਆ ਨਰਮਾ ਹੋਇਆ ਖਰਾਬ

07/18/2019 2:26:32 PM

ਸ੍ਰੀ ਮੁਕਤਸਰ ਸਾਹਿਬ (ਦਰਦੀ) - ਪਿੰਡ ਉਦੇਕਰਨ ਦੀ ਵਾਹੀ ਯੋਗ 600 ਏਕੜ ਜ਼ਮੀਨ 'ਚ ਬਰਸਾਤ ਦਾ ਪਾਣੀ ਇਕੱਠਾ ਹੋ ਜਾਣ ਕਰਕੇ 150 ਏਕੜ ਨਰਮਾ ਜੋ ਬੀਜਿਆ ਹੋਇਆ ਸੀ, ਖਰਾਬ ਹੋ ਗਿਆ ਅਤੇ 500 ਏਕੜ ਰਕਬੇ ਦੀ ਖੜ੍ਹੀ ਝੋਨੇ ਦੀ ਫਸਲ ਪਾਣੀ 'ਚ ਡੁੱਬਣ ਕਾਰਣ ਨਸ਼ਟ ਹੋਣ ਕੰਢੇ ਹੈ। ਇਸ ਮੰਗ ਨੂੰ ਮੁੱਖ ਰੱਖਦੇ ਹੋਏ ਕਿ ਖੜ੍ਹੀ ਫ਼ਸਲ 'ਚੋਂ ਪਾਣੀ ਦੀ ਨਿਕਾਸੀ ਕਰਵਾਈ ਜਾਵੇ, ਪਿੰਡ ਉਦੇਕਰਨ ਦੇ ਕਿਸਾਨਾਂ ਅਤੇ ਲਾਗਲੇ ਕਿਸਾਨਾਂ ਨੇ ਅੱਜ ਸਵੇਰੇ ਮੁਕਤਸਰ ਕੋਟਕਪੂਰਾ ਮੁੱਖ ਸੜਕ 'ਤੇ ਧਰਨਾ ਲਾ ਕੇ ਟਰੈਫਿਕ ਜਾਮ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਾਮ ਲੱਗਣ ਕਾਰਣ ਟਰੈਫਿਕ ਅਤੇ ਬੱਸਾਂ ਨੂੰ ਹੋਰ ਪਿੰਡਾਂ ਦੇ ਰਸਤਿਆਂ ਤੋਂ ਘੁੰਮ ਕੇ ਮੁੱਖ ਸੜਕ 'ਤੇ ਜਾਣਾ ਪਿਆ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਅਤੇ ਧਰਨਾ ਚੁੱਕਣ ਲਈ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਸੁਖਜੀਤ ਸਿੰਘ ਬਰਾੜ ਅਤੇ ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਪੁੱਜੇ ਅਤੇ ਉਨ੍ਹਾਂ ਨੇ ਡੀ. ਸੀ. ਨਾਲ ਗੱਲਬਾਤ ਕਰ ਕੇ ਸ਼ਾਮ ਤੱਕ ਖੇਤਾਂ ਦਾ ਖੜ੍ਹਾ ਪਾਣੀ ਨਿਕਾਸ ਕਰਵਾਉਣ ਲਈ ਪੰਪ ਲਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਅਤੇ ਸਥਾਨਕ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਅਤੇ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਵੀ ਕਿਸਾਨਾਂ ਨੂੰ ਪਾਣੀ ਦੇ ਨਿਕਾਸ ਦਾ ਕੰਮ ਅੱਜ ਹੀ ਸ਼ੁਰੂ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਨਰਿੰਦਰ ਸਿੰਘ ਜ਼ਿਲਾ ਪ੍ਰਧਾਨ ਜ਼ਿਲਾ ਜਾਟ ਸਭਾ ਅਤੇ ਹੋਰ ਮੁਖੀ ਵਿਅਕਤੀ ਦੇ ਦਖਲ ਕਾਰਨ ਧਰਨਾ ਚੁੱਕ ਲਿਆ ਗਿਆ ਅਤੇ ਟਰੈਫਿਕ ਆਮ ਵਾਂਗ ਬਹਾਲ ਹੋ ਗਈ।

'ਮਾੜੀ ਡਰੇਨ' 'ਚ ਪਿਆ ਪਾੜ, 250 ਏਕੜ ਫ਼ਸਲ ਪਾਣੀ 'ਚ ਡੁੱਬੀ
ਭਾਰੀ ਬਾਰਿਸ਼ ਕਾਰਣ ਸਬ ਡਵੀਜ਼ਨ ਜੈਤੋ ਦੇ ਪਿੰਡ ਰਣ ਸਿੰਘ ਵਾਲਾ ਅਤੇ ਬਹਿਬਲ ਖੁਰਦ ਨੇੜੇ 'ਮਾੜੀ ਡਰੇਨ' 'ਚ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਦੀ 250 ਏਕੜ ਫ਼ਸਲ ਪਾਣੀ 'ਚ ਡੁੱਬ ਗਈ। ਜਾਣਕਾਰੀ ਅਨੁਸਾਰ ਪਿੰਡ ਰਣ ਸਿੰਘ ਵਾਲਾ ਅਤੇ ਬਹਿਬਲ ਖੁਰਦ ਦੀ ਹੱਦ 'ਤੇ ਭਾਰੀ ਮੀਂਹ ਅਤੇ ਮਾੜੀ ਡਰੇਨ ਦੀ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਪਾੜ ਪਿਆ ਹੈ। ਰਣ ਸਿੰਘ ਦੇ ਸਰਪੰਚ ਨਿਰਭੈ ਸਿੰਘ ਨੇ ਦੱਸਿਆ ਕਿ ਪਿੰਡ ਨਿਆਮੀਵਾਲਾ ਦੇ ਕੋਠੇ ਮਾਹਲਾ ਸਿੰਘ ਵਾਲੇ ਅਤੇ ਡਰੇਨ ਨੇੜਲੇ ਘਰ ਵੀ ਮੀਂਹ ਦੇ ਪਾਣੀ ਕਾਰਨ ਪ੍ਰਭਾਵਿਤ ਹੋਏ ਹਨ। ਮਹਿਕਮੇ ਵਲੋਂ ਡਰੇਨ ਦੀ ਸਫ਼ਾਈ ਸਮੇਂ ਸਿਰ ਤੇ ਚੰਗੀ ਤਰ੍ਹਾਂ ਨਾ ਕਰਵਾਉਣ ਕਾਰਨ ਘਾਹ ਫ਼ੂਸ ਦੇ ਵੱਡੇ-ਵੱਡੇ ਬੰਨ੍ਹ ਬਣ ਗਏ ਹਨ। ਇਸ ਦੌਰਾਨ ਕਿਸਾਨਾਂ ਨੇ ਸਬੰਧਤ ਅਧਿਕਾਰੀਆਂ 'ਤੇ ਦੋਸ਼ ਲਾਉਂਦੇ ਕਿਹਾ ਕਿ ਡਰੇਨ ਦੇ ਪਾੜ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਆਪਣੇ ਤੌਰ 'ਤੇ ਪ੍ਰਬੰਧ ਕਰਨਾ ਪਿਆ ਅਤੇ ਮਹਿਕਮੇ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਇਸ ਮੌਕੇ ਜਗਤਾਰ ਸਿੰਘ ਨਿਆਮੀਵਾਲਾ, ਸੇਵਾ ਸਿੰਘ, ਗੁਰਜੀਤ ਸਿੰਘ, ਪੰਚ ਗੁਰਤੇਜ ਸਿੰਘ, ਪੰਚ ਜਤਿੰਦਰ ਸਿੰਘ ਆਦਿ ਕਿਸਾਨਾਂ ਨੇ ਮੌਕੇ 'ਤੇ ਪਹੁੰਚ ਕੇ ਡਰੇਨ ਦੇ ਪਾੜ ਨੂੰ ਬੰਨ੍ਹ ਮਾਰ ਕੇ ਮੀਂਹ ਦੇ ਪਾਣੀ ਨੂੰ ਕਾਬੂ ਕਰ ਲਿਆ।

ਕੀ ਕਹਿੰਦੇ ਹਨ ਉਪ-ਮੰਡਲ ਅਫ਼ਸਰ
ਉਪ-ਮੰਡਲ ਅਫ਼ਸਰ ਫਰੀਦਕੋਟ ਬਿਪਨਦੀਪ ਸਿੰਘ ਨੇ ਕਿਹਾ ਕਿ 'ਮਾੜੀ ਡਰੇਨ' ਦੀ ਸਫ਼ਾਈ ਜੇ. ਸੀ. ਬੀ. ਨਾਲ ਕਰਵਾਈ ਗਈ ਸੀ। ਮੀਂਹਾਂ ਕਾਰਨ ਡਰੇਨ ਦੇ ਨੇੜੇ ਦੀ ਮਿੱਟੀ ਪੋਲੀ ਹੋਣ ਕਾਰਨ ਉਸ ਦੀ ਸਫ਼ਾਈ ਕਰਵਾਉਣ 'ਚ ਥੋੜ੍ਹੀ-ਬਹੁਤੀ ਮੁਸ਼ਕਲ ਆਈ ਸੀ। ਭਾਰੀ ਮੀਂਹ ਕਾਰਨ ਇਕੋ ਰਾਤ 'ਚ ਚਾਰ ਜਗ੍ਹਾ 'ਤੇ ਪਾੜ ਪੈ ਗਿਆ ਹੈ, ਜਿਸ ਲਈ ਚਾਰ ਜੇ. ਸੀ. ਬੀ. ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਜਲਦ ਹੀ ਇਨ੍ਹਾਂ ਪਾੜਾਂ ਨੂੰ ਪੂਰਾ ਕਰ ਦਿੱਤਾ ਗਿਆ।


rajwinder kaur

Content Editor

Related News