ਨਵੇਂ ਸਾਲ ''ਤੇ 2 ਲੱਖ ਤੋਂ ਜ਼ਿਆਦਾ ਸ਼ਰਧਾਲੂ ਹੋਣਗੇ ਸ੍ਰੀ ਹਰਿਮੰਦਰ ਸਾਹਿਬ ''ਚ ਨਤਮਸਤਕ

Tuesday, Dec 31, 2019 - 01:24 AM (IST)

ਅੰਮ੍ਰਿਤਸਰ : ਨਵੇਂ ਸਾਲ ਨੂੰ ਆਪਣੇ ਢੰਗ ਨਾਲ ਮਨਾਉਣ ਲਈ ਜਿੱਥੇ ਹਰ ਵਰਗ ਤਿਆਰੀਆਂ 'ਚ ਲੱਗਾ ਹੈ, ਉਥੇ ਹੀ ਸਿੱਖ ਸ਼ਰਧਾਲੂ ਨਵਾਂ ਸਾਲ ਸ੍ਰੀ ਹਰਿਮੰਦਰ ਸਾਹਿਬ 'ਚ ਮਨਾਉਣ ਲਈ ਦੇਸ਼-ਵਿਦੇਸ਼ ਤੋਂ ਇੱਥੇ ਆ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਵਾਰ 2 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਨਤਮਸਤਕ ਹੋਣ ਦੀ ਆਸ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਸ਼ਰਧਾਲੂਆਂ ਦੇ ਰਹਿਣ ਲਈ ਸਰਾਵਾਂ ਦੇ ਇੰਤਜ਼ਾਮ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਸਾਲ ਸਬੰਧੀ ਸਰਾਵਾਂ 'ਚ ਕਮਰਿਆਂ ਦੇ ਇਲਾਵਾ ਬਣੇ ਵੱਡੇ ਹਾਲਾਂ 'ਚ ਗੱਦੇ ਅਤੇ ਕੰਬਲ ਰੱਖੇ ਗਏ ਹਨ ਤਾਂਕਿ ਸੰਗਤ ਦਾ ਠੰਡ ਤੋਂ ਬਚਾਅ ਹੋ ਸਕੇ। ਇਸ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਲਈ ਲੰਗਰ ਅਤੇ ਚਾਹ ਦੀ 24 ਘੰਟੇ ਸਹੂਲਤ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਛੁੱਟੀਆਂ ਦੇ ਚਲਦੇ ਭਾਵੇਂ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 80 ਤੋਂ ਲੈ ਕੇ ਇਕ ਲੱਖ ਤੱਕ ਹੈ ਪਰ 31 ਦਸੰਬਰ ਨੂੰ ਇਹ ਵਧ ਕੇ 2 ਲੱਖ ਤੱਕ ਪਹੁੰਚ ਜਾਂਦੀ ਹੈ।

31 ਦਸੰਬਰ ਦੀ ਸ਼ਾਮ ਨੂੰ ਲੋਕ ਪਰਿਕਰਮਾ 'ਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਸੁਣਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਲਈ ਵਿਸ਼ੇਸ਼ ਰੂਪ 'ਚ ਗਰਮ ਟਾਟ ਵਿਛਾਏ ਗਏ ਹਨ ਤਾਂਕਿ ਕੜਾਕੇ ਦੀ ਠੰਡ ਉਨ੍ਹਾਂ ਦੀ ਸ਼ਰਧਾ 'ਤੇ ਭਾਰੀ ਨਾ ਪਵੇ। ਉੱਧਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਸਾਰੇ ਹੋਟਲ ਵੀ ਬੁੱਕ ਹਨ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸ਼ਰਧਾਲੂ ਅੱਜ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਹਨ।


Related News