ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਦੀ ਚਾਹਵਾਨ ਸੰਗਤ ਲਈ ਅਹਿਮ ਖ਼ਬਰ
Wednesday, Feb 10, 2021 - 06:38 PM (IST)
ਅੰਮ੍ਰਿਤਸਰ (ਬਿਊਰੋ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਧਰਮ ਦੇ ਲੋਕ ਹੀ ਨਹੀਂ ਸਗੋਂ ਹਰ ਧਰਮ ਦੇ ਲੋਕ ਵੱਡੀ ਗਿਣਤੀ ’ਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਹਨ। ਗੁਰੂਦੁਆਰਾ ਸਾਹਿਬ ਵਿਖੇ ਹਰ ਸਮੇਂ ਗੁਰਬਾਣੀ ਕੀਰਤਨ ਨਾਲ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਹੈ। ਲੋਕ ਇਥੇ ਆ ਕੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੇ ਹਨ ਅਤੇ ਅਰਦਾਸ ਕਰਕੇ ਆਪਣੀਆਂ ਮੁਰਾਦਾਂ ਪੂਰੀਆਂ ਕਰਦੇ ਹਨ। ਸਿੱਖ ਸੰਗਤ ਅਤੇ ਦੁਨੀਆਂ ਭਰ ਦੀ ਸਮੂਹ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਦੀ ਬੁਕਿੰਗ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਹੈ।
ਦੱਸ ਦੇਈਏ ਕਿ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਹੁਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਨਲਾਈਨ ਅਖੰਡ ਪਾਠ ਬੁੱਕ ਕਰਵਾ ਸਕਦੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਬੁੱਕ ਕਰਾਉਣ ਲਈ SGPC ਨੇ 'ਅਖੰਡ ਪਾਠ' ਨਾਂ ਤੋਂ ਆਨਲਾਈਨ ਵੈੱਬਸਾਈਟ ਸ਼ੁਰੂ ਕੀਤੀ ਹੈ। ਬੀਬੀ ਜਗੀਰ ਕੌਰ ਦੁਆਰਾ ਇੱਕ ਨਵੀਂ ਵੈਬਸਾਈਟ ਲਾਂਚ ਕੀਤੀ ਗਈ ਹੈ, ਜਿਸ ਨੇ ‘ਅਖੰਡ ਪਾਠ’ ਦੀ ਆਨ ਲਾਈਨ ਬੁਕਿੰਗ ਲਈ ਇੱਕ ਵਿਸ਼ੇਸ਼ ਪ੍ਰਬੰਧ ਰੱਖਣ ‘ਤੇ ਜ਼ੋਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹੁਣ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾ ਸਕਦੀ ਹੈ। ਸੰਗਤ ਵੈੱਬਸਾਈਟ www.sgpcamritsar.org ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਬੁੱਕ ਕਰਵਾ ਸਕਦੀ ਹੈ। ਇਸ ਤੋਂ ਇਲਾਵਾ ਰਾਗੀ ਜਥਿਆਂ ਦੀਆਂ ਸੇਵਾਵਾਂ ਵੀ ਆਨਲਾਈਨ ਬੁੱਕ ਕਰਵਾਈਆਂ ਜਾਣਗੀਆਂ। ਇਹ ਸਾਰੀ ਸਹੂਲਤਾਂ SGPC ਦੀ ਨਵੀਂ ਵੈੱਬਸਾਈਟ www.sgpcamritsar.org 'ਤੇ ਸੰਗਤਾਂ ਲੈ ਸਕਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’
ਉਨ੍ਹਾਂ ਕਿਹਾ ਕਿ ਇਸ ਵੇਲੇ ਵੀ ਜੇਕਰ ਕੋਈ ਸ਼ਰਧਾਲੂ ਅਖੰਡ ਪਾਠ ਸਾਹਿਬ ਦੀ ਬੁਕਿੰਗ ਕਰਵਾਉਂਦਾ ਹੈ ਤਾਂ ਉਸ ਸਬੰਧੀ ਸਾਰੀ ਜਾਣਕਾਰੀ ਵੈੱਬਸਾਈਟ 'ਤੇ ਜਿਵੇਂ ਉਸ ਦਾ ਨਾਂ ਪਤਾ, ਫ਼ੋਨ ਨੰਬਰ ਦਰਜ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕਮੇਟੀ ਦਾ ਇੱਕ ਨੁਮਾਇੰਦਾ ਉਸ ਨਾਲ ਸੰਪਰਕ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤ 2 ਹਫ਼ਤਿਆਂ ਵਿਚਕਾਰ ਪੂਰਨ ਰੂਪ 'ਤੇ ਸ਼ੁਰੂ ਹੋ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ
ਨੋਟ - ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਦੀ ਚਾਹਵਾਨ ਸੰਗਤ ਲਈ ਅਹਿਮ ਖ਼ਬਰ, ਪਾਠ ਦੀ ਆਨ ਲਾਈਨ ਬੁਕਿੰਗ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ