ਮਿੰਨੀ ਸਕੱਤਰੇਤ ਦੀਆਂ ਕੰਧਾਂ ''ਤੇ ਪਰਵਾਸੀਆਂ ਖ਼ਿਲਾਫ਼ ਲਿਖੇ ਨਾਅਰੇ, ਪ੍ਰਸ਼ਾਸਨ ਨੇ ਤੁਰੰਤ ਮਿਟਵਾਏ
Monday, Jul 20, 2026 - 11:08 AM (IST)
ਬਠਿੰਡਾ (ਵਿਜੈ ਵਰਮਾ) : ਸ਼ਹਿਰ ਦੇ ਮਿੰਨੀ ਸਕੱਤਰੇਤ ਦੀਆਂ ਬਾਹਰੀ ਕੰਧਾਂ 'ਤੇ ਐਤਵਾਰ ਦੇਰ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਰਵਾਸੀ ਭਾਈਚਾਰੇ ਦੇ ਵਿਰੋਧ 'ਚ ਇਤਰਾਜ਼ਯੋਗ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਨਾਅਰੇ ਮਿਟਵਾ ਦਿੱਤੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਦਫ਼ਤਰ ਅਤੇ ਡੀ. ਸੀ. ਨਿਵਾਸ ਦੇ ਨੇੜੇ ਸਥਿਤ ਮਿੰਨੀ ਸਕੱਤਰੇਤ ਦੀਆਂ ਬਾਹਰੀ ਕੰਧਾਂ 'ਤੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਪ੍ਰਵਾਸੀਆਂ ਦੇ ਵਿਰੋਧ 'ਚ ਇਤਰਾਜ਼ਯੋਗ ਨਾਅਰੇ ਲਿਖ ਦਿੱਤੇ। ਸੋਮਵਾਰ ਸਵੇਰੇ ਸਥਾਨਕ ਲੋਕਾਂ ਦੀ ਨਜ਼ਰ ਇਨ੍ਹਾਂ ਨਾਅਰਿਆਂ 'ਤੇ ਪਈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਐਤਵਾਰ ਹੋਣ ਕਾਰਨ ਮਿੰਨੀ ਸਕੱਤਰੇਤ 'ਚ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਘੱਟ ਸੀ, ਜਿਸ ਕਾਰਨ ਘਟਨਾ ਦਾ ਪਤਾ ਕੁੱਝ ਦੇਰ ਬਾਅਦ ਲੱਗਾ।
ਸਥਾਨਕ ਲੋਕਾਂ ਮੁਤਾਬਕ ਗੇਟ ਨੰਬਰ-4 ਤੋਂ ਅੱਗੇ ਕਰੀਬ ਚਾਰ ਥਾਵਾਂ 'ਤੇ ਕੰਧਾਂ 'ਤੇ ਨਾਅਰੇ ਲਿਖੇ ਗਏ ਸਨ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਸਮਾਜਿਕ ਤਣਾਅ ਨੂੰ ਰੋਕਣ ਲਈ ਕੰਧਾਂ 'ਤੇ ਕਾਲਖ ਫੇਰ ਕੇ ਅਤੇ ਮੁੜ ਰੰਗ ਕਰਵਾ ਕੇ ਨਾਅਰੇ ਪੂਰੀ ਤਰ੍ਹਾਂ ਮਿਟਵਾ ਦਿੱਤੇ। ਇਸ ਘਟਨਾ ਤੋਂ ਬਾਅਦ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐੱਸ. ਐੱਸ. ਪੀ. ਦਫ਼ਤਰ, ਡੀ. ਸੀ. ਨਿਵਾਸ ਅਤੇ ਮਿੰਨੀ ਸਕੱਤਰੇਤ ਵਰਗੇ ਸੰਵੇਦਨਸ਼ੀਲ ਸਰਕਾਰੀ ਕੰਪਲੈਕਸਾਂ ਦੇ ਆਲੇ-ਦੁਆਲੇ ਰਾਤ ਸਮੇਂ ਪੁਲਸ ਗਸ਼ਤ ਅਤੇ ਨਿਗਰਾਨੀ ਹੋਰ ਸਖ਼ਤ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਵੀ ਇਸੇ ਇਲਾਕੇ ਦੀਆਂ ਕੰਧਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨ ਹਮਾਇਤੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਵਾਰ ਫਿਰ ਸਰਕਾਰੀ ਕੰਪਲੈਕਸ ਦੀਆਂ ਕੰਧਾਂ 'ਤੇ ਭੜਕਾਊ ਨਾਅਰੇ ਲਿਖੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਫਿਲਹਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਨਾਅਰੇ ਲਿਖਣ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
