ਸ੍ਰੀ ਅਕਾਲ ਤਖਤ ''ਤੇ ਪੇਸ਼ ਹੋ ਕੇ ਭੁੱਲਾਂ ਲਈ ''ਖਿਮਾ'' ਮੰਗੇਗਾ ਅਕਾਲੀ ਦਲ

12/07/2018 6:48:05 PM

ਚੰਡੀਗੜ੍ਹ : ਆਪਣੇ ਕਾਰਜਕਾਲ ਦੇ ਪਿਛਲੇ ਦਲ ਸਾਲਾਂ ਦੌਰਾਨ ਪਾਰਟੀ ਵਲੋਂ ਹੋਈਆਂ ਭੁੱਲਾਂ ਅਤੇ ਗਲਤੀਆਂ ਲਈ ਸਮੁੱਚਾ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਪਸ਼ਚਾਤਾਪ ਕਰਦਿਆਂ ਮੁਆਫੀ ਮੰਗੇਗਾ। ਇਸ ਦਾ ਫੈਸਲਾ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਪਿਛੋਂ ਪਾਰਟੀ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਦੌਰਾਨ ਲਿਆ ਗਿਆ। 

PunjabKesari
ਇਸ ਮੰਤਵ ਲਈ ਅਕਾਲੀ ਦਲ ਦੀ ਕੋਰ ਕੇਮਟੀ, ਵਰਕਿੰਗ ਕਮੇਟੀ, ਵਿਧਾਇਕ, ਹਲਕਾ ਇੰਚਾਰਜ, ਜ਼ਿਲਾ ਤੇ ਸਰਕਲ ਪ੍ਰਧਾਨ 8 ਦਸੰਬਰ ਨੂੰ ਸਵੇਰੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣਗੇ। ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਸ ਦੇ ਭੋਗ 10 ਦਸੰਬਰ ਨੂੰ ਪੈਣਗੇ। ਪਾਰਟੀ ਵਲੋਂ ਭਾਵੇਂ ਆਪਣੇ ਇਸ ਪ੍ਰੋਗਰਾਮ ਨੂੰ ਗੁਪਤ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਪਾਰਟੀ ਦਫਤਰ ਵਲੋਂ ਜਾਰੀ ਕੀਤੇ ਮਤਿਆਂ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਸੂਤਰਾਂ ਮੁਤਾਬਕ ਪਾਰਟੀ ਆਗੂਆਂ ਦਾ ਇਹ ਵਿਚਾਰ ਸੀ ਕਿ ਅਕਾਲੀ ਦਲ ਦੀ ਮਗਰਲੇ 10 ਸਾਲਾਂ ਦੀ ਸਰਕਾਰ ਦੌਰਾਨ ਕਈ ਅਜਿਹੇ ਕੰਮ ਵੀ ਹੋ ਗਏ, ਜਿਨ੍ਹਾਂ ਕਾਰਨ ਸੂਬੇ ਦੇ ਲੋਕ ਅਤੇ ਸਿੱਖ ਭਾਈਚਾਰਾ ਪਾਰਟੀ ਤੋਂ ਕਾਫੀ ਨਾਰਾਜ਼ ਅਤੇ ਨਿਰਾਸ਼ ਹੈ। 

PunjabKesari
ਖਾਸ ਕਰਕੇ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੇ ਤਾਰ ਸੱਚਾ ਸੌਦਾ ਡੇਰੇ ਨਾਲ ਜੁੜੇ ਹੋਣ ਦੇ ਖੁਲਾਸੇ ਤੋਂ ਬਾਅਦ ਅਕਾਲੀ ਦਲ ਦੀ ਸਥਿਤੀ ਕਾਫੀ ਪਤਲੀ ਬਣੀ ਹੋਈ ਹੈ। ਬਾਅਦ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਨੂੰ ਮੁਆਫੀ ਦੇਣ ਦੇ ਫੈਸਲੇ 'ਤੇ ਵੀ ਅਕਾਲੀ ਦਲ ਦੀ ਜਵਾਬਦੇਹੀ ਮੁਸ਼ਕਲ ਬਣੀ ਹੋਈ ਹੈ। ਅਜਿਹੇ ਵਿਚ ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਨਮੁੱਖ ਪੇਸ਼ ਹੋ ਕੇ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਮੰਗੀ ਜਾਵੇ।


Gurminder Singh

Content Editor

Related News