1984 ’ਚ ਸਿੱਖਾਂ‘ ਤੇ ਹੋਏ ਤਸ਼ੱਦਦ ਦਾ ਰਿਕਾਰਡ ਇਕੱਠਾ ਕਰੇਗਾ ਸ੍ਰੀ ਅਕਾਲ ਤਖ਼ਤ ਸਾਹਿਬ : ਗਿ.ਹਰਪ੍ਰੀਤ ਸਿੰਘ (ਵੀਡੀਓ)
Tuesday, Jun 01, 2021 - 06:38 PM (IST)
ਅੰਮ੍ਰਿਤਸਰ (ਅਨਜਾਣ) - ਜੂਨ 1984 ਵਿੱਚ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੇ ਦੁਖਾਂਤ ਦੇ ਤਸ਼ੱਦਦ ਦਾ ਰਿਕਾਰਡ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕੱਠਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਬਕਾ ਫੈਡਰੇਸ਼ਨ ਆਗੂ ਹਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਸਮੇਂ ਕੀਤਾ।
ਉਨ੍ਹਾਂ ਹਰਵਿੰਦਰ ਸਿੰਘ ਖਾਲਸਾ ਤੋਂ 1984 ਤੋਂ ਪਹਿਲਾਂ ਅਤੇ ਬਾਅਦ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਉਹ ਗੱਲਾਂ ਕਿਤਾਬਾਂ ‘ਚੋਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ, ਜੋ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਸੁਣਿਆਂ ਪਤਾ ਲੱਗਦੀਆਂ ਹਨ। ਇਸੇ ਕਰਕੇ ਇਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਸੇਵਕ ਦਾ ਸਨਮਾਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚਾਹੇ ਜੂਨ 1984 ਦੇ ਸਿੱਖ ਕਤਲੇਆਮ ਦਾ ਦੌਰ ਜਾਂ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜਾਂ ਵੱਲੋਂ ਹਮਲਾ ਜਾਂ ਫੇਰ ਕੋਈ ਹੋਰ ਦੌਰ ਹੋਵੇ ਕਈ-ਕਈ ਵਾਰ ਜਿਨ੍ਹਾਂ ਲੋਕਾਂ ਨੇ ਇਹ ਤਸ਼ੱਦਦ ਹੱਡੀਂ ਹੰਢਾਇਆ, ਉਨ੍ਹਾਂ ਕੋਲੋਂ ਸੁਣ ਕੇ ਅੰਗਰੇਜ਼ਾਂ ਤੇ ਮੁਗਲਾਂ ਵੱਲੋਂ ਕੀਤੇ ਜ਼ੁਲਮ ਇਸ ਅੱਗੇ ਫਿੱਕੇ ਪੈ ਜਾਂਦੇ ਨੇ। ਅੱਜ ਵੀ ਇਸ ਪੰਜ ਭੌਤਿਕ ਸਰੀਰ ‘ਚ ਉਹ ਮਾਤਾਵਾਂ ਭੈਣਾਂ ਤੇ ਮੇਰੇ ਵੀਰ ਜਿਊਂਦੇ ਨੇ, ਜਿਨ੍ਹਾਂ ‘ਤੇ ਸਰਕਾਰਾਂ ਨੇ ਜ਼ੁਲਮ ਕਰਦਿਆਂ ਕਿਸ ਤਰ੍ਹਾਂ ਉਨ੍ਹਾਂ ਦੇ ਸਰੀਰਾਂ ਨੂੰ ਬਲੇਡਾਂ ਨਾਲ ਛਿੱਲਿਆ, ਲੂਣ ਪਾਇਆ ਅਤੇ ਲੁੱਕ ’ਤੇ ਤੁਰਨ ਲਈ ਮਜ਼ਬੂਰ ਕੀਤਾ। ਕਿਸ ਤਰ੍ਹਾਂ ਹੱਥ ਕੜੀਆਂ ਲਗਾ ਕੇ ਕਾਲ ਕੋਠੜੀਆਂ ‘ਚ ਬੰਦ ਕੀਤਾ ਤੇ 40-40 ਦਿਨ ਸੂਰਜ ਨਹੀਂ ਦੇਖਣ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰੀ ਜਾਣਕਾਰੀ ਇਕੱਤਰ ਕਰਕੇ ਇਕ ਡਾਕੂਮੈਂਟਰੀ ਫਿਲਮ ਬਣਾਈ ਜਾਵੇਗੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਕਾਲੇ ਦੌਰ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ।