ਸਾਈਕਲ ਰੈਲੀ ਕੱਢਣ ਤੋਂ ਪਹਿਲਾਂ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਕੀਤੀ ਅਰਦਾਸ

Monday, Jun 22, 2020 - 02:44 PM (IST)

ਸਾਈਕਲ ਰੈਲੀ ਕੱਢਣ ਤੋਂ ਪਹਿਲਾਂ ਬੈਂਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਕੀਤੀ ਅਰਦਾਸ

ਅੰਮ੍ਰਿਤਸਰ (ਅਨਜਾਣ) : ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਨ ਅਤੇ ਸਾਈਕਲ ਰੈਲੀ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਬੈਂਸ ਭਰਾਵਾਂ ਨੇ ਰੈਲੀ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਹੇਠਾਂ ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ। ਅੰਮ੍ਰਿਤਸਰ ਤੋਂ ਇਸ ਰੈਲੀ ਦੀ ਅਗਵਾਈ ਮਾਝੇ ਦੀ ਲੀਡਰਸ਼ਿਪ ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ ਤੇ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਕਰ ਰਹੇ ਸਨ। ਬੈਂਸ ਭਰਾਵਾਂ ਨੇ ਜਲ੍ਹਿਆਂਵਾਲੇ ਬਾਗ ਵਿਖੇ ਸ਼ਹੀਦ ਊਧਮ ਸਿੰਘ ਦੀ ਬੁੱਤ 'ਤੇ ਫੁੱਲ ਅਰਪਣ ਕੀਤੇ ਅਤੇ ਸ਼ਰਧਾਂਜਲੀ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ 50 ਸਾਈਕਲਾਂ ਦੇ ਕਾਫ਼ਲੇ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਇਹ ਮਾਰਚ ਕਿਸਾਨਾਂ 'ਤੇ ਲਾਗੂ ਕੀਤੇ ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਦੇ ਖਿਲਾਫ਼ ਕੱਢਿਆ ਜਾ ਰਿਹਾ ਹੈ। 280 ਕਿਲੋਮੀਟਰ ਦੀ ਇਹ 5 ਦਿਨਾਂ ਯਾਤਰਾ ਪਹਿਲੀ ਰਾਤ ਬਿਆਸ, ਦੂਜੀ ਰਾਤ ਜਲੰਧਰ, ਤੀਜੀ ਰਾਤ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾਂ, ਚੌਥੀ ਰਾਤ ਰੋਪੜ ਟਿੱਬੀ ਸਾਹਿਬ ਅਤੇ ਪੰਜਵੇਂ ਦਿਨ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪੇਗੀ। ਜਿਸ ਵਿਚ ਮੰਗ ਹੈ ਕਿ ਮੁੱਖ ਮੰਤਰੀ ਜਲਦ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕੇਂਦਰ ਦੇ ਬਿੱਲ ਦਾ ਵਿਰੋਧ ਕਰਨ ਕਿਉਂਕਿ ਇਹ ਅਧਿਕਾਰ ਸਿਰਫ਼ ਸੂਬੇ ਦਾ ਹੁੰਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ 'ਚ ਕੋਰੋਨਾ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਸ਼ੱਕੀ ਮਰੀਜ਼ ਦੀ ਮੌਤ  

PunjabKesari

ਉਨ੍ਹਾਂ ਕਿਹਾ ਕਿ ਸੰਵਿਧਾਨ ਰਚਨੇਤਾ ਡਾ. ਭੀਮ ਰਾਓ ਅੰਬੇਡਕਰ ਨੇ 7ਵੇਂ ਸ਼ਡਿਊਲ ਤੇ 14ਵੀਂ ਐਂਟਰੀ ਵਿਚ ਸਾਫ਼ ਕੀਤਾ ਹੈ ਕਿ ਖੇਤੀ ਉੱਤੇ ਕਾਨੂੰਨ ਬਣਾਉਨ ਦਾ ਅਧਿਕਾਰ ਸਿਰਫ ਸੂਬਾ ਸਰਕਾਰ ਦਾ ਹੁੰਦਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਸੁਧਾਰ ਨਿਯਮ ਬਣਾ ਕੇ ਸੂਬੇ ਦੇ ਹੱਕ 'ਤੇ ਡਾਕਾ ਮਾਰਿਆ ਹੈ। ਸੂਬੇ ਦੇ ਮੁੱਖ ਮੰਤਰੀ ਨੂੰ ਇਸ ਕਾਨੂੰਨ ਦਾ ਵਿਧਾਨ ਸਭਾ ਸੈਸ਼ਨ ਸੱਦ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਕਾਨੂੰਨ ਨੂੰ ਲਿਆ ਕੇ ਆਉਣ ਵਾਲੇ 10-12 ਸਾਲਾਂ ਵਿਚ ਕਿਸਾਨ ਨੂੰ ਜ਼ਮੀਨ ਰਹਿਤ ਕਰਨ ਦੀ ਸਾਜ਼ਿਸ਼ ਵਿਚ ਹੈ ਤਾਂ ਹੀ ਐੱਮ. ਐੱਸ. ਪੀ. ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਜਿੰਨੀ ਦੇਰ ਪੰਜਾਬ ਦੇ ਪਾਣੀ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਨੌਜਵਾਨੀ ਨੂੰ ਬਚਾ ਨਹੀਂ ਲੈਂਦੀ ਓਨੀ ਦੇਰ ਚੈਨ ਨਾਲ ਨਹੀਂ ਬੈਠੇਗੀ। ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਦੀਆਂ ਫੀਸਾਂ ਵਧਾ ਕੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਬਿਜਲੀ ਜੋ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ 10 ਪਲੱਸ ਹੈ। ਮੱਧਮ ਵਰਗ ਦੇ ਵਿਦਿਆਰਥੀ ਜੋ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ ਉਨ੍ਹਾਂ 'ਤੇ ਦੁੱਗਣੀਆਂ ਫੀਸਾਂ ਥੋਪ ਕੇ ਪੜ੍ਹਾਈ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਰੈਫਰੈਂਡਮ 2020 ਦੇ ਸੰਸਥਾਪਕ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

PunjabKesari

ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਭੇਦ ਭਾਵ 
ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਬੈਂਸ ਨੇ ਕਿਹਾ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਮੁਕੱਦਸ ਅਸਥਾਨ 'ਤੇ ਵੀ ਆ ਕੇ ਭੇਦ ਭਾਵ ਤੇ ਵਿਤਕਰੇ ਹੁੰਦੇ ਹਨ। ਜਿੱਥੇ ਉਪਦੇਸ਼ ਚਹੁੰ ਵਰਣਾ ਕੋ ਸਾਂਝਾ ਦੀ ਰੀਤ ਚੱਲਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਬਹੁਤ ਘਟੀਆਂ ਵਰਤਾਰਾ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੀਡੀਏ ਲਈ ਦੋ ਨਿਯਮ ਘੜੇ ਗਏ ਹਨ, ਜਦ ਤਾਂ ਕੋਈ ਆਪਣੀ ਪਾਰਟੀ ਦਾ ਨੁਮਾਇੰਦਾ ਆਉਂਦਾ ਹੈ ਤਾਂ ਉਦੋਂ ਮੀਡੀਆ ਫੋਟੋ ਗ੍ਰਾਫ਼ੀ ਵੀ ਕਰ ਸਕਦਾ ਹੈ ਅਤੇ ਵੀਡੀਓ ਵੀ ਬਣਾ ਸਕਦਾ ਹੈ ਪਰ ਜਦ ਕੋਈ ਕਿਸੇ ਹੋਰ ਪਾਰਟੀ ਦਾ ਨੇਤਾ ਆਉਂਦਾ ਹੈ ਤਾਂ ਮੀਡੀਏ ਨੂੰ ਅੰਦਰ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਂਦੀ। ਅਕਾਲੀਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਬਾਕੀ ਪਾਰਟੀ ਦੇ ਨੇਤਾਵਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ। ਕਈ ਵਾਰੀ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਕਰਮਚਾਰੀ ਮੀਡੀਏ ਨਾਲ ਇਸ ਭੇਦ ਭਾਵ ਲਈ ਬਹਿਸਬਾਜ਼ੀ ਵੀ ਕਰਦੇ ਹਨ ਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਸਖ਼ਤੀ ਨਾਲ ਰੋਕਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਪਠਾਨਕੋਟ ਜ਼ਿਲ੍ਹੇ 'ਚ ਕੋਰੋਨਾ ਦੇ 7 ਨਵੇਂ ਮਰੀਜ਼ ਆਏ ਸਾਹਮਣੇ     


author

Gurminder Singh

Content Editor

Related News