ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਖਬੀਰ ਤੇ ਹਰਸਿਮਰਤ ਦਾ ਸਤਿਕਾਰ ਕਮੇਟੀ ਵਲੋਂ ਵਿਰੋਧ
Sunday, Oct 11, 2020 - 06:43 PM (IST)
ਅੰਮ੍ਰਿਤਸਰ (ਅਨਜਾਣ) : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾ ਲਈ ਆਉਣ 'ਤੇ ਸਤਿਕਾਰ ਕਮੇਟੀ ਦੇ ਸੁਖਜੀਤ ਸਿੰਘ ਖੋਸਾ ਤੇ ਮੈਂਬਰਾਂ ਨੇ ਹੱਥਾਂ 'ਚ ਤਖ਼ਤੀਆਂ ਫੜ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਦੇ ਬਾਹਰ ਸੜਕ 'ਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਸੱਰਿਖਆ ਗਾਰਡ ਅਤੇ ਟਾਸਕ ਫੋਰਸ ਉਨ੍ਹਾਂ ਨੂੰ ਦੂਸਰੇ ਪਾਸਿਓਂ ਗੱਡੀਆਂ 'ਚ ਬਿਠਾ ਕੇ ਲੈ ਗਏ ਤੇ ਨਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਉਨ੍ਹਾਂ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਸੱਚ ਦਾ ਸਾਹਮਣਾ ਕਰਨ ਤੋਂ ਭੱਜ ਗਏ ਹਨ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਤੇ ਸੱਚ ਕਦੇ ਮਰਦਾ ਨਹੀਂ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ 17 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੂੰ ਲੈ ਕੇ ਬਦਲੇ ਕੈਪਟਨ ਦੇ ਤੇਵਰ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਕੋਲ ਜਾਣ ਦੀ ਕੋਈ ਤੁੱਕ ਨਹੀਂ। ਬੱਸ ਸ਼੍ਰੋਮਣੀ ਕਮੇਟੀ ਸਾਨੂੰ ਇਹ ਦੱਸ ਦੇਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕਿੱਥੇ ਹਨ, ਕਿਸ ਨੂੰ ਦਿੱਤੇ ਤੇ ਕਿਸ ਦੇ ਕਹਿਣ 'ਤੇ ਦਿੱਤੇ ਹਨ। ਇਸ ਤੋਂ ਇਲਾਵਾ ਦੋਸ਼ੀ ਮੁਲਾਜ਼ਮਾਂ, ਪ੍ਰਬੰਧਕਾਂ ਤੇ ਅਧਿਕਾਰੀਆਂ ਨੂੰ ਸਜ਼ਾਵਾਂ ਦੇ ਦੇਵੇ ਤਾਂ ਅਸੀਂ ਧਰਨਾ ਚੁੱਕ ਲਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨੂੰ ਧਰਨਾ ਨਹੀਂ ਮੋਰਚਾ ਕਹੋ ਕਿਉਂਕਿ ਗੁਰੂ ਘਰ 'ਚ ਧਰਨਾ ਨਹੀਂ ਲੱਗ ਸਕਦਾ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ-ਹਰਸਿਮਰਤ, ਕੈਪਟਨ ਲਈ ਆਖ ਗਏ ਵੱਡੀ ਗੱਲ
ਧਰਨੇ 'ਤੇ ਬੈਠੇ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਰ ਅਧਿਕਾਰੀ ਤੇ ਕਰਮਚਾਰੀ ਇਹ ਗਿਆਨ ਜ਼ਰੂਰ ਰੱਖਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਾਂਭ ਸੰਭਾਲ ਲਈ ਕਿਸੇ ਵੀ ਕਿਸਮ ਦੀ ਊਣਤਾਈ ਜਾਂ ਅਣਗਹਿਲੀ ਲਈ ਧਰਮ ਜਾਂ ਕਾਨੂੰਨ ਇਜ਼ਾਜਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਨਾਲ ਸਮੇਂ-ਸਮੇਂ ਡੀਲ ਕਰਨ ਵਾਲੇ ਚਾਹੇ ਉਹ ਉੱਚ ਅਧਿਕਾਰੀ ਹੋਣ ਜਾਂ ਫਿਰ ਕੋਈ ਕਰਮਚਾਰੀ ਹੋਵੇ ਸਟਾਕ ਘੱਟ ਹੋਣ ਦੀ ਲੰਮੇ ਸਮੇਂ ਤੋਂ ਅਣਗਹਿਲੀ ਲਈ ਉਹ ਬਰਾਬਰ ਦੇ ਸ਼ਰੀਕ ਹਨ। ਇਸ ਲਈ ਸਜ਼ਾ ਸਭ ਲਈ ਬਰਾਬਰ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਮਹਿਲਾ ਸਬ-ਇੰਸਪੈਕਟਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਤਨੀ ਨੇ ਵੀ ਕੀਤੀ ਆਤਮਹੱਤਿਆ