ਕਾਰਪੋਰੇਸ਼ਨ ਕੁਰੱਪਸ਼ਨ ਦਾ ਸਭ ਤੋਂ ਵੱਡਾ ਅੱਡਾ : ਬੈਂਸ

Thursday, Apr 12, 2018 - 04:20 AM (IST)

ਕਾਰਪੋਰੇਸ਼ਨ ਕੁਰੱਪਸ਼ਨ ਦਾ ਸਭ ਤੋਂ ਵੱਡਾ ਅੱਡਾ : ਬੈਂਸ

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪਿਛਲੇ ਦਿਨੀਂ ਸਾਹਮਣੇ ਆਈ ਇਕ ਆਡੀਓ 'ਚ ਨਗਰ ਨਿਗਮ ਲੁਧਿਆਣਾ ਦੇ ਇਕ ਅਧਿਕਾਰੀ ਤੇ ਪਟਿਆਲਾ 'ਚ ਤਾਇਨਾਤ ਨਿਗਮ ਅਧਿਕਾਰੀ ਦੀ ਗੱਲਬਾਤ ਸਬੰਧੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸ਼ਿਕਾਇਤ ਭੇਜ ਕੇ ਦੋਵਾਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਲੁਧਿਆਣਾ 'ਚ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਰੇਹੜੀ-ਫੜ੍ਹੀ ਮਾਫੀਆ ਮਿਲੀਭੁਗਤ ਕਰ ਕੇ ਹਰ ਸਾਲ ਕਰੀਬ 200 ਕਰੋੜ ਰੁਪਏ ਦਾ ਚੂਨਾ ਲਾ ਰਿਹਾ ਹੈ। 
ਵਿਧਾਇਕ ਬੈਂਸ ਨੇ ਪੱਤਰ 'ਚ ਲਿਖਿਆ ਹੈ ਕਿ ਕਾਰਪੋਰੇਸ਼ਨ ਲੁਧਿਆਣਾ ਕੁਰੱਪਸ਼ਨ ਦਾ ਸਭ ਤੋਂ ਵੱਡਾ ਅੱਡਾ ਬਣਦਾ ਜਾ ਰਿਹਾ ਹੈ। ਆਡੀਓ 'ਚ ਪਟਿਆਲਾ ਤੋਂ ਗੱਲ ਕਰਨ ਵਾਲੇ ਅਧਿਕਾਰੀ ਨਿਗਮ ਕਮਿਸ਼ਨਰ ਦੇ ਸੈਕਟਰੀ ਵਜੋਂ ਤਾਇਨਾਤ ਜਸਦੇਵ ਸਿੰਘ ਸੇਖੋਂ ਵੱਲੋਂ ਲੁਧਿਆਣਾ 'ਚ ਤਾਇਨਾਤ ਅਧਿਕਾਰੀ ਨੂੰ ਮੰਦਾ-ਚੰਗਾ ਬੋਲਣ ਦੇ ਨਾਲ-ਨਾਲ ਸਾਫ ਪਤਾ ਲੱਗ ਰਿਹਾ ਹੈ ਕਿ ਉਸ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਲੱਗਦੀਆਂ ਰੇਹੜੀਆਂ-ਫੜ੍ਹੀਆਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ, ਜਿਸ 'ਚ ਉਸ ਅਧਿਕਾਰੀ ਦੇ ਹੀ ਅੱਗੇ ਰੱਖੇ ਆਪਣੇ ਹੇਠਲੇ ਕਰਮਚਾਰੀਆਂ ਤੇ ਪ੍ਰਾਈਵੇਟ ਵਿਅਕਤੀਆਂ ਨੂੰ ਵਸੂਲੀ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਲੁਧਿਆਣਾ ਦੇ ਵੱਖ-ਵੱਖ ਬਾਜ਼ਾਰਾਂ ਤੇ ਗਲੀਆਂ-ਮੁਹੱਲਿਆਂ 'ਚ ਤਕਰੀਬਨ ਰੋਜ਼ਾਨਾ 30 ਤੋਂ 40 ਹਜ਼ਾਰ ਰੇਹੜੀਆਂ-ਫੜ੍ਹੀਆਂ ਲੱਗਦੀਆਂ ਹਨ ਤੇ ਨਿਗਮ ਅਧਿਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਰਾਜਨੀਤਕ ਆਗੂਆਂ ਦੇ ਕਰਿੰਦੇ ਤੇ ਰੇਹੜੀ ਫੜ੍ਹੀ ਮਾਫੀਆ ਦੇ ਇਹ ਲੋਕ ਹਫਤਾ ਵਸੂਲੀ ਕਰਦੇ ਹਨ ਤੇ ਨਗਰ ਨਿਗਮ ਲੁਧਿਆਣਾ ਨੂੰ ਹਰ ਸਾਲ 200 ਕਰੋੜ ਰੁਪਏ ਦਾ ਚੂਨਾ ਲਾਉਂਦੇ ਹਨ। ਰੇਹੜੀ-ਫੜ੍ਹੀ ਮਾਫੀਆ ਦੀ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੰਢ ਤੁੱਪ ਕਰ ਕੇ ਹੀ ਸਟ੍ਰੀਟ ਵੈਂਡਰ ਪਾਲਿਸੀ ਵੀ ਅਜੇ ਤੱਕ ਲਾਗੂ ਨਹੀਂ ਹੋ ਸਕੀ। ਉਨ੍ਹਾਂ ਨਿਗਮ 'ਚ ਤਾਇਨਾਤ ਦੋਨੋਂ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਤਾਂ ਹੀ ਲੁਧਿਆਣਾ ਸ਼ਹਿਰ ਨੂੰ ਰੇਹੜੀ-ਫੜ੍ਹੀ ਮਾਫੀਆ ਤੋਂ ਛੁਟਕਾਰਾ ਮਿਲ ਸਕਦਾ ਹੈ ਤੇ ਨਗਰ ਨਿਗਮ ਲੁਧਿਆਣਾ ਦਾ ਮਾਲੀਆ ਵੀ ਵਧਾਇਆ ਜਾ ਸਕਦਾ ਹੈ।


Related News