ਸਾਈਡ ਲਾਈਨਿੰਗ ਪ੍ਰੋਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਤ੍ਰਿਪਤ ਬਾਜਵਾ

03/31/2021 2:11:37 PM

ਬਟਾਲਾ (ਬੇਰੀ) : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਸ਼ਹਿਰ ਨੂੰ ਸੁੰਦਰ ਦਿੱਖ ਦੇਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਦੇ ਹੋਰ ਵਿਕਾਸ ਦੇ ਨਾਲ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਕਿ ਜੰਗੀ ਪੱਧਰ ’ਤੇ ਜਾਰੀ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੰਸਲੀ ਨਾਲੇ ਦੇ ਸੁੰਦਰੀਕਰਨ ਅਤੇ ਸਾਈਡ ਲਾਈਨਿੰਗ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ 10 ਕਰੋੜ ਰੁਪਏ ਖਰਚ ਕਰਕੇ ਕਾਹਨੂੰਵਾਨ ਰੋਡ ਤੋਂ ਜਲੰਧਰ ਰੋਡ ਤੱਕ ਹੰਸਲੀ ਦੇ ਕਿਨਾਰਿਆਂ ਨੂੰ ਚੌੜਾ ਕਰਕੇ 15 ਤੋਂ 20 ਫੁੱਟ ਚੌੜੀ ਸੜਕ ਬਣਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿਚ ਲੋਕਾਂ ਨੂੰ ਇਕ ਹੋਰ ਬਦਲਵੀਂ ਸੜਕ ਮਿਲ ਜਾਵੇਗੀ ਜਿਸ ਨਾਲ ਟਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੇ ਦੋਵਾਂ ਕਿਨਾਰਿਆਂ ਨੂੰ ਖੂਬਸੂਰਤ ਦਿੱਖ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੁੰਦਰੀਕਰਨ ਦੇ ਇਸ ਪ੍ਰੋਜੈਕਟ ਤਹਿਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਜਲਦੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ। ਬਾਜਵਾ ਨੇ ਕਿਹਾ ਕਿ ਅਗਲੇ ਪੜਾਅ ਤਹਿਤ ਹੰਸਲੀ ਨਾਲੇ ਦੇ ਨਾਲ ਸੜਕ ਨੂੰ ਜਲੰਧਰ-ਅੰਮਿ੍ਰਤਸਰ ਬਾਈਪਾਸ ਤੱਕ ਜੋੜਿਆ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਹੰਸਲੀ ਨਾਲੇ ਵਿਚ ਸੀਵਰੇਜ ਦੇ ਪਾਣੀ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਵਿਚ ਸੀਵਰੇਜ ਦਾ ਗੰਦਾ ਪਾਣੀ ਨਾ ਪੈਣ ਕਾਰਨ ਹੰਸਲੀ ਸਾਫ਼ ਹੋਵੇਗੀ। ਬਾਜਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਹੰਸਲੀ ਨਾਲਾ ਬਟਾਲੇ ਸ਼ਹਿਰ ਦੀ ਖੂਬਸੂਰਤੀ ਵਿਚ ਹੋਰ ਵਾਧਾ ਕਰੇਗਾ।


Gurminder Singh

Content Editor

Related News