196 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ

11/18/2019 10:37:49 PM

ਡੇਰਾ ਬਾਬਾ ਨਾਨਕ,(ਵਤਨ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ), ਜਿਸ ਦੀ ਮਿੱਟੀ ਨੂੰ ਛੂਹਣ ਲਈ ਲੱਖਾਂ ਕਰੋੜਾਂ ਸੰਗਤਾਂ ਵੱਲੋਂ 72 ਸਾਲ ਅਰਦਾਸਾਂ ਕੀਤੀਆਂ ਗਈਆਂ ਅਤੇ ਆਖਰਕਾਰ 9 ਨਵੰਬਰ 2019 ਨੂੰ ਉਹ ਸ਼ੁਭ ਦਿਹਾੜਾ ਬਣਿਆ ਜਦੋਂ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਲਈ ਇਹ ਲਾਂਘਾ ਖੁੱਲ੍ਹ ਗਿਆ। ਭਾਵੇਂ ਕਰਤਾਰਪੁਰ ਸਾਹਿਬ ਲਈ ਸ਼ਰਤਾਂ ਸਖ਼ਤ ਹੋਣ 'ਤੇ ਅਜੇ ਸਰਕਾਰਾਂ ਦੇ ਪ੍ਰਬੰਧ ਨਾਕਾਫੀ ਹੋਣ ਪਰ ਜਿਹੜੀ ਵੀ ਸੰਗਤ ਆਪਣੇ ਇਸ ਵਿਛੜੇ ਗੁਰਧਾਮ ਦੇ ਦਰਸ਼ਨ ਕਰ ਕੇ ਵਾਪਸ ਪਰਤਦੀ ਹੈ ਤਾਂ ਉਨ੍ਹਾਂ ਦੇ ਚਿਹਰਿਆਂ ਦੀ ਚਮਕ ਕੁਝ ਇੰਝ ਦਿਸਦੀ ਹੈ ਜਿਵੇਂ ਉਨ੍ਹਾਂ ਨੂੰ ਕੋਈ ਖਜ਼ਾਨਾ ਹੀ ਮਿਲ ਗਿਆ ਹੋਵੇ। ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਤੋਂ ਬਾਅਦ ਰੋਜ਼ਾਨਾਂ ਸੰਗਤਾਂ ਦਾ ਕਰਤਾਰਪੁਰ ਸਾਹਿਬ ਜਾਣ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਵੀ 196 ਸ਼ਰਧਾਲੂ ਲਾਂਘੇ ਰਾਹੀਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਗਏ, ਜਿਨ੍ਹਾਂ 'ਚ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੀ ਸੰਗਤ ਵੀ ਸ਼ਾਮਲ ਸੀ।

ਕਰਤਾਰਪੁਰ ਸਾਹਿਬ ਜਾ ਕੇ ਇੰਝ ਲੱਗਿਆ ਜਿਵੇਂ ਉਹ ਬਾਬਾ ਨਾਨਕ ਨੂੰ ਮਿਲ ਕੇ ਆਏ ਹੋਣ 

ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਸੋਲਨ ਦੇ ਪਿੰਡ ਭਾਟੀਆਂ ਦੇ ਸਵਰਨ ਸਿੰਘ ਨੇ ਭਾਵੁਕ ਸ਼ਬਦਾਂ 'ਚ ਕਿਹਾ ਕਿ ਗੁ. ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਇੰਝ ਲੱਗਿਆ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲ ਕੇ ਆਏ ਹੋਣ। ਉਨ੍ਹਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਦੀ ਧਰਤੀ 'ਤੇ ਵਿਸ਼ੇਸ਼ ਖਿੱਚ ਮਹਿਸੂਸ ਕੀਤੀ, ਜਿਥੇ ਬਾਬਾ ਨਾਨਕ ਜੀ ਨੇ ਖੇਤੀ ਕੀਤੀ ਅਤੇ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਉਪਦੇਸ਼ ਦਿੱਤਾ। ਸਵਰਨ ਸਿੰਘ ਦਾ ਕਹਿਣਾ ਸੀ ਕਿ ਉਸ ਦੀ ਕਈ ਦਹਾਕਿਆਂ ਤੋਂ ਇਹ ਇੱਛਾ ਸੀ ਕਿ ਉਹ ਗੁਰੂ ਨਾਨਕ ਦੀ ਇਸ ਦੀ ਧਰਤੀ ਨੂੰ ਸਜਦਾ ਕਰ ਸਕੇ ਅਤੇ ਅੱਜ ਗੁਰੂ ਵੱਲੋਂ ਕੀਤੀ ਮਿਹਰ ਨਾਲ ਉਹ ਪਤਨੀ ਸਮੇਤ ਗੁ. ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਇਆ ਹੈ।

ਪਾਕਿਸਤਾਨ ਸਰਕਾਰ ਦੇ ਪ੍ਰਬੰਧ ਲਾਮਿਸਾਲ
ਸਵਰਨ ਸਿੰਘ ਦਾ ਕਹਿਣਾ ਸੀ ਕਿ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਵਾਲੇ ਪਾਸਿਉਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੇ ਸਵਾਗਤ ਦੇ ਪ੍ਰਬੰਧ ਲਾਮਿਸਾਲ ਹਨ ਅਤੇ ਸੰਗਤਾਂ ਦਾ ਦਿਲੋਂ ਭਰਪੂਰ ਸਵਾਗਤ ਕੀਤਾ ਜਾਂਦਾ ਹੈ ਅਤੇ ਗੁਰਦੁਆਰਾ ਸਾਹਿਬ ਵਾਲੇ ਅਸਥਾਨ 'ਤੇ ਲੰਗਰ ਅਤੇ ਸਫਾਈ ਦੇ ਪ੍ਰਬੰਧ ਬਹੁਤ ਵਧੀਆਂ ਹਨ।

ਪਾਸਪੋਰਟ ਤੇ 12 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਸ਼ਰਤ ਨੂੰ ਖਤਮ ਕਰਨ ਦੀ ਮੰਗ

ਅੱਜ ਵੀ 'ਜਗ ਬਾਣੀ' ਵੱਲੋਂ ਜਦੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦਾ ਦੌਰਾ ਕੀਤਾ ਗਿਆ ਤਾਂ ਉਥੇ ਸ਼ਰਧਾਲੂਆਂ ਦੀ ਕਾਫੀ ਚਹਿਲ-ਪਹਿਲ ਸੀ ਅਤੇ ਦੂਰ-ਦੁਰਾਡੇ ਤੋਂ ਲੋਕ ਕਰਤਾਰਪੁਰ ਦਰਸ਼ਨ ਸਥੱਲ 'ਤੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ ਅਤੇ ਸੰਗਤਾਂ ਵਾਰ-ਵਾਰ ਇਹੀ ਮੰਗ ਕਰ ਰਹੀਆਂ ਹਨ ਕਿ ਪਾਸਪੋਰਟ ਦੀ ਸ਼ਰਤ ਅਤੇ 12 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਨ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ।


Related News