ਡੀ.ਸੀ.ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Thursday, May 14, 2020 - 01:45 PM (IST)

ਡੀ.ਸੀ.ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ (ਅਨਜਾਣ): ਡੀ.ਸੀ.ਪੀ. ਜਗਮੋਹਨ ਸਿੰਘ ਵਾਲੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਇਲਾਹੀ ਬਾਣੀ ਦਾ ਕੀਰਤਨ ਸੁਨਣ ਉਪਰੰਤ ਸੇਵਾ ਕੀਤੀ। ਜਗਬਾਣੀ/ਪੰਜਾਬ ਕੇਸਰੀ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਤੋਂ ਏ.ਬੀ. ਅਤੇ ਸੀ ਕੈਟਾਗਰੀ ਤਹਿਤ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਕੁਝ ਸਮੇਂ ਲਈ ਖੋਲ ਦਿੱਤੀਆਂ ਜਾਣਗੀਆਂ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਦੀ ਮਹਾਮਾਰੀ ਤੋਂ ਬਚ ਬਚਾਅ ਲਈ ਮਾਸਕ ਤੇ ਗਲਵਜ਼ ਪਹਿਨਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ-ਨਾਲ ਡਿਸਟੈਂਸ ਰੱਖਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਇਸ ਆਦੇਸ਼ ਦੀ ਉਲੰਘਣਾ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PunjabKesari

ਬੱਦਲਵਾਹੀ ਤੇ ਬੂੰਦਾਬਾਂਦੀ 'ਚ ਜੇਠ ਦੀ ਸੰਗਰਾਂਦ ਸਮੇਂ ਸੰਗਤਾਂ ਵਹੀਰਾਂ ਘੱਤ ਕੇ ਦਰਸ਼ਨਾ ਲਈ ਆਈਆਂ :
ਜੇਠ ਦੇ ਮਹੀਨੇ ਦੀ ਸੰਗਰਾਂਦ ਕਾਰਨ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਹੀਰਾਂ ਘੱਤ ਕੇ ਦਰਸ਼ਨਾਂ ਲਈ ਆਈਆਂ। ਨਾਕਿਆਂ 'ਤੇ ਲੱਗੀ ਭੀੜ ਨੇ ਡਿਸਟੈਂਸ ਦੀਆਂ ਖੂਬ ਧੱਜੀਆਂ ਉਡਾਈਆਂ। ਪੁਲਸ ਵਾਲੇ ਬਾਰ-ਬਾਰ ਖੁੱਲ੍ਹੇ ਹੋ ਕੇ ਖਲੌਣ ਲਈ ਬੇਨਤੀ ਕਰ ਰਹੇ ਸਨ ਪਰ ਸੰਗਤਾਂ ਉਨ੍ਹਾਂ ਦੀ ਕਿਸੇ ਗੱਲ ਦੀ ਪ੍ਰਵਾਹ ਨਾ ਕਰਦੀਆਂ ਦਿਸੀਆਂ। ਅਖੀਰ ਉਨ੍ਹਾਂ ਵੀ ਆਪਣੇ ਪੁਲਸੀਆਂ ਤੇਵਰ ਦਿਖਾਉਣੇ ਸ਼ੁਰੂ ਕੀਤੇ ਤੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਅੱਜ ਲੰਘਣ ਤਾਂ ਅਸਾਂ ਵੀ ਨਹੀਂ ਦੇਣਾ। ਪਰ ਇਸ ਦੌਰਾਨ ਅੱਜ ਤਿਨ ਪਹਿਰੇ ਅਤੇ ਬਾਅਦ 'ਚ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਕੁਝ ਸਮਾਂ ਰੋਕਣ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਅੰਦਰ ਦਰਸ਼ਨਾਂ ਅਤੇ ਸੇਵਾ ਲਈ ਜਾਣ ਦਿੱਤਾ ਗਿਆ। ਸੰਗਤਾਂ ਨੇ ਧੁਰ ਕੀ ਬਾਣੀ ਦੇ ਕੀਰਤਨ ਸੁਨਣ ਉਪਰੰਤ ਸੇਵਾ ਕੀਤੀ।

PunjabKesari

ਸਿੰਘ ਸਾਹਿਬ ਨੇ ਕੀਤੀ ਜੇਠ ਮਹੀਨੇ ਦੀ ਸੰਗਰਾਂਦ ਦੀ ਕਥਾ :
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਮੁੱਖ ਵਾਕ ਦੀ ਕਥਾ ਉਪਰੰਤ ਜੇਠ ਦੇ ਮਹੀਨੇ ਦੀ ਸੰਗਰਾਂਦ ਦੀ ਕਥਾ ਕੀਤੀ।ਮਾਂਝ ਮਹਲਾ ਪੰਜਵਾਂ ਘਰ ਚੌਥਾ ਬਾਰਹ ਮਾਹਾ ਦੀ ਬਾਣੀ ਵਿਚੋਂ ਜੇਠ ਦੇ ਮਹੀਨੇ ਦੇ ਨਾਮ ਦੀ ਕਥਾ ਸਰਵਣ ਕਰਵਾਉਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਜੇਠ ਦੇ ਮਹੀਨੇ ਵਿੱਚ ਆਦਮੀ ਨੂੰ ਉਸ ਨਾਲ ਜੁੜਨਾ ਉਚਿੱਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ। ਕੋਈ ਜਾਣਾ ਉਸ ਨੂੰ ਬੰਦੀ ਵਿੱਚ ਨਹੀਂ ਰੱਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਇਸ ਮਹੀਨੇ ਸੰਗਤਾਂ ਨੂੰ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਜੁੜਨ ਲਈ ਗੁਰਬਾਣੀ ਮੁਤਾਬਕ ਉਪਦੇਸ਼ ਦਿੱਤਾ।


author

Shyna

Content Editor

Related News