ਸਤਿਗੁਰ ਨਾਨਕ ਪ੍ਰਗਟਿਆ...

05/02/2019 1:25:23 PM

ਜਲੰਧਰ - ਸ੍ਰੀ ਗੁਰੂ ਨਾਨਕ ਸਾਹਿਬ ਨੇ ਮਾਤਲੋਕ 'ਚ ਅਵਤਾਰ ਧਾਰਨ ਦੇ ਪ੍ਰਸੰਗ 'ਚ 'ਨਿਰਗੁਨ ਆਪਿ ਸਰਗੁਨੁ ਭੀ ਓਹੀ।। ਕਲਾ ਧਾਰਿ ਜਿਨਿ ਸਗਲੀ ਮੋਹੀ।।'' ਦੇ ਇਲਾਹੀ ਵਿਧੀ-ਵਿਧਾਨ ਅਨੁਸਾਰ, ਬੁਨਿਆਦੀ ਸਵਾਲ ਇਹ ਹੈ ਕਿ ਆਖਰਕਾਰ ਸੰਸਾਰ ਦੀ ਉਹ ਕਿਹੜੀ ਸੁਲੱਖਣੀ ਤੇ ਓਜਮਈ ਧਰਤੀ ਜਾਂ ਥਾਂ ਸੀ, ਜਿੱਥੇ ਪ੍ਰਮਾਤਮਾ ਦੀ ਨਿਰੰਕਾਰੀ ਜੋਤ (ਗੁਰੂ ਨਾਨਕ) ਨੇ ਅਵਤਾਰ ਧਾਰਿਆ? ਅਰਥਾਤ ਨਿਰਗੁਣ ਜਾਂ ਨਿਰੰਕਾਰ ਪ੍ਰਮਾਤਮਾ ਨੇ ਸਰਗੁਣ ਸਰੂਪ ਅੰਦਰ, ਸੰਸਾਰ-ਯਾਤਰਾ ਆਰੰਭ ਕੀਤੀ? ਗੁਰੂ ਨਾਨਕ ਦੀ ਇਲਾਹੀ ਜਾਂ ਨਿਰੰਕਾਰੀ ਜੋਤ ਦੀ ਸੰਸਾਰ ਅੰਦਰ ਆਮਦ ਦੇ ਪ੍ਰਥਾਇ ਇਕ ਹੋਰ ਮਹੱਤਵਪੂਰਨ ਸਵਾਲ ਇਹ ਹੈ ਕਿ ਉਹ ਕਿਹੜੀ ਸੁਭਾਗੀ ਤੇ ਤੇਜਸਵੀ ਕੁੱਖ ਸੀ, ਜਿਸ 'ਚੋਂ ਪ੍ਰਕਾਸ਼ਮਾਨ ਜਾਂ ਪ੍ਰਗਟ ਹੋ ਕੇ ਸਤਿਗੁਰ ਨਾਨਕ ਜੀ ਨੇ ਇਸ ਜਗ 'ਚ ਚੁਫੇਰੇ ਪਸਰੀ ਅਨੇਕ ਪ੍ਰਕਾਰ ਦੀ ਧੁੰਦ ਨੂੰ ਮਿਟਾਇਆ? ਉਹ ਕਿਹੜੇ ਤਪੱਸਵੀ, ਤੇਜ-ਪ੍ਰਤਾਪੀ ਤੇ ਖੁਸ਼ਨਸੀਬ ਮਾਪੇ ਤੇ ਘਰ-ਪਰਿਵਾਰ ਵਾਲੇ ਸਨ, ਜਿਨ੍ਹਾਂ ਨੂੰ ਅਕਾਲ ਰੂਪ ਬਾਲ ਗੁਰੂ ਨਾਨਕ ਨੂੰ ਆਪਣੀ ਗੋਦ ਤੇ ਆਪਣੇ ਵਿਹੜੇ 'ਚ ਖਿਡਾਉਣ ਤੇ ਪਾਲਣ-ਪੋਸ਼ਣ ਦਾ ਮਾਣ ਹਾਸਲ ਹੋਇਆ?

ਗੁਰੂ ਇਤਿਹਾਸ ਦੇ ਵੱਖ-ਵੱਖ ਪ੍ਰਮਾਣਿਕ ਸਰੋਤ ਦੱਸਦੇ ਹਨ ਕਿ ਮਾਤਲੋਕ ਉੱਪਰ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ ਸਮਾਂ, ਬਿਕਰਮੀ ਸੰਮਤ 1526 (1469 ਈਸਵੀ) ਦੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਸੀ। ਕੁਝ ਵਿਦਵਾਨਾਂ ਤੇ ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਆਮਦ ਦਾ ਸਮਾਂ ਬਿਕ੍ਰਮੀ ਸੰਮਤ 1526 ਦੀ ਕੱਤਕ ਦੀ ਪੂਰਨਿਮਾ ਨਹੀਂ ਸਗੋਂ ਵੈਸਾਖ ਸੁਦੀ 03 (15 ਅਪ੍ਰੈਲ, 1469 ਈਸਵੀ ਸੀ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਉਨ੍ਹਾਂ ਦਾ 550ਵਾਂ ਪ੍ਰਕਾਸ਼ ਉਤਸਵ ਮਨਾ ਰਹੀਆਂ ਹਨ ਤਾਂ ਸਾਡੀ ਕੌਮ ਦੇ ਤਥਾਕਥਿਤ ਧਾਰਮਿਕ ਅਤੇ ਰਾਜਨੀਤਕ ਰਾਹਨੁਮਾ ਅਜੇ ਤਕ ਕੱਤਕ ਤੇ ਵੈਸਾਖ ਦੇ ਵਿਵਾਦ ਨੂੰ ਹੱਲ ਨਹੀਂ ਕਰ ਸਕੇ। ਸਾਡੀ ਜਾਂਚੇ ਇਹ ਕੋਈ ਵੱਡਾ ਮਸਲਾ ਨਹੀਂ ਹੈ। ਇਹੋ ਜਿਹੇ ਵਿਵਾਦਾਂ ਦੇ ਹੱਲ ਨਾ ਹੋਣ ਕਾਰਨ ਦਰਅਸਲ ਇਹ ਹੈ ਕਿ ਸਾਡੇ ਧਰਮ ਤੇ ਧਾਰਮਿਕ ਮਾਮਲਿਆਂ ਉਪਰ ਰਾਜਨੀਤੀ ਤੇ ਹੂੜ, ਸਵਾਰਥੀ ਤੇ ਲੁਟੇਰਾ ਬਿਰਤੀ ਵਾਲੇ ਬੇਹੱਦ ਚਤੁਰ-ਚਲਾਕ ਅਡੰਬਰੀ ਰਾਜਨੀਤੀਵਾਨ ਭਾਰੂ ਹਨ।

ਧਰਮ ਦੇ ਖੇਤਰ 'ਚ ਜੇਕਰ ਸਹੀ ਸਮਝ, ਸੁਹਿਰਦਤਾ ਤੇ ਰੂਹਾਨੀ ਕਮਾਈ ਵਾਲੇ ਇਨਸਾਨ, ਰਾਹ-ਦਸੇਰਿਆਂ ਵਜੋਂ ਅਸਰ ਅੰਦਾਜ਼ ਹੋ ਜਾਣ ਤਾਂ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਕੋਈ ਦਿੱਕਤ ਨਹੀਂ ਆਵੇਗੀ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਹੁਣ ਇਸ ਪਵਿੱਤਰ ਮੌਕੇ (ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ) ਇਸ ਮਸਲੇ ਦਾ ਨਿਬੇੜਾ ਕਰ ਸਕੀਏ। ਸੁਹਿਰਦਤਾ ਵਾਲੀ ਨਜ਼ਰ ਨਾਲ ਤੱਕੀਏ ਤਾਂ ਕੱਤਕ ਦੀ ਪੂਰਨਮਾਸ਼ੀ ਉਪਰ ਸਾਰਿਆਂ ਦੀ ਸਹਿਮਤੀ ਹੋ ਜਾਣੀ ਚਾਹੀਦੀ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੌਮ ਦਾ ਵੱਡਾ ਹਿੱਸਾ ਇਸੇ ਤਰੀਕ ਨੂੰ ਸਹੀ ਮੰਨਦਿਆਂ ਇਸ ਦਿਨ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਉਂਦਾ ਆ ਰਿਹਾ ਹੈ। ਤਸੱਲੀ ਦੀ ਗੱਲ ਹੈ ਕਿ ਜਨਮ ਮਿਤੀ ਵਾਂਗ ਸਤਿਗੁਰਾਂ ਦੇ ਜਨਮ ਸਥਾਨ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਦੁਬਿਧਾ ਨਹੀਂ ਹੈ। ਸਰਬ ਸਾਂਝੀ ਰਾਇ ਇਹ ਹੈ ਕਿ ਸਤਿਗੁਰਾਂ ਦਾ ਜਨਮ ਰਾਇ ਭੋਇ ਦੀ ਤਲਵੰਡੀ (ਮੌਜੂਦਾ ਪਾਕਿਸਤਾਨੀ ਪੰਜਾਬ ਦੇ ਜ਼ਿਲਾ ਸ਼ੇਖੂਪੁਰਾ ਵਿਚ ਪੈਂਦੇ ਇਕ ਪਿੰਡ) ਦੀ ਪਵਿੱਤਰ ਧਰਤੀ 'ਤੇ ਹੋਇਆ। ਸਾਰਿਆਂ ਦੇ ਸਾਂਝੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਅਸਥਾਨ ਹੋਣ ਸਦਕਾ ਅੱਜਕਲ ਇਸ ਥਾਂ ਨੂੰ ਡਾਢੇ ਪਿਆਰ ਤੇ ਸਤਿਕਾਰ ਨਾਲ ਨਨਕਾਣਾ (ਨਾਨਕਿਆਣਾ) ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪਾਕ-ਪਵਿੱਤਰ ਥਾਂ ਨੂੰ ਸਦੀਆਂ ਤਕ ਰਾਇ ਭੋਇ ਦੀ ਤਲਵੰਡੀ ਇਸ ਕਾਰਨ ਆਖਿਆ ਜਾਂਦਾ ਰਿਹਾ ਹੈ ਕਿਉਂਕਿ ਇਸ ਗ੍ਰਾਮ, ਪਿੰਡ ਜਾਂ ਨਗਰ-ਖੇੜੇ ਨੂੰ ਕਾਇਮ, ਸਥਾਪਿਤ ਕਰਨ ਅਰਥਾਤ ਵਸਾਉਣ ਵਾਲੇ ਰਾਜੇ, ਰਾਇ, ਰਈਸ, ਜਾਗੀਰਦਾਰ, ਸਰਦਾਰ, ਚੌਧਰੀ ਜਾਂ ਰਾਠ ਦਾ ਨਾਂ ਭੋਇ ਸੀ।

ਸ਼ਬਦਾਂ ਦੀ ਵਿਉਂਪਤੀ ਅਨੁਸਾਰ 'ਤਲਵੰਡੀ' ਸ਼ਬਦ ਮੂਲ ਰੂਪ 'ਚ 'ਤਲ' ਅਤੇ 'ਵੰਡੀ' ਦੋ ਸ਼ਬਦਾਂ ਦਾ ਸੁਮੇਲ ਹੈ। ਤਲ ਦਾ ਅਰਥ ਹੈ ਕਾਇਮ ਕਰਨਾ ਜਾਂ ਸਥਾਪਿਤ ਕਰਨਾ ਜਦੋਂਕਿ ਵੰਡੀ ਦਾ ਅਰਥ ਹੈ ਧਰਤੀ ਦੇ ਕਿਸੇ ਟੋਟੇ ਨੂੰ ਬਾਕੀ ਧਰਤੀ ਨਾਲੋਂ ਵੰਡ ਕੇ ਜਾਂ ਅਲੱਗ ਕਰਕੇ ਨਿਸ਼ਚਿਤ ਕਰਨਾ। ਇਸ ਹਿਸਾਬ ਨਾਲ ਤਲਵੰਡੀ ਉਸ ਥਾਂ ਜਾਂ ਪਿੰਡ ਦੀ ਧਰਤੀ ਨੂੰ ਆਖਿਆ ਜਾਂਦਾ ਹੈ, ਜਿਸ ਨੂੰ ਨਿਸ਼ਾਨਦੇਹੀ ਦੁਆਰਾ ਆਲੇ-ਦੁਆਲੇ ਦੀ ਸਮੁੱਚੀ ਧਰਤੀ ਨਾਲੋਂ ਵੰਡ ਕੇ, ਵੱਖਰੀ ਕਰਕੇ ਜਾਂ ਅਲੱਗ ਕਰਕੇ, ਇਕ ਸੁਤੰਤਰ ਅਤੇ ਖੁਦਮੁਖਤਿਆਰ ਇਕਾਈ ਜਾਂ ਰਿਆਸਤ ਵਜੋਂ ਸਥਾਪਿਤ ਤੇ ਵਿਕਸਤ ਕੀਤਾ ਗਿਆ ਹੁੰਦਾ ਹੈ ਤੇ ਧਰਤੀ ਦੇ ਇਕ ਵਿਸ਼ੇਸ਼ ਟੋਟੇ ਉਪਰ ਇਕਾਈ ਦੇ ਰੂਪ 'ਚ ਕਾਇਮ ਅਤੇ ਸੰਚਾਲਿਤ ਕੀਤੀ ਗਈ ਇਸ ਥਾਂ, ਜਾਗੀਰ, ਰਿਆਸਤ ਜਾਂ ਸਲਤਨਤ ਦਾ ਕੋਈ ਨਾ ਕੋਈ ਵਾਲੀ ਵਾਰਸ, ਰਾਜਾ, ਮਾਲਕ, ਨਿਗਰਾਨ, ਸਰਦਾਰ, ਰਾਠ, ਜਾਗੀਰਦਾਰ ਜਾਂ ਰਾਇ ਹੁੰਦਾ ਹੈ। ਉਲੇਖਯੋਗ ਹੈ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਦੀ ਆਮਦ ਹੋਈ, ਉਸ ਸਮੇਂ ਤਕ ਉਨ੍ਹਾਂ ਦੀ ਆਮਦ ਵਾਲੀ ਧਰਤੀ ਦਾ ਨਾਂ ਇਸ ਨੂੰ ਆਬਾਦ ਕਰਨ ਜਾਂ ਵਸਾਉਣ ਵਾਲੇ ਸ਼ਖਸ (ਰਾਇ ਬੁਲਾਰ ਦੇ ਪਿਤਾ) ਦੇ ਨਾਂ 'ਤੇ, ਰਾਇ ਭੋਇ ਦੀ ਤਲਵੰਡੀ ਰੂੜ੍ਹ ਜਾਂ ਮਸ਼ਹੂਰ ਹੋ ਚੁੱਕਾ ਸੀ। ਬਾਬਾ ਨਾਨਕ ਜੀ ਦੇ ਜੀਵਨ-ਸਫਰ ਸਮੇਂ ਕਿਉਂਕਿ ਇਸ ਧਰਤੀ ਦਾ ਮਾਲਕ, ਚੌਧਰੀ, ਰਾਠ ਜਾਂ ਰਾਇ, ਬੁਲਾਰ ਨਾਂ ਦਾ ਸ਼ਖਸ (ਰਾਇ ਭੋਇ ਦੀ ਵੰਸ਼ ਦਾ ਉਸ ਸਮੇਂ ਦਾ ਵਾਰਸ) ਸੀ, ਇਸ ਕਾਰਨ ਉਦੋਂ ਇਹ ਧਰਤੀ ਰਾਇ ਬੁਲਾਰ ਦੀ ਤਲਵੰਡੀ (ਮਲਕੀਅਤ) ਵਜੋਂ ਵੀ ਜਾਣੀ ਜਾਂਦੀ ਸੀ।

ਜਗਜੀਵਨ ਸਿੰਘ (ਡਾ.)
99143-01328


rajwinder kaur

Content Editor

Related News