ਸ਼ਵੇਤ ਮਲਿਕ ਦਾ ਬਿਆਨ ਬੇਤੁਕਾ ਤੇ ਹਾਸੋਹੀਣਾ : ਕੈ. ਅਮਰਿੰਦਰ
Sunday, Sep 30, 2018 - 08:18 PM (IST)

ਚੰਡੀਗੜ੍ਹ (ਅਸ਼ਵਨੀ)— ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਭਾਜਪਾ ਦੇ ਸੂਬਾ ਪ੍ਰਧਾਨ ਵਲੋਂ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਜ 'ਤੇ ਕੀਤੀਆਂ ਟਿੱਪਣੀਆਂ ਨੂੰ ਬੇਤੁਕੀਆਂ ਅਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਕੇਂਦਰ ਵਿਚ ਭਾਜਪਾ ਸਰਕਾਰ ਦੇ ਫੇਲ੍ਹ ਹੋਣ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਘਟੀਆ ਹੱਥਕੰਡੇ ਵਰਤਣ ਦਾ ਸ਼ਵੇਤ ਮਲਿਕ 'ਤੇ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਚਲਾਉਣ ਲਈ ਉਨ੍ਹਾਂ ਨੂੰ ਫਤਵਾ ਦਿੱਤਾ ਹੈ ਨਾ ਕਿ ਭਾਜਪਾ ਨੂੰ। ਉਨ੍ਹਾਂ ਨੇ ਮਲਿਕ ਨੂੰ ਸਰਕਾਰ ਦੇ ਕੰਮਕਾਜ ਤੋਂ ਪਰੇ ਰਹਿਣ ਅਤੇ ਆਪਣੀ ਪਾਰਟੀ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਅਤੇ ਟੀਮ ਮੈਂਬਰ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਲਾਗੂ ਕੀਤੇ ਜਾਣ ਵਾਲੇ ਹੁਕਮਾਂ ਦੀ ਪਾਲਣਾ ਕਰਦੇ ਹਨ, ਜ਼ਿਨਾਂ ਲਈ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਲਿਕ ਜਬਲੀਆਂ ਮਾਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉੁਨ੍ਹਾਂ ਦੇ ਸਟਾਫ ਦਾ ਹਰੇਕ ਮੈਂਬਰ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਦੇ ਹਰ ਖੇਤਰ ਵਿੱਚ ਸੂਬਾ ਵਧੀਆ ਕਾਰਜ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ 3.89 ਲੱਖ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿੱਚ ਲਾਇਆ ਹੈ। ਇਸ ਹਿਸਾਬ ਨਾਲ ਪ੍ਰਤੀ ਦਿਨ 695 ਵਿਅਤੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਪੰਜਾਬ ਦੇ ਰੀਅਲ ਅਸਟੇਟ ਖੇਤਰ ਵਿੱਚ ਉਭਾਰ ਆਇਆ ਹੈ, ਜਿਸ ਕਾਰਨ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਮਾਲੀਏ ਵਿੱਚ 15 ਫੀਸਦੀ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਅਗਸਤ ਮਹੀਨੇ ਦੇ ਮੁਕਾਬਲੇ ਇਸ ਅਗਸਤ ਵਿੱਚ 35.71 ਫੀਸਦੀ ਮਾਲੀਆ ਵਧਿਆ ਹੈ। ਖੇਤੀਬਾੜੀ ਸੈਕਟਰ ਬਾਰੇ ਮੁੱਖ ਮੰਤਰੀ ਨੇ ਮਲਿਕ ਨੂੰ ਯਾਦ ਦਿਵਾਇਆ ਕਿ ਪੰਜਾਬ ਨੇ ਪਿਛਲੇ ਸਾਲ ਕਣਕ, ਝੋਨੇ ਅਤੇ ਕਪਾਹ ਦੇ ਖੇਤਰ ਵਿੱਚ ਰਿਕਾਰਡ ਉਦਪਾਦਨ ਕੀਤਾ ਅਤੇ ਇਸ ਸਾਲ ਵੀ ਸੂਬਾ ਸਾਰੇ ਰਿਕਾਰਡਾਂ ਨੂੰ ਮਾਤ ਪਾਉਣ ਵੱਲ ਵਧ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਦੇ ਮੀਂਹ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਇਸ ਵਾਰ ਵੀ ਝੋਨੇ ਦਾ ਰਿਕਾਰਡ ਉਦਪਾਦਨ 205 ਲੱਖ ਟਨ ਹੋਣ ਦੀ ਉਮੀਦ ਹੈ ਅਤੇ ਇਸ ਵਾਰ ਪ੍ਰਤੀ ਹੈਕਟਅਰ ਝਾੜ 66 ਕੁਵਿੰਟਲ ਤੋਂ ਵਧ ਹੋਣ ਦੀ ਆਸ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰੀ ਨਰਮੇ ਦਾ ਝਾੜ 780 ਕਿਲੋਗ੍ਰਾਮ ਪ੍ਰਤੀ ਹੈਕਟਅਰ ਹੋਣ ਦੀ ਆਸ ਹੈ ਜਦਕਿ ਪਿਛਲੇ ਸਾਲ ਇਹ ਝਾੜ 757 ਕਿਲੋਗ੍ਰਾਮ ਪ੍ਰਤੀ ਹੈਕਟਅਰ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨ ਦੌਰਾਨ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਅਤੇ ਇਸ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਤੋਂ ਬਾਹਰ ਚਲਾ ਗਿਆ ਉਦਯੋਗ ਮੁੜ ਸੂਬੇ ਵਿੱਚ ਆਉਣ ਦੀ ਤਵੱਕੋ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਪ੍ਰਾਜੈਕਟਾਂ ਬਾਰੇ 209 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਨ੍ਹਾਂ ਵਿਚ 11000 ਕਰੋੜ ਰੁਪਏ ਦੇ ਨਿਵੇਸ਼ ਅਤੇ 71635 ਨੌਕਰੀਆਂ ਪੈਦਾ ਕਰਨ ਦਾ ਪ੍ਰਸਤਾਵ ਹੈ।