ਅਕਾਲੀ ਦਲ 'ਚ ਟੁੱਟ-ਭੱਜ ਸਿਖ਼ਰਾਂ 'ਤੇ, ਖਿਲਾਰਾ ਸਾਂਭਣ ਲਈ ਵੱਡੇ ਬਾਦਲ ਪੱਬਾਂ ਭਾਰ

06/19/2020 12:07:23 PM

ਬਾਘਾਪੁਰਾਣਾ (ਚਟਾਨੀ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਖਿਲਾਰੇ ਨੂੰ ਸਮੇਟਣ ਅਤੇ ‘ਆਪ’ ਦੀ ਚੜ੍ਹਤ ਤੋਂ ਇਲਾਵਾ ਢੀਂਡਸਾ ਗਰੁੱਪ ਨਾਲ ਜੁੜਦੇ ਜਾ ਰਹੇ ਵੱਡੇ ਅਤੇ ਈਮਾਨਦਾਰ ਆਗੂਆਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅਜਾਰੇਦਾਰੀ ਕਾਰਨ ਬਾਦਲ ਪਰਿਵਾਰ ਨੂੰ ਚਿੰਤਾ ਹੁਣ ਵੱਢ-ਵੱਢ ਖਾ ਰਹੀ ਹੈ।

ਇਸੇ ਪਰਿਵਾਰ ਦੇ ਮਨਪ੍ਰੀਤ ਬਾਦਲ ਦਾ ਕਾਂਗਰਸ 'ਚ ਰਲੇਂਵਾ ਅਤੇ ਸਰਕਾਰ 'ਚ ਖਜ਼ਾਨਾ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਣਾ ਪਿਛਲੇ ਚਾਰ ਸਾਲਾਂ ਤੋਂ ਬਾਦਲਾਂ ਨੂੰ ਰੜਕਦਾ ਆ ਰਿਹਾ ਹੈ। ਪੰਥ ਨੂੰ ਖਤਰੇ ਦੀ ਦੁਹਾਈ ਦੇਣ ਵਾਲਾ ਬਾਦਲਾਂ ਦਾ ਪੁਰਾਣਾ ਨਾਅਰਾ ਵੀ ਹੁਣ ਹਰੇਕ ਅਕਾਲੀ ਦੀ ਸਮਝ 'ਚ ਆਉਂਦਾ ਜਾ ਰਿਹਾ ਹੈ, ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ‘ਟੁੱਟ-ਭੱਜ’ ਸਿਖ਼ਰਾਂ 'ਤੇ ਪੁੱਜ ਗਈ ਹੈ। ਭਾਵੇਂ ਵੱਡੇ ਬਾਦਲ ਦਾ ਆਪਣੇ ਪੁੱਤਰ ਨੂੰ ਮੁੱਖ ਮੰਤਰੀ ਦੀ ਕੁਰਸੀ ਉਪਰ ਬੈਠਾ ਵੇਖਣ ਦਾ ਸੁਫ਼ਨਾ ਅਜੇ ਵੀ ਜਿਵੇਂ ਦਾ ਤਿਵੇਂ ਬਰਕਰਾਰ ਹੈ, ਪਰ ਜਿਸ ਤਰ੍ਹਾਂ ਦਾ ਖਿਲਾਰਾ ਅਕਾਲੀ ਦਲ ਅੰਦਰ ਪੈਂਦਾ ਜਾ ਰਿਹਾ ਹੈ, ਉਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਵੱਡੀ ਉਮਰੇ ਹੋਰ ਮੁਸ਼ੱਕਤ ਕਰਨੀ ਪਵੇਗੀ।
ਸੁਖਬੀਰ ਵੱਲੋਂ ਫੀਡ ਬੈਕ ਲੈਣ ਦਾ ਸਿਲਸਿਲਾ
ਅਜਿਹੇ ਭੰਬਲਭੂਸੇ ਵਾਲੇ ਸਿਆਸੀ ਦੌਰ ’ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਿਆਂ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨਾਂ ਤੋਂ ‘ਫੀਡ ਬੈਕ’ ਲੈਣ ਅਤੇ ਇੰਚਾਰਜਾਂ ਨੂੰ ਸਰਗਰਮ ਰਹਿਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਵੀ ਹੁਣ ਇਸੇ ਸੰਦਰਭ ’ਚ ਭਾਵੇਂ ਸਰਗਰਮ ਤਾਂ ਦਿਖਾਈ ਦੇ ਰਹੇ ਹਨ, ਪਰ ਵਿਰੋਧੀ ਪਾਰਟੀਆਂ ਅਤੇ ਅਕਾਲੀ ਦਲ ਅੰਦਰਲੇ ਵਿਰੋਧੀ ਗਰੁੱਪਾਂ ਦੀਆਂ ਸਰਗਰਮੀਆਂ ਹੇਠਲੇ ਪੱਧਰ ਦੇ ਅਕਾਲੀ ਕਾਰਕੁੰਨਾਂ ਦੀ ਭੋਰਾ ਵੀ ਪੇਸ਼ ਨਹੀਂ ਜਾਣ ਦੇ ਰਹੀਆਂ। ਕਈਆਂ ਹਲਕਿਆਂ 'ਚ ਤਾਂ ਕਾਂਗਰਸ ਦੇ ਵਿਧਾਇਕਾਂ ਦੇ ਦਬਦਬੇ ਮੂਹਰੇ ਅਕਾਲੀ ਦਲ ਦੇ ਮੋਹਰੀ ਕਾਰਕੁੰਨ ਹਥਿਆਰ ਸੁੱਟ ਚੁੱਕੇ ਹਨ ਅਤੇ ਇੱਥੋਂ ਤੱਕ ਕੇ ਵੱਡੇ-ਵੱਡੇ ਲੋਕ ਵਿਰੋਧੀ ਮੁੱਦਿਆਂ ਨੂੰ ਉਭਾਰਨ ਦੀ ਬਜਾਏ ਕਾਂਗਰਸੀ ਵਿਧਾਇਕ ਦੀ ਇੱਕੋ ਘੁਰਕੀ ਮੂਹਰੇ ਦਰਵਾਜੇ ਭੇੜ ਕੇ ਵੇਖੇ ਗਏ ਹਨ। ਇਹੀ ਕਾਰਨ ਹੈ ਕਿ ਸੁਖਬੀਰ ਸਿੰਘ ਨੂੰ ਅਜਿਹੇ ਆਗੂਆਂ ਵੱਲੋਂ ਦਿੱਤੀਆਂ ਜਾ ਰਹੀਆਂ ਝੂਠੀਆਂ ਰਿਪੋਰਟਾਂ ਦੇ ਸਹਾਰੇ ਸ. ਬਾਦਲ ਵੱਡੇ ਭਰਮ ਪਾਲੀ ਬੈਠੇ ਹਨ।
 


Babita

Content Editor

Related News