ਸਿੱਖ ਸੇਵਕ ਸੁਸਾਇਟੀ ਨੇ ਹੜ੍ਹ ਪੀੜਤ ਪਿੰਡ ਮੰਡਾਲਾ ਛੰਨਾ ਦੀ ਸੇਵਾ ਨਿਭਾਈ ਤੇ ਕੀਤਾ ਅਹਿਮ ਐਲਾਨ

Saturday, Nov 01, 2025 - 02:42 PM (IST)

ਸਿੱਖ ਸੇਵਕ ਸੁਸਾਇਟੀ ਨੇ ਹੜ੍ਹ ਪੀੜਤ ਪਿੰਡ ਮੰਡਾਲਾ ਛੰਨਾ ਦੀ ਸੇਵਾ ਨਿਭਾਈ ਤੇ ਕੀਤਾ ਅਹਿਮ ਐਲਾਨ

ਜਲੰਧਰ- ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਦੀ ਸੇਵਾ ਅਤੇ ਪੁਨਰਵਾਸ ਲਈ ਵਿਆਪਕ ਯਤਨਾਂ ਦੀ ਸ਼ੁਰੂਆਤ ਕੀਤੀ ਹੈ। ਸਿੱਖ ਸੇਵਕ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਦੇ ਕਈ ਖੇਤਰਾਂ ਵਿੱਚ ਆਏ ਹੜ੍ਹਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਹੜ੍ਹਾਂ ਕਾਰਨ ਲੋਕਾਂ ਦੇ ਘਰ, ਖੇਤੀ ਯੋਗ ਜਮੀਨਾਂ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਖ਼ਾਸ ਤੌਰ ਤੇ ਸਤਲੁਜ ਦਰਿਆ ਦੇ ਕੰਢੇ ਵਾਲੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਵਿੱਚੋਂ ਇਕ ਪਿੰਡ ਮੰਡਾਲਾ ਛੰਨਾ, ਜੋ ਗਿੱਦੜ ਪਿੰਡੀ ਨੇੜੇ ਸਥਿਤ ਹੈ, ਵੀ ਹੜ੍ਹ ਦੀ ਮਾਰ ਹੇਠ ਆਇਆ। ਇਸ ਪਿੰਡ ਦੇ ਵਸਨੀਕਾਂ ਦੀ ਜਾਨੀ ਅਤੇ ਮਾਲੀ ਨੁਕਸਾਨ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ। ਘਰ ਡੁੱਬ ਗਏ ਸਨ, ਖੇਤ ਪਾਣੀ ਵਿੱਚ ਡੁੱਬ ਗਏ ਸਨ ਅਤੇ ਫਸਲਾਂ ਬੀਜਣ ਯੋਗ ਨਹੀਂ ਰਹੀਆਂ ਸਨ।

ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਮਾਨਵਤਾ ਦੀ ਸੇਵਾ ਦੇ ਸਿਧਾਂਤ ਨੂੰ ਅਮਲ ਵਿੱਚ ਲਿਆਂਦਿਆਂ ਬੀਤੇ ਤਿੰਨ ਸਾਲ ਪਹਿਲਾਂ ਇਸ ਪਿੰਡ ਨੂੰ ਗੋਦ  ਲਿਆ ਗਿਆ ਸੀ। ਹੁਣ ਵੀ ਸੁਸਾਇਟੀ ਦੇ ਸੇਵਾਦਾਰਾਂ ਨੇ ਪਿੰਡ ਵਾਸੀਆਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਹੈ। ਇਸੇ ਲੜੀ ਤਹਿਤ ਪਿੰਡ ਵਿੱਚ ਇਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਪੀੜਤ ਪਰਿਵਾਰਾਂ ਨੂੰ ਮੁਫ਼ਤ ਦਵਾਈਆਂ ਅਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਕਰ ਰਹੇ ਗ੍ਰੰਥੀ ਸਿੰਘ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਸੁਸਾਇਟੀ ਵੱਲੋਂ ਵਿਸ਼ੇਸ਼ ਪਹਿਲਕਦਮੀ ਕੀਤੀ ਗਈ। 

ਇਹ ਵੀ ਪੜ੍ਹੋ: ਪੰਜਾਬ 'ਚ 11 ਸਾਲ ਦਾ ਬੱਚਾ ਰਾਤੋਂ-ਰਾਤ ਬਣ ਗਿਆ ਕਰੋੜਪਤੀ

ਗ੍ਰੰਥੀ ਸਿੰਘ ਨੂੰ ਸ. ਰਾਜਿੰਦਰ ਸਿੰਘ ਵਾਲੀਆ ਅਤੇ ਜੀਰੋ ਪਬਲਿਕ ਸਕੂਲ ਜਲੰਧਰ ਵਿੱਚ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਪੂਰਨ ਸਹਾਇਤਾ ਦਿੱਤੀ ਗਈ। ਉਨ੍ਹਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਜ਼ਰੂਰੀ ਸਮਾਨ ਅਤੇ ਮਾਲ ਲੈ ਕੇ ਦਿੱਤਾ ਗਿਆ ਤਾਂ ਜੋ ਉਹ ਆਪਣੇ ਪਰਿਵਾਰ ਦਾ ਰੁਜ਼ਗਾਰ ਸਾਧਨ ਬਣਾ ਸਕਣ ਅਤੇ ਸਿਖੀ ਸਿਧਾਂਤਾਂ ਦਾ ਪ੍ਰਚਾਰ ਵੀ ਕਰ ਸਕਣ। ਇਹ ਸਹਾਇਤਾ ਸਿਰਫ਼ ਆਰਥਿਕ ਨਹੀਂ, ਸਗੋਂ ਸਮਾਜਿਕ ਅਤੇ ਧਾਰਮਿਕ ਉੱਤਮਤਾ ਦੀ ਮਿਸਾਲ ਵੀ ਹੈ। ਹੁਣ ਸੁਸਾਇਟੀ ਨੇ ਪਿੰਡ ਦੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਹੜ੍ਹਾਂ ਕਾਰਨ ਤਬਾਹ ਹੋ ਗਈਆਂ, ਉਨ੍ਹਾਂ ਨੂੰ ਮੁੜ ਖੇਤੀ ਸ਼ੁਰੂ ਕਰਨ ਲਈ ਫ੍ਰੀ ਬੀਜ ਵੰਡੇ ਜਾਣਗੇ। ਇਹ ਬੀਜ ਖ਼ਾਸ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਕਰਵਾਏ ਗਏ ਹਨ, ਜੋ ਉੱਚ ਗੁਣਵੱਤਾ ਵਾਲੇ ਅਤੇ ਮੌਸਮੀ ਚੁਣੌਤੀਆਂ ਨੂੰ ਝਲਣ ਦੇ ਸਮਰੱਥ ਹਨ। ਇਹ ਬੀਜ ਵੰਡ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਮਿਤੀ 8 ਨਵੰਬਰ 2025 (ਸ਼ਨੀਵਾਰ) ਨੂੰ  ਆਯੋਜਿਤ ਕੀਤਾ ਜਾ ਰਿਹਾ ਹੈ।  ਪੀੜਤ ਕਿਸਾਨਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 4 ਨਵੰਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਾਡੀ ਸੁਸਾਇਟੀ ਦਾ ਮਕਸਦ ਸਿਰਫ਼ ਸੇਵਾ ਨਹੀਂ, ਸਗੋਂ ਪੀੜਤ ਮਾਨਵਤਾ, ਦਬੇ ਕੁਚਲੇ ਲੋਕਾਂ ਨੂੰ ਮੁੜ ਖੜ੍ਹਾ ਕਰਨਾ ਹੈ। ਅਸੀਂ ਪਿੰਡ ਮੰਡਾਲਾ ਛੰਨਾ ਦੇ ਵਸਨੀਕਾਂ ਦੇ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗੇ। ਇਹ ਬੀਜ ਵੰਡ ਸਮਾਗਮ ਸਾਡੀ ਸੇਵਾ ਦੀ ਇੱਕ ਕੜੀ ਹੈ, ਜਿਸ ਨਾਲ ਅਸੀਂ ਕਿਸਾਨਾਂ ਨੂੰ ਮੁੜ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਾਂਗੇ।” ਸੁਸਾਇਟੀ ਨੇ  ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਮਹਾਨ ਕਾਰਜ ਵਿੱਚ ਹਿੱਸਾ ਪਾਉਣ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ। ਸੁਸਾਇਟੀ ਨੇ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਪਿੰਡ ਦੇ ਪੁਨਰਵਾਸ ਲਈ ਹੋਰ ਸੇਵਾ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸਿੱਖਿਆ, ਸਿਹਤ ਅਤੇ ਰੁਜ਼ਗਾਰ ਸੰਬੰਧੀ ਪਹਿਲਕਦਮੀਆਂ ਸ਼ਾਮਲ ਹੋਣਗੀਆਂ।

ਇਸ ਸਮਾਗਮ ਦੇ ਮਾਧਿਅਮ ਨਾਲ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਿਖੀ ਦੇ ਸਿਧਾਂਤ 'ਸਰਬਤ ਦਾ ਭਲਾ' ਅਤੇ 'ਦਸਵੰਧ' ਸਿਰਫ਼ ਸਿਧਾਂਤ ਨਹੀਂ, ਸਗੋਂ ਜੀਵਨ ਦਾ ਤਰੀਕਾ ਹਨ। ਪੀੜਤ ਮਾਨਵਤਾ ਦੀ ਸੇਵਾ ਵਿੱਚ ਸੁਸਾਇਟੀ ਦਾ ਯੋਗਦਾਨ ਸਮੁੱਚੇ ਪੰਜਾਬ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਬਲਜੀਤ ਸਿੰਘ (ਸਿੱਖ ਮਿਸ਼ਨਰੀ ਕਾਲਜ), ਸਾਹਿਬ ਸਿੰਘ ਆਰਟਿਸਟ, ਸ. ਰਾਜਿੰਦਰ ਸਿੰਘ ਵਾਲਿਆ (ਆਸਟ੍ਰੇਲੀਆ ), ਹਰਦੇਵ ਸਿੰਘ ਗਰਚਾ (ਠੇਕੇਦਾਰ), ਪ੍ਰਿੰਸੀਪਲ ਮਨਦੀਪ ਸਿੰਘ, ਕਮਲਜੀਤ ਸਿੰਘ ਜਮਸ਼ੇਰ ,ਸਰਦਾਰ ਜੋਗਿੰਦਰ ਸਿੰਘ ਪ੍ਰਧਾਨ ਸਿੰਘ ਸਭਾ ਮੰਡਾਲਾ ਛੰਨਾ, ਹਰਦੇਵ ਸਿੰਘ ਹੈਡ ਗ੍ਰੰਥੀ, ਪ੍ਰੇਮ ਸਿੰਘ ਅਤੇ ਸੁਸਾਇਟੀ ਦੇ ਹੋਰ ਪ੍ਰਮੁੱਖ ਮੈਂਬਰ ਹਾਜ਼ਰ ਸਨ।

ਇਹ ਵੀ ਪੜ੍ਹੋ:Punjab: ਭਿਆਨਕ ਸੜਕ ਹਾਦਸੇ ਦੋ ਘਰਾਂ 'ਚ ਵਿਛਾ 'ਤੇ ਸੱਥਰ, 2 ਨੌਜਵਾਨਾਂ ਦੀ ਦਰਦਨਾਕ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News