''''ਕੱਚੀ ਨੀਂਦਰੇ ਨਾ ਕਿਸੇ ਨੂੰ ਜਗਾਈਂ, ਮੈਂ ਸੁੱਤਿਆਂ ਨੂੰ ਛੱਡ ਚੱਲਿਆਂ ਗੜ੍ਹੀਏ...।''''

12/22/2019 9:28:06 AM

ਸ੍ਰੀ ਚਮਕੌਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਆਖਿਰ ਊਂਘਾਂ ਭਰਦਾ ਸੂਰਜ ਮੁਖੜਾ ਛੁਪਾ ਬੈਠਾ ਤਾਂ ਜੰਗ ਬੰਦ ਹੋਈ, ਗਿਣਤੀ ਦੇ ਸਿੰਘ ਗੁਰੂ ਜੀ ਕੋਲ ਸਨ। ਇਹ ਸਿੰਘ ਗੁਰੂ ਜੀ ਨੂੰ ਰਾਤ ਸਮੇਂ ਗੜ੍ਹੀ ਛੱਡ ਕੇ ਚਲੇ ਜਾਣ ਦੀਆਂ ਨਸੀਅਤਾਂ ਦੇ ਰਹੇ ਸਨ। ਸਿੰਘਾਂ ਦਾ ਕਹਿਣਾ ਸੀ ਕਿ ਪੰਥ ਨੂੰ ਪਿਤਾ ਦੀ ਲੋੜ ਹੈ। ਅਜਿਹੀ ਸਥਿਤੀ 'ਚ ਜੇਕਰ ਪੰਥ ਯਤੀਮ ਹੋ ਗਿਆ ਤਾਂ ਇਸ ਦੀ ਤੋੜ ਕਿਵੇਂ ਨਿਭੇਗੀ। ਇਹ ਉਦੋਂ ਕਿਸ ਦੀ ਉਂਗਲ ਫੜੇਗਾ, ਜਦਕਿ ਹਕੂਮਤ ਦਾ ਜ਼ੱਰਾ-ਜ਼ੱਰਾ ਇਸ ਦਾ ਵੈਰੀ ਹੋਇਆ ਹੈ। ਇਸ ਨੇ ਅਜੇ ਬੜਾ ਕੁਝ ਗੁਰੂ ਤੋਂ ਪ੍ਰਾਪਤ ਕਰਨਾ ਹੈ। ਗੁਰੂ ਜੀ ਦਾ ਤਰਕ ਸੀ ਕਿ ਮੈਨੂੰ ਇਸ ਵੇਲੇ ਗੜ੍ਹੀ ਛੱਡ ਕੇ ਜਾਣ ਦੀ ਸਿਧਾਂਤ ਇਜਾਜ਼ਤ ਨਹੀਂ ਦਿੰਦਾ, ਜੇਕਰ ਮੈਂ ਗੜ੍ਹੀ ਛੱਡ ਗਿਆ ਤਾਂ ਲੋਕ ਮੈਨੂੰ ਕਾਇਰ ਕਹਿਣਗੇ। ਪੁੱਤਰ ਹੱਥੀਂ ਮਰਵਾ ਕੇ ਖੁਦ ਜਾਨ ਬਚਾ ਕੇ ਤੁਰ ਜਾਣ ਦੇ ਮਿਹਣੇ ਦਾ ਭਾਰ ਸਹਿਣਾ ਮੇਰੀ ਜ਼ਮੀਰ ਲਈ ਮੁਨਾਸਿਬ ਨਹੀਂ ਹੋਵੇਗਾ। ਇਸ ਲਈ ਮੈਂ ਗੜ੍ਹੀ ਛੱਡ ਕੇ ਨਹੀਂ ਜਾ ਸਕਦਾ। ਇਸ ਟਕਰਾਅ ਰੂਪੀ ਵਿਚਾਰ-ਵਟਾਂਦਰੇ ਉਪਰੰਤ ਪੰਚ ਪ੍ਰਧਾਨੀ ਮਰਿਆਦਾ ਨੇ ਗੁਰੂ ਜੀ ਨੂੰ ਗੜ੍ਹੀ ਛੱਡਣ ਲਈ ਬਾ-ਹੁਕਮ ਪਾਬੰਦ ਕੀਤਾ ਅਤੇ ਐਨ ਉਸ ਵਕਤ ਚਲੇ ਜਾਣ ਦਾ ਆਦੇਸ਼ ਜਾਰੀ ਕੀਤਾ, ਜਦੋਂ ਅੱੱਧੀ ਰਾਤ ਲੰਘ ਚੁੱਕੀ ਸੀ ਅਤੇ ਅੱਧੀ ਅੱਗੇ ਸੀ। ਇਸ ਰਾਤ ਦੀ ਤਰ੍ਹਾਂ ਗੁਰੂ ਜੀ ਦੀ ਸੋਚ ਵੀ ਮੰਝਧਾਰ 'ਚ ਸੀ, ਜੋ ਪੰਚ ਪ੍ਰਧਾਨੀ ਮਰਿਆਦਾ ਨੂੰ ਬਹਾਲ ਰੱਖਣ ਦੇ ਨਾਲ-ਨਾਲ ਸਵੈ-ਮਾਣ ਨੂੰ ਵੀ ਬੁਲੰਦ ਰੱਖਣ ਲਈ ਕਹਿ ਰਹੀ ਸੀ। ਪੰਥ ਦਾ ਵਾਲੀ ਇਸ ਪੱਖ ਲਈ ਗੰਭੀਰ ਤਵੱਜੋ ਦੇ ਰਿਹਾ ਸੀ।

ਸੁਚੱਜੀ ਰਣਨੀਤੀ ਦਾ ਹਿੱਸਾ ਕਿਵੇਂ ਬਣਿਆ ਗੜ੍ਹੀ ਛੱਡਣ ਦਾ ਫੈਸਲਾ?
ਕਿਲਾ ਅਨੰਦਗੜ੍ਹ ਤੋਂ ਲੈ ਕੇ ਕੱਚੀ ਗੜ੍ਹੀ ਤੱਕ ਮੁਗਲ ਹਕੂਮਤ ਅਤੇ ਪਹਾੜੀ ਰਾਜਿਆਂ ਦੇ ਛਲ-ਕਪਟ 'ਤੇ ਇਖਲਾਕ ਵਿਹੂਣੀ ਰਾਜਨੀਤੀ ਵੀ ਭਾਰੀ ਸੀ ਪਰ ਇਸ ਦੇ ਬਾਵਜੂਦ ਗੁਰੂ ਜੀ ਨੇ ਆਪਣੇ ਮੌਲਿਕ ਰਣਨੀਤੀ ਸਿਧਾਂਤ ਨੂੰ ਤਿਲਾਂਜਲੀ ਨਹੀਂ ਸੀ ਦਿੱਤੀ। ਦਿਨ ਭਰ ਚੱਲੀ ਲੜਾਈ 'ਚ ਰਣਨੀਤੀ ਦਾ ਸਿਧਾਂਤ ਤੋੜ ਕੇ ਗੜ੍ਹੀ 'ਚ ਦਾਖਲ ਹੋਣ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਖਵਾਜਾ ਮਰਦੂਦ ਖਾਨ, ਨਾਹਿਰ ਖਾਨ ਅਤੇ ਗਨੀ ਖਾਨ ਗੁਰੂ ਜੀ ਦੇ ਹੱੱਥੋਂ ਮਾਰੇ ਗਏ ਸਨ। ਦਿਨ ਭਰ ਮੁਗਲ ਜਰਨੈਲ ਸਿਪਾਹੀਆਂ ਦੀ ਫੌਜ ਮਰਵਾ ਕੇ ਖੁਦ ਪਿੱਠ ਵਰਤੀ ਭੂਮਿਕਾ ਨਿਭਾ ਕੇ ਰਣਨੀਤੀ ਦੇ ਸਿਧਾਂਤ ਨੂੰ ਢਾਅ ਲਾਉਂਦੇ ਆ ਰਹੇ ਸਨ, ਜਦਕਿ ਗੁਰੂ ਜੀ ਆਪਣੇ ਸਿੰਘਾਂ ਨਾਲ ਪੁੱਤਰਾਂ ਦਾ ਜੋੜਾ ਵਾਰ ਕੇ ਵੀ ਰਣਨੀਤੀ ਦੇ ਸਿਧਾਂਤ ਨੂੰ ਵੀ ਜ਼ਿੰਦਾ ਰੱਖਣ ਲਈ ਯਤਨਸ਼ੀਲ ਸਨ। ਇਸ ਤਹਿਤ ਗੁਰੂ ਜੀ ਨੇ ਜਦੋਂ ਗੜ੍ਹੀ ਛੱਡਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਆਪਣੀ ਕਲਗੀ ਅਤੇ ਤੋੜਾ ਗੜ੍ਹੀ 'ਚ ਹੀ ਮੌਜੂਦ ਆਪਣੇ ਇਕ ਵਫਾਦਾਰ ਹਮਉਮਰ ਅਤੇ ਹਮਸ਼ਕਲ ਸਾਥੀ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੇ ਅਤੇ ਆਦੇਸ਼ ਦਿੱਤਾ ਕਿ ਗੁਰੂ ਜੀ ਦੀ ਗੈਰ-ਮੌਜੂਦਗੀ 'ਚ ਉਹ ਗੜ੍ਹੀ ਦੀ ਮਮਟੀ 'ਤੇ ਗੁਰੂ ਜੀ ਵਾਂਗ ਬੈਠ ਕੇ ਦੁਸ਼ਮਣ ਦਲਾਂ ਨੂੰ ਇਹ ਸੰਕੇਤ ਦਿੰਦਾ ਰਹੇਗਾ ਕਿ ਦਸਮੇਸ਼ ਅਜੇ ਤੱਕ ਗੜ੍ਹੀ 'ਚ ਮੌਜੂਦ ਹਨ। ਇਹ ਫੈਸਲਾ ਵੀ ਹੋਇਆ ਕਿ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਜੀ ਦੇ ਨਾਲ ਜਾਣਗੇ ਅਤੇ ਗੜ੍ਹੀ 'ਚੋਂ ਨਿਕਲਦਿਆਂ ਹੀ ਗੁਰੂ ਜੀ ਤੋਂ ਅਲੱਗ ਹੋ ਜਾਣਗੇ। ਅੰਤ ਇਹੋ ਤਜਵੀਜ਼ ਨੂੰ ਅਮਲੀ ਰੂਪ ਦੇ ਕੇ ਜਦੋਂ ਗੁਰੂ ਜੀ ਗੜ੍ਹੀ ਤੋਂ ਨਿਕਲੇ ਤਾਂ ਖਾਮੋਸ਼ ਸੁੱਤੇ ਜੰਗੀ ਅਖਾੜੇ 'ਚ ਟਾਵਾਂ-ਟਾਵਾਂ ਦੀਵਾ ਪ੍ਰਕਾਸ਼ ਮਾਣ ਹੋ ਰਿਹਾ ਸੀ। ਗੁਰੂ ਜੀ ਨੇ ਗਰਜਵੀਂ ਆਵਾਜ਼ 'ਚ ਕਿਹਾ, ''ਪੀਰੇ ਹਿੰਦ ਮੇ ਰਵਦ' (ਹਿੰਦ ਦਾ ਪੀਰ ਜਾ ਰਿਹਾ ਹੈ, ਜੇਕਰ ਕਿਸੇ 'ਚ ਹਿੰਮਤ ਹੈ ਤਾਂ ਆ ਕੇ ਫੜ ਲਵੋ)।'' ਗੁਰੂ ਜੀ ਨੇ ਤਿੰਨ ਵਾਰ ਤਾੜੀ ਮਾਰੀ, ਜੋ ਇਸ ਜੰਗ ਦੀ ਸਮੁੱਚੀ ਅਤੇ ਸੁਚੱਜੀ ਰਣਨੀਤੀ ਦਾ ਪ੍ਰਤੀਕ ਹੋ ਨਿੱਬੜੀ। ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੇ ਉਕਤ ਵੇਲੇ ਦਾ ਬਿਰਤਾਂਤ ਬਿਆਨਦਿਆਂ ਲਿਖਿਆ ਹੈ-

''ਗੁਰੂ ਰੂਪ ਖਾਲਸੇ ਦਾ ਕਿਹਾ ਮੰਨਕੇ ਦਾਤੇ ਹੋ ਤੁਰੇ ਵਿਦਾ,
ਅੱਧੀ ਰਾਤ ਨੂੰ ਗੜ੍ਹੀ 'ਚੋਂ ਬੂਹਾ ਭੰਨ ਕੇ ਗਏ ਲਹਿੰਦੇ ਨੂੰ ਸਿਧਾ।
ਗਏ ਪੀਰ ਹਿੰਦ ਨਾਲੇ ਉੱਚੀ ਸੁਰ ਦੇ ਕਹਿਤਾ ਜੰਗੀ ਖਾੜੇ ਨੂੰ,
ਜਾਂਦਾ ਵੇਖ ਅਰਸ਼ਾਂ ਦੇ ਪੰਛੀ ਝੂਰ ਦੇ ਜੰਝੋਂ ਬਿਨਾਂ ਲਾੜੇ ਨੂੰ।
ਨੰਗੇ ਪੈਰੀਂ ਮਾਲਕ ਅਨੰਦਪੁਰ ਦੇ ਜਾਂਦੇ ਮਾਛੀਵਾੜੇ ਨੂੰ।''
ਕੱਚੀ ਗੜ੍ਹੀ 'ਚ ਸਿੱਧੇ ਦਸਮ ਪਿਤਾ ਲਹਿੰਦੇ ਵੱਲ ਹੋ ਤੁਰੇ।

PunjabKesariਭਾਈ ਸੰਗਤ ਸਿੰਘ ਦੀ ਸ਼ਹਾਦਤ
ਪਹੁ ਫੁੱਟਦਿਆਂ ਤੱਕ ਗੜ੍ਹੀ ਦੀ ਕੱਚੀ ਮਮਟੀ 'ਤੇ ਸੁਸ਼ੋਭਿਤ ਭਾਈ ਸੰਗਤ ਸਿੰਘ ਵੈਰੀ ਦਲ ਨੂੰ ਗੁਰੂ ਜੀ ਦੀ ਗੜ੍ਹੀ 'ਚ ਮੌਜੂਦਗੀ ਦਾ ਸੰਦੇਸ਼ ਦਿੰਦੇ ਰਹੇ। ਗੁਰੂ ਜੀ ਦੀ ਗ੍ਰਿਫਤਾਰੀ ਦਾ ਉਦੇਸ਼ ਲੈ ਕੇ ਤੜਕਦਾਰ ਮੁਗਲ ਫੌਜਾਂ ਗੜ੍ਹੀ ਅੰਦਰ ਜਾ ਵੜੀਆਂ, ਜਿਨ੍ਹਾਂ ਦਾ ਮੁਕਾਬਲਾ ਬਾਬਾ ਸੰਗਤ ਸਿੰਘ ਨੇ ਸਿਰੜ ਅਤੇ ਸ਼ਿਦਤ ਨਾਲ ਕੀਤਾ ਅਤੇ ਉਹ ਵੀ ਵੀਰਗਤੀ ਪ੍ਰਾਪਤੀ ਕਰ ਗਏ। ਇਨਾਮ ਦੇ ਲਲਚਾਏ ਮੁਗਲ ਅਹਿਲਕਾਰਾਂ ਨੇ ਉਨ੍ਹਾਂ ਦਾ ਸੀਸ ਅਲੱਗ ਕਰ ਕੇ ਸੂਬਾ ਸਰਹਿੰਦ ਦੇ ਪੇਸ਼ ਕੀਤਾ ਪਰ ਇਹ ਸ਼ਨਾਖਤ ਜਲਦ ਹੀ ਹੋ ਗਈ ਕਿ ਇਹ ਸੀਸ ਗੁਰੂ ਜੀ ਦਾ ਨਹੀਂ। ਚਮਕੌਰ ਦੀ ਜੰਗ ਨੂੰ ਕਤਲਗਾਹ ਦੀ ਹੱਬ ਬਣਾ ਕੇ ਵਜ਼ੀਦ ਖਾਨ ਦਾ ਇਹ ਮਨਸੂਬਾ ਜਿਥੇ ਬੁਰੀ ਤਰ੍ਹਾਂ ਫੇਲ ਹੋ ਗਿਆ, ਉਥੇ ਗੁਰੂ ਜੀ ਨੂੰ ਮੁੜ ਲੱਭਣਾ ਉਸ ਲਈ ਵੱਡੀ ਚੁਣੌਤੀ ਹੋ ਨਿੱਬੜਿਆ।

ਕਿਵੇਂ ਪਈ ਚਮਕੌਰ 'ਤੇ ਮਿਹਰ ਦੀ ਚਮਕ?
ਲੱਖਾਂ ਦੀ ਹਕੂਮਤੀ ਫੌਜ ਨਾਲ 40 ਸਿਰਲੱਥ ਯੋਧਿਆਂ ਦੀ ਹੋਈ ਅਸਾਵੀਂ ਜੰਗ ਨੂੰ ਯੋਧਿਆਂ ਨੇ ਆਪਣੇ ਲਹੂ ਨਾਲ ਸਿੰਜ ਕੇ ਜੰਗ ਦਾ ਦਰਜਾ ਿਦਵਾਇਆ ਹੈ, ਜਦਕਿ ਲੱਖਾਂ ਫੌਜਾਂ ਦਾ 40 ਵਿਅਕਤੀਆਂ ਨਾਲ ਕੀ ਮੁਕਾਬਲਾ ਹੋ ਸਕਦਾ ਹੈ? ਇਤਿਹਾਸਕਾਰਾਂ ਦੀ ਗੱਲ ਛੱਡ ਕੇ ਅਸੀਂ ਗੁਰੂ ਜੀ ਦੀ ਇਸ ਪੱਖੋਂ ਕੀਤੀ ਉਸ ਪੁਸ਼ਟੀ ਨੂੰ ਆਧਾਰ ਮੰਨੀਏ ਜੋ ਉਨ੍ਹਾਂ ਔਰੰਗਜ਼ੇਬ ਨੂੰ ਲਿਖੀ ਜਿੱਤ ਦੀ ਚਿੱਠੀ 'ਜ਼ਫਰਨਾਮਾ' 'ਚ ਕੀਤੀ ਹੈ ਤਾਂ ਗੁਰੂ ਜੀ ਨੇ ਇਸ ਦਾ ਬਿਰਤਾਂਤ ਸਿੱਧੇ ਰੂਪ 'ਚ ਬਿਆਨਿਆ ਹੈ-

''ਹਮ ਆਖਿਰ ਚਿ ਮਰਦੀ ਕੁਨਦ ਕਾਰਜ਼ਾਰ
ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ''

(ਤੂੰ ਹੀ ਦੱਸ ਔਰੰਗਜ਼ੇਬ ਆਖਿਰ ਲੜਾਈ 'ਚ ਇਕੱਲੀ ਸੂਰਮਗਤੀ ਕੀ ਕਰਦੀ, ਜਦ 40 ਬੰਦਿਆਂ 'ਤੇ ਬੇਸ਼ੁਮਾਰ ਟਿੱਡੀ ਦਲ ਚੜ੍ਹ ਆਵੇ?)

PunjabKesariਇਸ ਤੋਂ ਪ੍ਰਤੱਖ ਸਪੱਸ਼ਟ ਹੈ ਕਿ ਸਿੰਘਾਂ ਨੇ ਇਕ ਜ਼ੁਲਮੀ ਹਮਲੇ ਨੂੰ ਲਹੂ ਵੀਟਵੀਂ ਜੰਗ ਬਣਾ ਕੇ ਲੜਾਈ ਦਾ ਦਰਜਾ ਪ੍ਰਦਾਨ ਕੀਤਾ ਹੈ ਅਤੇ ਸਿਰੜ ਅਤੇ ਸ਼ਿੱਦਤ ਨਾਲ ਗੁਰੂ ਜੀ ਨੇ ਇਹ ਜੰਗ ਲੜੀ ਅਤੇ ਜਿੱਤੀ ਹੈ। ਇਹੋ ਕਾਰਣ ਸੀ ਕਿ ਗੈਰ-ਸਿੱਖ ਵਿਦਵਾਨਾਂ ਲਾਲਾ ਦੌਲਤ ਰਾਏ ਆਰੀਆ, ਕਨਿੰਘਮ, ਮੈਕਾਲਫ, ਸੇਕਸ਼ਪੀਅਰ ਅਤੇ ਮੈਥਲੀ ਸ਼ਰਨ ਗੁਪਤ ਵਰਗਿਆਂ ਨੂੰ ਗੁਰੂ ਜੀ ਦੀ ਇਲਾਹੀ ਸ਼ਕਤੀ, ਸੂਰਮਗਤੀ ਅਤੇ ਵੀਰਤਾ ਦਾ ਪ੍ਰਭਾਵ ਕਬੂਲਣ ਲਈ ਮਜਬੂਰ ਕਰ ਦਿੱਤਾ। ਗੁਰੂ ਜੀ ਦੇ ਲਾਲਾਂ ਤੋਂ ਇਲਾਵਾ ਪ੍ਰਥਮ ਖੰਡੇ ਦੀ ਪਾਹੁਲ 'ਚੋਂ 1699 'ਚ ਸਾਜੇ ਪੰਜਾਂ 'ਚੋਂ ਤਿੰਨ ਪਿਆਰੇ ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਜਾਮ-ਏ-ਸ਼ਹਾਦਤ ਪੀ ਗਏ ਸਨ। ਤਿਲਕ ਜੰਝੂ ਦੀ ਰਾਖੀ ਲਈ ਕਸ਼ਮੀਰ ਤੋਂ ਆਏ ਪੰਡਿਤਾਂ ਦੇ ਜਥੇ ਦੀ ਅਗਵਾਈਕਰਤਾ ਪੰਡਿਤ ਕਿਰਪਾ ਰਾਮ ਜੋ ਕਿ ਅੰਮ੍ਰਿਤਪਾਨ ਕਰ ਕੇ ਭਾਈ ਕਿਰਪਾ ਸਿੰਘ ਬਣ ਚੁੱਕੇ ਸਨ, ਵੀ ਇਸ ਜੰਗ 'ਚ ਸ਼ਹੀਦ ਹੋਏ। ਪੰਡਿਤ ਲਾਲ ਚੰਦ ਪੰਜੋਖਰਾ ਜਿਨ੍ਹਾਂ ਤੋਂ ਕਦੇ ਗੁਰੂ ਹਰਿਕ੍ਰਿਸ਼ਨ ਜੀ ਨੇ ਗੀਤਾ ਦੇ ਅਰਥ ਕਰਵਾਏ ਸਨ, ਉਹ ਭਾਈ ਲਾਲ ਸਿੰਘ ਦੀ ਹੈਸੀਅਤ 'ਚ ਸ਼ਹਾਦਤ ਨੂੰ ਪ੍ਰਵਾਨ ਚੜ੍ਹੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲੈ ਕੇ ਆਉਣ ਵਾਲੇ ਭਾਈ ਜੀਵਨ ਸਿੰਘ ਦੀ ਸ਼ਹਾਦਤ ਵੀ ਕੱਚੀ ਗੜ੍ਹੀ ਦੀ ਹੈ।

ਇਸੇ ਤਰ੍ਹਾਂ ਹੀ ਉਪਰੋਕਤ ਸ਼ਹੀਦਾਂ ਤੋਂ ਬਿਨਾਂ ਜਿਨ੍ਹਾਂ ਮਰਜੀਵੜਿਆਂ ਨੇ ਕੱਚੀ ਗੜ੍ਹੀ 'ਚ ਵੀਰਗਤੀ ਪ੍ਰਾਪਤ ਕੀਤੀ, ਉਨ੍ਹਾਂ 'ਚ ਭਾਈ ਸਹਿਜ ਸਿੰਘ, ਭਾਈ ਸਰਦੂਲ ਸਿੰਘ, ਭਾਈ ਸਰੂਪ ਸਿੰਘ, ਭਾਈ ਸੁਜਾਨ ਸਿੰਘ, ਭਾਈ ਸ਼ੇਰ ਸਿੰਘ, ਭਾਈ ਸੇਵਾ ਸਿੰਘ, ਭਾਈ ਸੰਦੇ ਸਿੰਘ, ਭਾਈ ਸੰਤ ਸਿੰਘ, ਭਾਈ ਹਰੀਦਾਸ ਸਿੰਘ, ਭਾਈ ਕਰਮ ਸਿੰਘ, ਭਾਈ ਕਿਰਪਾਲ ਸਿੰਘ, ਭਾਈ ਪੜਤਾ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਜਵਾਹਰ ਸਿੰਘ, ਭਾਈ ਜੈਮਲ ਸਿੰਘ, ਭਾਈ ਜਵਾਲਾ ਸਿੰਘ, ਭਾਈ ਝੰਡਾ ਸਿੰਘ, ਭਾਈ ਟੇਕ ਸਿੰਘ, ਭਾਈ ਠਾਕੁਰ ਸਿੰਘ, ਭਾਈ ਤਰਲੋਕ ਸਿੰਘ, ਭਾਈ ਦਿਆਲ ਸਿੰਘ, ਭਾਈ ਦਮੋਦਰ ਸਿੰਘ, ਭਾਈ ਨਰਾਇਣ ਸਿੰਘ, ਭਾਈ ਭਗਵਾਨ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਰਣਜੀਤ ਸਿੰਘ, ਭਾਈ ਰਤਨ ਸਿੰਘ ਆਦਿ ਦੇ ਨਾਂ ਇਸ ਇਤਿਹਾਸਕ ਆਹੂਤੀ ਦਾ ਅੰਸ਼ ਬਣੇ।

PunjabKesariਬੰਦ-ਬੰਦ ਕਟਵਾਏ ਜਿਸਮਾਂ ਦੇ ਅਧੂਰੇ ਅਤੇ ਪੂਰੇ ਸਸਕਾਰ ਦੀ ਰੌਚਕ ਦਾਸਤਾਨ
ਜੰਗ ਦਾ ਮੈਦਾਨ ਖਾਮੋਸ਼ ਹੋਣ ਉਪਰੰਤ ਜਿਸ ਸਿੰਘਣੀ ਨੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦਾ ਸਸਕਾਰ ਕਰਨ ਦਾ ਸੰਕਲਪ ਅਖਤਿਆਰ ਕੀਤਾ, ਉਸ ਨੂੰ ਤਵਾਰੀਖ 'ਚ ਬੀਬੀ ਸ਼ਰਨ ਕੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੀਬੀ ਸ਼ਰਨ ਕੌਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਜੰਗਾਂ 'ਚੋਂ ਇਕ ਜੰਗ 'ਚ ਸ਼ਹਾਦਤ ਪ੍ਰਾਪਤ ਕਰ ਚੁੱਕੇ ਸ਼ਹੀਦ ਪ੍ਰੀਤਮ ਸਿੰਘ ਦੀ ਧੀ ਸੀ, ਜਿਸ ਦਾ ਪਿੰਡ ਚਮਕੌਰ ਸਾਹਿਬ ਦੇ ਐਨ ਲਾਗੇ ਰਾਏਪੁਰ ਹੈ। ਉਕਤ ਬੀਬੀ ਨੇ ਪੁਰਜ਼ਾ-ਪੁਰਜ਼ਾ ਹੋਏ ਇਕ-ਇਕ ਸਿੰਘ ਅਤੇ ਸਾਹਿਬਜ਼ਾਦਿਆਂ ਦੇ ਨਰਜਿੰਦ ਸਰੀਰਾਂ ਨੂੰ ਲਾਸ਼ਾਂ ਦੇ ਢੇਰਾਂ 'ਚੋਂ ਸ਼ਨਾਖਤ ਕਰ ਕੇ ਕੱਢਿਆ ਅਤੇ ਫਿਰ ਇਕ ਸਾਂਝਾ ਅੰਗੀਠਾ ਕਾਇਮ ਕਰ ਕੇ ਉਸ ਨੂੰ ਲਾਂਬੂ ਲਾਇਆ। ਸਸਕਾਰ ਦੀ ਰਸਮ ਜਦੋਂ ਚੱਲ ਰਹੀ ਸੀ ਤਾਂ ਮੁਖਬਰੀ ਪਾ ਕੇ ਮੁਗਲ ਫੌਜ ਐਨ ਮੌਕੇ 'ਤੇ ਪਹੁੰਚ ਗਈ ਅਤੇ ਬੀਬੀ ਸ਼ਰਨ ਕੌਰ ਨੂੰ ਵੀ ਉਸੇ ਅੰਗੀਠੇ 'ਚ ਸੁੱਟ ਕੇ ਸਾੜ ਦਿੱਤਾ ਗਿਆ। ਇਸ ਉਪਰੰਤ ਸਸਕਾਰ ਦੀ ਰਸਮ ਅਧੂਰੀ ਰਹਿ ਗਈ। ਅਗਲੇ ਦਿਨ ਭਾਈ ਰਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਅਤੇ ਗੁਰੂ ਕੇ ਪਿਆਰਿਆਂ ਨੇ ਇਸ ਸਮੂਹਿਕ ਸਸਕਾਰ ਨੂੰ ਸੰਪੂਰਨ ਅੰਜਾਮ ਦਿੱਤਾ। ਇਨ੍ਹਾਂ ਨੇ ਸਿੰਘਾਂ ਦੀਆਂ ਅਸਥੀਆਂ ਗੁਰਦੁਆਰਾ ਕਤਲਗੜ੍ਹ ਸਾਹਿਬ ਵਾਲੇ ਅਸਥਾਨ 'ਤੇ ਹੀ ਦਬਾਅ ਦਿੱਤੀਆਂ। ਉਕਤ ਅਸਥਾਨ ਦੀ 18ਵੀਂ ਸਦੀ 'ਚ ਕਸਬਾ ਬੇਲਾ ਦੇ ਰਹੀਸ ਜਗੀਰਦਾਰ ਹਰਦਿਆਲ ਸਿੰਘ ਨੇ ਪਹਿਲਕਦਮੀ ਕਰ ਕੇ ਸੰਪੂਰਨਤਾ ਕਰਵਾਈ। ਸ੍ਰੀ ਚਮਕੌਰ ਸਾਹਿਬ ਦੀ ਇਹ ਸਮੁੱਚੀ ਤਵਾਰੀਖ ਹੀ ਇਤਿਹਾਸ ਦੀ ਅਜਿਹੀ ਲਾਮਿਸਾਲ ਘਟਨਾ ਹੋ ਨਿੱਬੜੀ, ਜਿਸ ਨੂੰ ਦੇਖਦਿਆਂ ਜੋਗੀ ਅੱਲ੍ਹਾ ਯਾਰ ਖਾਨ ਨੇ ਤਮਾਮ ਪੱਖ ਨਜ਼ਰਅੰਦਾਜ਼ ਕਰ ਕੇ ਗੱਲ ਸਿਰੇ ਲਾ ਦਿੱਤੀ।

''ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ,
ਯਹੀਂ ਸੇ ਬਨ ਕੇ ਸਿਤਾਰੇ ਗਏ ਸਮਾ ਕੇ ਲੀਯੇ।
ਬੱਸ ਏਕ ਹੀ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਯੇ,
ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਯੇ।''


Baljeet Kaur

Content Editor

Related News