ਸ੍ਰੀ ਰਾਮ ਚੌਂਕ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਣਨਾ ਸ਼ੁਰੂ, ਲੋਕਾਂ ਵਲੋਂ ਕੰਮ ਜਲਦ ਨੇਪਰੇ ਚਾੜ੍ਹਨ ਦੀ ਮੰਗ
Tuesday, Jul 21, 2020 - 03:04 PM (IST)
ਜਲੰਧਰ(ਖੁਰਾਣਾ)–ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ 11 ਚੁਰਸਤਿਅਆਂ ਨੂੰ ਸੁੰਦਰ ਬਣਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਹੋਇਆ ਹੈ, ਜਿਸ ਤਹਿਤ ਹੁਣ ਸ਼੍ਰੀ ਰਾਮ ਚੌਕ ਦੀ ਡਿਵੈੱਲਪਮੈਂਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਾਜੈਕਟ ਦਾ ਟੈਂਡਰ ਲੈਣ ਵਾਲੇ ਠੇਕੇਦਾਰ ਨੇ ਡਿੱਚ ਮਸ਼ੀਨਾਂ ਨਾਲ ਚੌਂਕ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਕੇ ਉੱਥੇ ਡੈਕੋਰੇਟਿਵ ਲਾਈਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇਥੇ ਗਰੀਨ ਬੈਲਟ, ਪੇਂਟ ਆਦਿ ਦਾ ਕੰਮ ਵੀ ਹੋਵੇਗਾ ਅਤੇ ਡਿਵਾਈਡਰ ਵੀ ਸੁਧਾਰੇ ਜਾਣਗੇ।
ਜ਼ਿਕਰਯੋਗ ਹੈ ਕਿ ਲਗਭਗ 2 ਸਾਲ ਪਹਿਲਾਂ ਉਕਤ ਪ੍ਰਾਜੈਕਟ 22 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਸੀ ਪਰ ਠੇਕੇਦਾਰ ਨੇ 20-32 ਕਰੋੜ ਰੁਪਏ ’ਚ ਇਹ ਕਾਂਟ੍ਰੈਕਟ ਲੈ ਕੇ ਕੁਝ ਚੁਰਸਤਿਆਂ ਨੂੰ ਸੋਹਣਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਚੁਰਸਤਿਆਂ ਦੇ ਸੋਹਣਾ ਬਣਾਉਣ ਦਾ ਇਹ ਪ੍ਰਾਜੈਕਟ ਪਿਛਲੇ ਸਾਲ ਮਾਰਚ ਭਾਵ ਅੱਜ ਤੋਂ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਤਤਕਾਲੀਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵਿਧਾਇਕਾਂ ਅਤੇ ਮੇਅਰ ਨੂੰ ਲੈ ਕੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ।
ਸਭ ਤੋਂ ਪਹਿਲਾਂ ਐੱਚ. ਐੱਮ. ਵੀ. ਚੌਕ ’ਚ ਇਹ ਕੰਮ ਸ਼ੁਰੂ ਕੀਤਾ ਗਿਆ ਪਰ ਉੱਥੇ ਭੰਨ-ਤੋੜ ਕਰਨ ਤੋਂ ਬਾਅਦ ਠੇਕੇਦਾਰ ਨੇ ਕੋਈ ਕੰਮ ਨਹੀਂ ਕੀਤਾ, ਜਿਸ ਕਾਰਣ ਸਾਰਾ ਸਾਲ ਲੋਕ ਪ੍ਰੇਸ਼ਾਨ ਹੁੰਦੇ ਰਹੇ। ਉਸ ਤੋਂ ਬਾਅਦ ਠੇਕੇਦਾਰ ਨੇ ਗੁਰੂ ਰਵਿਦਾਸ ਚੌਕ ਅਤੇ ਦੋਆਬਾ ਚੌਕ ’ਚ ਵੀ ਡਿੱਚ ਮਸ਼ੀਨਾਂ ਨਾਲ ਖੁਦਾਈ ਤਾਂ ਕੀਤੀ ਪਰ ਉਕਤ ਕੰਮ ਵੀ ਅਜੇ ਅਧੂਰੇ ਪਏ ਹੋਏ ਹਨ। ਹੁਣ ਠੇਕੇਦਾਰ ਨੇ ਡਾਕਟਰ ਅੰਬੇਡਕਰ ਚੌਕ ਦੇ ਨਾਲ-ਨਾਲ ਸ਼੍ਰੀ ਰਾਮ ਚੌਕ ਵਿਚ ਵੀ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਖੁਦਾਈ ਕਰ ਦਿੱਤੀ ਗਈ ਹੈ।
ਇਨ੍ਹਾਂ ਚੁਰਸਤਿਆਂ ਦਾ ਹੋਣਾ ਹੈ ਆਧੁਨਿਕੀਕਰਨ
- ਐੱਚ. ਐੱਮ. ਵੀ. ਚੌਕ
- ਡਾਕਟਰ ਬੀ. ਆਰ. ਅੰਬੇਡਕਰ ਚੌਕ
- ਗੁਰੂ ਰਵਿਦਾਸ ਚੌਕ
- ਸ਼੍ਰੀ ਰਾਮ ਚੌਕ
- ਦੋਆਬਾ ਚੌਕ
- ਗੁਰੂ ਅਮਰਦਾਸ ਚੌਕ
- ਕਪੂਰਥਲਾ ਚੌਕ
- ਭਗਵਾਨ ਵਾਲਮੀਕਿ ਚੌਕ
- ਬੀ. ਐੱਮ. ਸੀ. ਚੌਕ
- ਮਾਡਲ ਟਾਊਨ ਟਰੈਫਿਕ ਲਾਈਟ
ਖੁਦਾਈ ਕਾਰਣ ਲੋਕ ਸਾਰਾ ਦਿਨ ਰਹੇ ਪ੍ਰੇਸ਼ਾਨ
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਚੌਰਸਤਿਅਾਂ ਨੂੰ ਸੋਹਣਾ ਬਣਾਉਣ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਡਿੱਚ ਮਸ਼ੀਨਾਂ ਨਾਲ ਸ਼੍ਰੀ ਰਾਮ ਚੌਕ ਦੇ ਆਲੇ-ਦੁਆਲੇ ਖੋਦਾਈ ਤਾਂ ਕਰ ਦਿੱਤੀ ਪਰ ਮੀਂਹ ਕਾਰਣ ਬਣੇ ਚਿੱਕੜ ਅਤੇ ਖੋਦਾਈ ਵਾਲੀ ਜਗ੍ਹਾ ਤੋਂ ਮਿੱਟੀ ਬੈਠ ਜਾਣ ਕਾਰਣ ਲੋਕ ਸਾਰਾ ਦਿਨ ਪ੍ਰੇਸ਼ਾਨ ਰਹੇ। ਨਿਗਮ ਦੀ ਅੰਡਰ ਗਰਾਊਂਡ ਪਾਰਕਿੰਗ ਦੇ ਨਾਲ ਇਕ ਵੱਡਾ ਜਿਹਾ ਟੋਇਆ ਸੜਕ ਦੇ ਵਿਚਕਾਰ ਬਣ ਗਿਆ, ਜਿਸ ਕਾਰਣ ਇਲਾਕੇ ’ਚ ਲੰਬਾ ਟਰੈਫਿਕ ਜਾਮ ਲੱਗ ਗਿਆ। ਟਰੈਫਿਕ ਪੁਲਸ ਕਰਮਚਾਰੀਅਾਂ ਨੇ ਇਸ ਟੋਏ ਨੂੰ ਭਰਿਆ ਤਾਂ ਕਿਤੇ ਜਾ ਕੇ ਆਵਾਜਾਈ ਸਹੀ ਢੰਗ ਨਾਲ ਚੱਲੀ। ਲੋਕਾਂ ਦੀ ਮੰਗ ਹੈ ਕਿ ਠੇਕੇਦਾਰ ਇਸ ਕੰਮ ਨੂੰ ਜਲਦ ਨਿਪਟਾਵੇ ਤਾਂ ਕਿ ਉਨ੍ਹਾਂ ਨੂੰ ਸਮੱਸਿਆਵਾਂ ਨਾ ਆਉਣ।
ਇਹ ਵੀ ਦੇਖੋ : ਦੁਬਈ ਤੋਂ ਆਈਆਂ 2 ਫਲਾਈਟਾਂ ਦੇ ਯਾਤਰੀ ਪਹੁੰਚੇ ਮਹਾਨਗਰ , ਕਈ NRI ਕੁਆਰੰਟਾਈਨ ਹੋਣ ਤੋਂ ਕਰ ਰਹੇ ਇਨਕਾਰ
ਗੁਰੂ ਰਵਿਦਾਸ ਚੌਕ ਦੇ ਹਾਲਾਤ ਵੀ ਹੋਏ ਖਰਾਬ
ਇਸ ਦਰਮਿਆਨ ਖਾਦੀ ਬੋਰਡ ਦੇ ਡਾਇਰੈਕਟਰ ਅਤੇ ਕਾਂਗਰਸ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਗੁਰੂ ਰਵਿਦਾਸ ਚੌਕ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਚੌਕ ਨੂੰ ਸੁੰਦਰ ਬਣਾਉਣ ਦੀ ਬਜਾਏ ਇਸ ਤੋੜ ਕੇ ਰੱਖ ਦਿੱਤਾ ਗਿਆ, ਜਿਸ ਕਾਰਣ ਪੂਰੇ ਖੇਤਰ ’ਚ ਚਿੱਕੜ ਅਤੇ ਦਲਦਲ ਕਾਰਣ ਹਾਦਸੇ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਖੇਤਰ ’ਚ ਕੋਈ ਜਾਨੀ-ਮਾਲੀ ਨੁਕਸਾਨ ਹੋਇਆ ਤਾਂ ਉਸ ਲਈ ਠੇਕੇਦਾਰ ਜ਼ਿੰਮੇਵਾਰ ਹੋਵੇਗਾ।
ਇਹ ਵੀ ਦੇਖੋ : ਸੋਨੇ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ, ਜਾਣੋ ਕਿਉਂ ਵਧ ਰਹੀ ਹੈ ਇੰਨੀ ਜ਼ਿਆਦਾ ਕੀਮਤ