ਚੰਗੀ ਖ਼ਬਰ: ਆਖਿਰ ਸ਼ੁਰੂ ਹੋਇਆ ਸ੍ਰੀ ਆਨੰਦਪੁਰ ਸਾਹਿਬ-ਬੰਗਾ ਮੁੱਖ ਮਾਰਗ ਦਾ ਕੰਮ
Monday, Jun 01, 2020 - 12:13 PM (IST)
ਨੂਰਪੁਰਬੇਦੀ (ਅਵਿਨਾਸ਼ ਸ਼ਰਮਾ) : ਸ੍ਰੀ ਆਨੰਦਪੁਰ ਸਾਹਿਬ-ਬੰਗਾ ਮੁੱਖ ਮਾਰਗ ਦਾ ਨਿਰਮਾਣ ਕਾਰਜ ਆਖਰਕਾਰ ਸ਼ੁਰੂ ਹੋ ਗਿਆ ਹੈ, ਜਿਸ 'ਤੇ ਇਲਾਕਾ ਸੰਘਰਸ਼ ਕਮੇਟੀ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਬੀਤੇ ਕਈ ਸਾਲਾਂ ਤੋ ਇਸ ਮੁੱਖ ਮਾਰਗ ਦਾ ਕੰਮ ਵਿਚਾਲੇ ਲਟਕਦਾ ਆ ਰਿਹਾ ਹੈ ਅਤੇ ਸੰਘਰਸ਼ ਕਮੇਟੀ ਵਲੋਂ ਇਸ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਲਈ ਕਈ ਵਾਰ ਸੰਘਰਸ਼ ਕਰਨਾ ਪਿਆ। ਜਾਣਕਾਰੀ ਦਿੰਦੇ ਹੋਏ ਇਲਾਕਾ ਸੰਘਰਸ਼ ਕਮੇਟੀ ਦੇ ਬੁਲਾਰੇ ਡਾ. ਦਵਿੰਦਰ ਬਜਾੜ ਨੇ ਦੱਸਿਆ ਕਿ ਹੁਣ ਵੀ ਇਲਾਕਾ ਸੰਘਰਸ਼ ਕਮੇਟੀ ਵਲੋਂ ਸਬੰਧਤ ਵਿਭਾਗ ਅਤੇ ਡੀ. ਸੀ. ਨਾਲ ਮੁਲਾਕਾਤ ਕਰਕੇ ਇਸ ਮਾਰਗ ਦੇ ਨਿਰਮਾਣ ਲਈ ਬੇਨਤੀ ਕੀਤੀ ਸੀ। ਕਮੇਟੀ ਵਲੋਂ ਬੇਨਤੀ ਕੀਤੀ ਗਈ ਸੀ ਕਿ ਪ੍ਰਸ਼ਾਸਨ ਨੂੰ ਕੁੰਡਾਬੰਦੀ ਦੇ ਸਮੇਂ 'ਚ ਜਿੱਥੇ ਸੜਕ ਬਣਾਉਣ ਲਈ ਆਸਾਨੀ ਰਹੇਗੀ, ਉਥੇ ਹੀ ਲੋਕਾਂ ਨੂੰ ਰੋਜ਼ਗਾਰ ਵੀ ਉਪਲੱਬਧ ਹੋ ਜਾਵੇਗਾ ਅਤੇ ਸੜਕ ਨਿਰਮਾਣ 'ਚ ਮਜ਼ਬੂਤੀ ਵੀ ਮਿਲੇਗੀ।
ਪ੍ਰਸ਼ਾਸਨ ਵਲੋਂ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮਜ਼ਬੂਤੀ ਲਈ ਸੰਘਰਸ਼ ਕਮੇਟੀ ਨਜ਼ਰ ਰੱਖੇਗੀ। ਇਸ ਮੌਕੇ ਬਰਜਿੰਦਰ ਸਿੰਘ, ਜਸਵੀਰ ਸ਼ਰਮਾ, ਕੁਲਦੀਪ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਕੁਮਾਰ, ਜਤਿੰਦਰ ਸਿੰਘ, ਕਮੇਟੀ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਤੋਂ ਇਲਾਵਾ ਕਮੇਟੀ ਦੇ ਅਹੁਦੇਦਾਰ ਹਾਜ਼ਰ ਸਨ।