ਪੰਜਾਬ 'ਚ ਬਣੇ ਕਫ ਸਿਰਪ 'ਤੇ WHO ਨੇ ਚੁੱਕੇ ਸਵਾਲ, ਸਾਹਮਣੇ ਆਇਆ ਕੰਪਨੀ ਦਾ ਪੱਖ
Wednesday, Apr 26, 2023 - 03:16 PM (IST)
ਡੇਰਾਬੱਸੀ (ਏਜੰਸੀ): ਡਬਲਯੂ.ਐੱਚ.ਓ. ਵੱਲੋਂ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਪੰਜਾਬ ਵਿੱਚ ਬਣੇ ਕਫ਼ ਸਿਰਪ (ਖੰਘ ਦੀ ਦਵਾਈ) ਸਬੰਧੀ ਇੱਕ ਉਤਪਾਦ ਚੇਤਾਵਨੀ ਜਾਰੀ ਕਰਨ ਤੋਂ ਬਾਅਦ, QP Pharma Chem Limited ਦੇ ਮੈਨੇਜਿੰਗ ਡਾਇਰੈਕਟਰ, ਸੁਧੀਰ ਪਾਠਕ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਕਿਸੇ ਨੇ ਇਸ ਸਿਰਪ ਦੀ ਨਕਲ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ Guaifenesin Syrup TG Syrup "ਦੂਸ਼ਿਤ" ਪਾਏ ਜਾਣ ਤੋਂ ਬਾਅਦ 'ਡਬਲਯੂ.ਐੱਚ.ਓ. ਮੈਡੀਕਲ ਉਤਪਾਦ ਅਲਰਟ' ਜਾਰੀ ਕੀਤਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਇਹ ਵਰਤੋਂ ਲਈ ਅਸੁਰੱਖਿਅਤ ਹੈ, ਖਾਸ ਕਰਕੇ ਬੱਚਿਆਂ ਵਿੱਚ। ਦੱਸ ਦੇਈਏ ਕਿ ਪ੍ਰਭਾਵਿਤ ਉਤਪਾਦ ਦਾ ਨਿਰਮਾਤਾ ਪੰਜਾਬ, ਭਾਰਤ ਵਿੱਚ QP Pharma Chem Limited ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਉਤਪਾਦ ਦਾ ਮਾਰਕੀਟਰ ਹਰਿਆਣਾ ਵਿੱਚ ਟ੍ਰਿਲੀਅਮ ਫਾਰਮਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਦੇ ਕਤਲ ਦਾ ਮਾਮਲਾ, ਮੁਲਜ਼ਮ ਧਰਮ ਸਿੰਘ ਧਾਲੀਵਾਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਪੰਜਾਬ ਦੇ ਡੇਰਾਬੱਸੀ ਸਥਿਤ ਫਰਮ ਦੇ ਐੱਮ.ਡੀ. ਸੁਧੀਰ ਪਾਠਕ ਨੇ ਕਿਹਾ ਕਿ ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੂੰ ਸ਼ੱਕ ਹੈ ਕਿ ਕਿਸੇ ਨੇ ਕੰਬੋਡੀਆ ਨੂੰ ਭੇਜੇ ਗਏ ਉਤਪਾਦ (ਕਫ਼ ਸਿਰਪ) ਦੀ ਨਕਲ ਕੀਤੀ ਹੈ ਅਤੇ ਫਿਰ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਮਾਰਸ਼ਲ ਆਈਲੈਂਡਜ਼ ਅਤੇ ਮਾਈਕ੍ਰੋਨੇਸ਼ੀਆ ਵਿੱਚ ਵੇਚ ਦਿੱਤਾ ਹੈ।" ਪਾਠਕ ਨੇ ਦੱਸਿਆ ਕਿ ਐੱਫ.ਡੀ.ਏ. ਵਿਭਾਗ ਨੇ ਕਫ਼ ਸਿਰਪ ਦੇ ਸੈਂਪਲ ਲਏ ਸਨ ਅਤੇ ਜਾਂਚ ਲਈ ਕੰਬੋਡੀਆ ਭੇਜੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਐੱਫ. ਡੀ. ਏ. ਵਿਭਾਗ ਨੇ ਜਾਂਚ ਲਈ ਕੰਬੋਡੀਆ ਭੇਜੇ ਗਏ ਕਫ਼ ਸਿਰਪ ਦੇ ਨਮੂਨੇ ਲਏ ਹਨ। ਕਫ਼ ਸਿਰਪ ਦੀਆਂ ਕੁੱਲ 18,336 ਬੋਤਲਾਂ ਭੇਜੀਆਂ ਗਈਆਂ ਸਨ।
WHO ਦੀ ਰਿਪੋਰਟ ਦੇ ਅਨੁਸਾਰ, Guaifenesin Syrup TG Syrup ਵਿਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਦੇ ਦੂਸ਼ਿਤ ਤੱਤਾਂ ਦੀ ਅਸਵੀਕਾਰਨਯੋਗ ਮਾਤਰਾ ਪਾਈ ਗਈ ਸੀ। ਮਾਰਸ਼ਲ ਆਈਲੈਂਡਜ਼ ਤੋਂ Guaifenesin Syrup TG Syrup ਦੇ ਨਮੂਨਿਆਂ ਦਾ ਆਸਟਰੇਲੀਆ ਦੇ ਥੈਰੇਪਿਊਟਿਕ ਗੁਡਜ਼ ਐਡਮਿਨਿਸਟ੍ਰੇਸ਼ਨ (ਟੀਜੀਏ) ਦੀਆਂ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾਵਾਂ ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਸੀ। ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਉਤਪਾਦ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਐਥੀਲੀਨ ਗਲਾਈਕੋਲ ਦੀ ਅਸਵੀਕਾਰਨਯੋਗ ਮਾਤਰਾ ਦੂਸ਼ਿਤ ਪਦਾਰਥਾਂ ਦੇ ਰੂਪ ਵਿੱਚ ਸ਼ਾਮਲ ਸੀ। WHO ਦੀ ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਅੱਜ ਤੱਕ, ਨਾ ਤਾਂ ਕਥਿਤ ਨਿਰਮਾਤਾ ਅਤੇ ਨਾ ਹੀ ਮਾਰਕੀਟਰ ਨੇ ਇਹਨਾਂ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ 'ਤੇ WHO ਨੂੰ ਗਾਰੰਟੀ ਪ੍ਰਦਾਨ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕੀ ਭਾਰਤੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਜ਼ਿਆਦਾ, ਸਾਲਾਨਾ 83 ਲੱਖ ਰੁਪਏ ਤੋਂ ਵੱਧ ਹੈ ਕਮਾਈ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।