ਲੰਗਰ ਤੇ ਹੋਰ ਸੇਵਾ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਹਾਸਲ ਕਰ ਸਕੇਗਾ ''ਗੋਲਡਨ ਟੈਂਪਲ''
Wednesday, Sep 09, 2020 - 07:59 PM (IST)

ਜਲੰਧਰ : ਸਿੱਖਾਂ ਦੇ ਮੱਕਾ ਸ੍ਰੀ ਦਰਬਾਰ ਸਾਹਿਬ 'ਚ ਲਗਾਏ ਜਾਣ ਵਾਲੇ ਲੰਗਰ ਅਤੇ ਹੋਰ ਸੇਵਾ ਕਾਰਜਾਂ ਲਈ ਵਿਦੇਸ਼ਾਂ ਤੋਂ ਦਾਨ ਲੈਣ ਦੀ ਮਨਜ਼ੂਰੀ ਮਿਲ ਗਈ ਹੈ। ਇਹ ਮਨਜ਼ੂਰੀ ਗ੍ਰਹਿ ਮੰਤਰਾਲੇ ਵਲੋਂ ਫਾਰੇਨ ਕੰਟ੍ਰੀਬਿਊਸ਼ਨ ਰੇਗੂਲੇਸ਼ਨ ਐਕਟ (ਐੱਫ. ਸੀ. ਆਰ. ਏ.) ਦੇ ਤਹਿਤ ਦਿੱਤੀ ਗਈ ਹੈ। 'ਜਗ ਬਾਣੀ' ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਵਿਦੇਸ਼ਾਂ ਤੋਂ ਦਾਨ ਪ੍ਰਾਪਤ ਕਰਨ ਦੀ ਮਨਜ਼ੂਰੀ ਲਈ ਐੱਫ. ਸੀ. ਆਰ. ਏ. ਤਹਿਤ ਪ੍ਰਧਾਨ ਮੰਤਰੀ ਦਫਤਰ 'ਚ ਅਰਜ਼ੀ ਦਿੱਤੀ ਸੀ।
ਇਸ ਅਰਜ਼ੀ 'ਤੇ ਇਸੇ ਸਾਲ 27 ਮਈ ਨੂੰ ਸਰਕਾਰੀ ਪੱਧਰ 'ਤੇ ਚਰਚਾ ਹੋਈ ਸੀ। ਪ੍ਰਧਾਨ ਮੰਤਰੀ ਦਫਤਰ ਨੇ ਇਸ ਬਿਨੇ-ਪੱਤਰ 'ਤੇ ਅਗਲੀ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਸੀ। ਬੁੱਧਵਾਰ ਨੂੰ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਇਸ ਬਿਨੇ-ਪੱਤਰ ਨੂੰ ਮਨਜ਼ੂਰ ਕਰ ਲਿਆ ਹੈ। ਇਸ ਮਨਜ਼ੂਰੀ ਦੇ ਬਾਅਦ ਹੁਣ ਸ੍ਰੀ ਦਰਬਾਰ ਸਾਹਿਬ ਦੇ ਸੰਚਾਲਨ ਚਲਾਉਣ ਵਾਲੀ ਕਾਨੂੰਨੀ ਸੰਸਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਦੇ ਲਈ ਵਿਦੇਸ਼ਾਂ ਤੋਂ ਵੀ ਦਾਨ ਹਾਸਲ ਕਰ ਸਕੇਗੀ। ਇਸ ਸੰਸਥਾ ਦੀ ਸਥਾਪਨਾ 1925 ਦੇ ਸਿੱਖ ਗੁਰਦੁਆਰਾ ਐਕਟ ਤਹਿਤ ਹੋਈ ਹੈ ਅਤੇ ਇਹ ਸੰਸਥਾ ਹੁਣ ਤਕ ਆਪਣੇ ਸੰਚਾਲਨ, ਗਰੀਬਾਂ, ਲੋੜਵੰਦਾਂ ਅਤੇ ਵਿਦਿਆਰਥੀਆਂ ਨੂੰ ਲੰਗਰ ਲਈ ਹੁਣ ਤਕ ਦੇਸ਼ ਤੋਂ ਮਿਲਣ ਵਾਲੇ ਦਾਨ 'ਤੇ ਹੀ ਨਿਰਭਰ ਸੀ ਪਰ ਇਸ ਮਨਜ਼ੂਰੀ ਦੇ ਬਾਅਦ ਹੁਣ ਸੰਸਥਾ ਕਿਸੇ ਵੀ ਦੇਸ਼ ਤੋਂ ਦਾਨ ਹਾਸਲ ਕਰ ਸਕੇਗੀ।