ਹੋਲੇ-ਮਹੱਲੇ ਮੌਕੇ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ

Monday, Mar 06, 2023 - 01:05 PM (IST)

ਹੋਲੇ-ਮਹੱਲੇ ਮੌਕੇ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਅਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਤਨੀ ਗੁਰਪ੍ਰੀਤ ਕੌਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਹੋਲੇ-ਮੁਹੱਲੇ ਮੌਕੇ ਉਨ੍ਹਾਂ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰੀ ਲਵਾਈ ਗਈ ਅਤੇ ਪੰਜਾਬ ਦੀ ਚੜ੍ਹਦੀਕਲਾ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ।
PunjabKesari

ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਜੋ ਆਮ ਤੌਰ 'ਤੇ ਪੰਜਾਬੀਆਂ ਅਤੇ ਖ਼ਾਸ ਤੌਰ 'ਤੇ ਸਿੱਖ ਕੌਮ ਦੀ ਜੁਝਾਰੂ ਭਾਵਨਾ ਦਾ ਪ੍ਰਤੀਕ ਹੈ, ਦੇ ਸ਼ੁਰੂਆਤੀ ਸਮਾਗਮ ਵਿੱਚ ਸ਼ਾਮਲ ਹੋਣ ਉਤੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੀ ਸਥਾਪਨਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਲ 1665 ਵਿੱਚ ਕੀਤੀ ਸੀ, ਜਿਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। 

PunjabKesari
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖ਼ਾਲਸੇ ਦੀ ਜਨਮ ਭੂਮੀ ਵੀ ਹੈ ਕਿਉਂਕਿ ਸਾਲ 1699 ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ 'ਤੇ ਇਸ ਪਵਿੱਤਰ ਧਰਤੀ ਉੱਤੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ।

ਇਹ ਵੀ ਪੜ੍ਹੋ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

PunjabKesari

ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਇਸ ਤਿਉਹਾਰ ਮੌਕੇ ਵੱਖ-ਵੱਖ ਵਰਗਾਂ ਦੇ ਲੋਕ ਭਾਰੀ ਗਿਣਤੀ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹੋਲੇ-ਮਹੱਲੇ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ਵ ਪੱਧਰੀ ਅਤੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਰਵਾਇਤੀ ਤਿਉਹਾਰ ਨੂੰ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਦੇ ਰੰਗਾਂ ਨਾਲ ਮਨਾਉਂਦੇ ਹਨ।

PunjabKesari
ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਟ੍ਰੈਫਿਕ ਵਿਵਸਥਾ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਰਹਿਣ-ਸਹਿਣ ਅਤੇ ਹੋਰ ਸਹੂਲਤਾਂ ਲਈ ਵਿਸਥਾਰਤ ਪ੍ਰਬੰਧਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਭਗਵੰਤ ਮਾਨ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਅਤੇ ਸਹਿਣਸ਼ੀਲਤਾ ਦੀਆਂ ਭਾਵਨਾਵਾਂ ਨੂੰ ਦਰਸਾਉਣ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਸ ਮਹਾਨ ਸਮਾਗਮ ਨੂੰ ਸਮੂਹਿਕ ਤੌਰ 'ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਦੋ ਦਿਨ ਰਹਿਣਗੀਆਂ ਛੁੱਟੀਆਂ, ਜਾਣੋ ਕਿਉਂ

PunjabKesari

 

ਇਥੇ ਦੱਸਣਯੋਗ ਹੈ ਕਿ ਕਰੀਬ 21 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਹੋਲੇ-ਮਹੱਲੇ ਦੀਆਂ ਤਿਆਰੀਆਂ ਨੂੰ ਲੈ ਕੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਸੀ। ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਸਾਰੇ ਕੰਮਕਾਜ ਸਮੇਂ 'ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ ਸਨ। ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇਗੀ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਥੇ ਦੱਸ ਦੇਈਏ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਲਾਨਾ ਕੌਮੀ ਤਿਉਹਾਰ ਹੋਲਾ-ਮਹੱਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ 8 ਮਾਰਚ ਤੱਕ ਚੱਲੇਗਾ। ਇਸ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3 ਤੋਂ 5 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ’ਤੇ ਮਨਾਏ ਜਾ ਰਹੇ ਤਿੰਨ ਦਿਨਾਂ ਇਸ ਕੌਮੀ ਜੋੜ ਮੇਲੇ ਲਈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇੰਤਜ਼ਾਮ ਪੂਰੇ ਕਰ ਲਏ ਗਏ ਹਨ, ਉਥੇ ਹੀ ਇਸ ਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਇਸ ਕੌਮੀ ਤਿਉਹਾਰ ਨੂੰ ਮਨਾਉਣ ਲਈ ਪੂਰੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

shivani attri

Content Editor

Related News