ਬੈਂਸ ਦੇ ਜਬਰ ਖਿਲਾਫ ਪਟਵਾਰ ਯੂਨੀਅਨ ਨੇ ਵਿੱਢਿਆ ਸੰਘਰਸ਼

11/25/2017 10:51:32 AM

ਬਾਘਾਪੁਰਾਣਾ (ਚਟਾਨੀ)-ਸੱਤਾ ਦੀ ਹੈਂਕੜ 'ਚ ਸਰਕਾਰੀ ਕੰਮਾਂ 'ਚ ਵਿਘਨ ਪਾਉਣ ਵਾਲੇ ਸਿਆਸਤਦਾਨਾਂ ਖਿਲਾਫ ਸਰਕਾਰ ਵੱਲੋਂ ਸਖਤ ਕਾਰਵਾਈ ਕਰਨੀ ਬਣਦੀ ਹੈ ਪਰ ਜੇਕਰ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਤੋਂ ਭੱਜਦੀ ਵੀ ਹੈ ਤਾਂ ਮੁਲਾਜ਼ਮ ਵਰਗ ਅਜਿਹੇ ਸਿਆਸਤਦਾਨਾਂ ਨੂੰ ਆਪਣੇ ਪੱਧਰ 'ਤੇ ਅਹਿਸਾਸ ਕਰਵਾਉਣ ਲਈ ਹਮੇਸ਼ਾ ਅੱਗੇ ਆਉਂਦਾ ਰਹੇਗਾ।
ਇਹ ਗੱਲ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਭੂਸ਼ਣ ਕੁਮਾਰ ਗੋਇਲ ਨੇ ਸਿਮਰਜੀਤ ਸਿੰਘ ਬੈਂਸ ਵੱਲੋਂ ਪਟਵਾਰ ਹਲਕਾ ਗਿੱਲ ਕਲਾਂ ਦੇ ਦਫਤਰ 'ਚ ਕੀਤੀ ਗਈ ਕਥਿਤ ਹੁੱਲੜਬਾਜ਼ੀ ਦੇ ਵਿਰੋਧ 'ਚ ਲੁਧਿਆਣਾ ਜ਼ਿਲਾ ਤੇ ਪਟਿਆਲਾ ਹਲਕੇ 'ਚ ਕੀਤੇ ਜਾ ਰਹੇ ਵਾਧੂ ਹਲਕਿਆਂ ਦੇ ਕੰਮ ਦੇ ਬਾਈਕਾਟ ਸਬੰਧੀ ਰੱਖੀ ਮੀਟਿੰਗ ਦੌਰਾਨ ਕਹੀ।  ਸ਼੍ਰੀ ਗੋਇਲ ਨੇ ਦੱਸਿਆ ਕਿ ਪੰਜਾਬ ਬਾਡੀ ਦੇ ਮਤਾ ਨੰ. 271 ਦੇ ਫੈਸਲੇ ਅਨੁਸਾਰ ਸਿਆਸਤਦਾਨਾਂ ਦੇ ਜ਼ਬਰ ਖਿਲਾਫ ਸਮੁੱਚੇ ਵਾਧੂ ਹਲਕਿਆਂ ਦੇ ਕੰਮ ਨਹੀਂ ਕੀਤੇ ਜਾਣਗੇ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਜੇਕਰ ਪਟਵਾਰੀਆਂ ਖਿਲਾਫ ਮੰਦੀ ਭਾਸ਼ਾ ਬੋਲਣ ਵਾਲੇ ਬੈਂਸ ਖਿਲਾਫ 26 ਨਵੰਬਰ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਪੰਜਾਬ ਭਰ 'ਚ ਵਾਧੂ ਹਲਕਿਆਂ ਦਾ ਕੰਮ ਹਰਗਿਜ਼ ਨਹੀਂ ਸੰਭਾਲਿਆ ਜਾਵੇਗਾ ਅਤੇ ਮੋਗਾ ਜ਼ਿਲਾ ਇਸ ਵਿਰੋਧ 'ਚ ਆਪਣੀ ਸਰਗਰਮ ਹਾਜ਼ਰੀ ਲਾਵੇਗਾ।  ਜ਼ਿਲਾ ਪ੍ਰਧਾਨ ਨੇ ਦੱਸਿਆ ਕਿ ਇਸ ਸੰਘਰਸ਼ ਨੂੰ ਸਫਲਤਾ ਦੇ ਮੁਕਾਮ ਤੱਕ ਲਿਜਾਣ ਵਾਸਤੇ ਲਾਮਬੰਦੀ ਤੇਜ਼ ਕੀਤੀ ਜਾਵੇਗੀ। ਇਸ ਸਬੰਧੀ ਇਕ ਮੰਗ-ਪੱਤਰ ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ ਗਿਆ।


Related News