ਧੁੰਦ 'ਚ ਡਰਾਈਵਿੰਗ ਕਰਦੇ ਵਕਤ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਹਾਦਸਾ
Monday, Dec 19, 2022 - 11:58 AM (IST)
ਜਲੰਧਰ - ਸਰਦੀਆਂ ਪੂਰੇ ਜੋਬਨ 'ਤੇ ਹਨ ਅਤੇ ਧੁੰਦ ਪੈਣੀ ਵੀ ਸ਼ੁਰੂ ਹੋ ਚੁੱਕੀ ਹੈ। ਧੁੰਦ ਜ਼ਿਆਦਾ ਹੋਣ ਕਾਰਨ ਅਕਸਰ ਦੁਰਘਟਨਾ ਹੋਣ ਦਾ ਖ਼ਤਰਾ ਹੈ ਜਿਸ ਕਾਰਨ ਰਾਤ ਅਤੇ ਸਵੇਰ ਸਮੇਂ ਕਾਰ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਇਸ 'ਚ ਸਭ ਤੋਂ ਜ਼ਿਆਦਾ ਮੁਸ਼ਕਲਾਂ ਡਰਾਇਵਰ ਨੂੰ ਹੁੰਦੀਆਂ ਹੈ। ਸਰਦੀਆਂ ਦੇ ਸੰਘਣੇ ਕੋਹਰੇ 'ਚ ਡਰਾਈਵਿੰਗ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ। ਹਰ ਸਾਲ ਧੁੰਦ ਕਾਰਨ ਅਨੇਕਾਂ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾਂਦੀਆਂ ਹਨ। ਸੜਕਾਂ 'ਤੇ ਲੱਗੇ ਹੋਏ ਬੋਰਡ ਅਕਸਰ ਦੇਖਣ ਨੂੰ ਮਿਲਦੇ ਹਨ ਜਿਸ 'ਚ ਲਿਖਿਆ ਹੁੰਦਾ ਹੈ ਕਿ 'ਦੁਰਘਟਨਾ ਨਾਲੋਂ ਨਾਲੋਂ ਦੇਰੀ ਭਲੀ'। ਜਿਸ ਨੂੰ ਹਰ ਕੋਈ ਲਾਗੂ ਨਹੀਂ ਕਰਦਾ ਪਰ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਅਮਲ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਡਰਾਈਵਿੰਗ ਕਰਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਡੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਬਚਾਅ ਸਕਦੀ ਹੈ। ਜੋ ਕੁਝ ਇਸ ਪ੍ਰਕਾਰ ਹਨ-
ਹੌਲੀ ਗੱਡੀ ਚਲਾਓ
ਕੋਹਰੇ 'ਚ ਵਿਜ਼ਿਬਿਲਟੀ ਘੱਟ ਹੋਣ ਕਾਰਨ ਹਾਦਸੇ ਹੁੰਦੇ ਹਨ। ਅਜਿਹੇ 'ਚ ਗੱਡੀ ਹੌਲੀ ਚਲਾਉਣੀ ਚਾਹੀਦੀ ਹੈ। ਗੱਡੀ ਚਾਹੇ ਫੋਰ ਜਾਂ ਟੂ ਵੀਲ੍ਹਰ ਹੋਵੇ। ਕੋਹਰੇ ਕਾਰਨ ਸੜਕਾਂ ਗਿੱਲੀਆਂ ਹੋ ਜਾਂਦੀਆਂ ਹਨ ਜਿਸ ਕਾਰਨ ਸਲਿਪ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
ਆਪਣੀ ਲਾਈਨ ਵਿੱਚ ਚੱਲੋ
ਧੁੰਦ 'ਚ ਗੱਡੀ ਚਲਾਉਂਦੇ ਸਮੇਂ ਆਪਣੀ ਲਾਈਨ ਵਿਚ ਚੱਲੋ। ਵਾਰ-ਵਾਰ ਲਾਈਨ ਬਦਲਣ ਨਾਲ ਦੂਸਰਿਆਂ ਨੂੰ ਸਮੱਸਿਆ ਹੋ ਸਕਦੀ ਹੈ। ਆਪਣੀ ਲੇਨ ਵਿੱਚ ਚੱਲਦੇ ਸਮੇਂ ਤੁਸੀਂ ਕਿਸੇ ਅਣਹੋਣੀ ਤੋਂ ਵੀ ਆਸਾਨੀ ਨਾਲ ਬਚ ਸਕਦੇ ਹੋ।
ਸਮੇਂ ਤੋਂ ਪਹਿਲਾਂ ਘਰੋਂ ਨਿਕਲੋ
ਅਕਸਰ ਲੋਕ ਸਵੇਰੇ ਗੱਡੀ ਰਫ਼ਤਾਰ ਨਾਲ ਚਲਾਉਂਦੇ ਹਨ ਤਾਂ ਕਿ ਸਮੇਂ ਉੱਤੇ ਦਫ਼ਤਰ ਪਹੁੰਚਿਆ ਜਾ ਸਕੇ। ਅਜਿਹੇ ਵਿੱਚ ਰਾਹ 'ਚ ਧੁੰਦ ਹੋਣ ਕਾਰਨ ਥੋੜ੍ਹਾ ਵਕਤ ਵੀ ਲੱਗ ਸਕਦਾ ਹੈ ਤਾਂ ਕਿ ਤੁਹਾਨੂੰ ਦੇਰੀ ਨਾ ਹੋਵੇ ਤੇ ਤੁਸੀਂ ਸਮੇਂ ਸਿਰ ਆਪਣੇ ਦਫ਼ਤਰ ਜਾਂ ਜਿੱਥੇ ਜਾ ਰਹੇ ਹੋ ਉਥੇ ਪਹੁੰਚ ਸਕੋ।
ਲੋਅ ਬੀਮ ਲਾਈਟ, ਹੈੱਡ ਲੈਂਪ ਤੇ ਫੋਗ ਲੈਂਪ ਦੀ ਵਰਤੋਂ ਕਰੋ
ਡਰਾਈਵਿੰਗ ਦੌਰਾਨ ਹਾਈ ਬੀਮ ਲਾਈਟ ਤੇ ਫੋਗ ਲੈਂਪਸ ਦਾ ਇਸਤੇਮਾਲ ਕਰਨ ਤੋਂ ਬਚੋ। ਇਸ ਨਾਲ ਦੂਸਰਿਆਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਕੁਝ ਦੇਰ ਰੁਕੋ
ਜੇਕਰ ਡਰਾਈਵਿੰਗ ਸਮੇਂ ਕੁਝ ਨਾ ਦਿੱਸੇ ਤਾਂ ਗੱਡੀ ਨੂੰ ਸਹੀ ਜਗ੍ਹਾ ਪਾਰਕ ਕਰਕੇ ਮੌਸਮ ਸਾਫ਼ ਹੋਣ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਗੱਡੀ ਖੜ੍ਹੀ ਕਰਨ ਮਗਰੋਂ ਪਾਰਕਿੰਗ ਲਾਈਟ ਔਨ ਕਰਨਾ ਨਾ ਭੁੱਲੋ।
ਗੱਡੀ ਚਲਾਉਂਦੇ ਸਮੇਂ ਦੂਰੀ ਬਣਾਓ
ਗੱਡੀ ਚਲਾਉਂਦੇ ਸਮੇਂ ਵਾਹਨਾਂ ਨੂੰ ਸਹੀ ਦੂਰੀ ਉੱਤੇ ਰੱਖੋ। ਇਸ ਨਾਲ ਸਮੇਂ ਰਹਿੰਦੇ ਤੁਸੀਂ ਫ਼ੈਸਲਾ ਲੈ ਸਕੋਗੇ। ਕੋਹਰੇ ਸਮੇਂ ਡਿਸਟੈਂਸ ਥੋੜ੍ਹਾ ਜ਼ਿਆਦਾ ਮੈਂਟੇਨ ਕਰੋ। ਇਸ ਨਾਲ ਤੁਸੀਂ ਗੱਡੀ ਨੂੰ ਜ਼ਿਆਦਾ ਨੁਕਸਾਨ ਤੋਂ ਵੀ ਬਚਾ ਸਕੋਗੇ ਤੇ ਕਿਸੇ ਅਣਹੋਣੀ ਨੂੰ ਵੀ ਟਾਲ ਸਕੋਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।