ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ਰਧਾਲੂ – ਹਸਨ ਖ਼ਾਂ

05/30/2020 12:40:47 PM

ਅਲੀ ਰਾਜਪੂਰਾ
94176 79302

ਹਸਨ ਖ਼ਾਂ ਇਕ ਸੂਹੀਆ ਸੀ। ਲਲਾਬੇਗ ਨੇ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਗੁਰੂ ਜੀ ਅਤੇ ਉਨ੍ਹਾਂ ਦੀਆਂ ਫੌਜਾਂ ਦੀ ਸੂਰ ਲੈਣ ਤੋਰਿਆ ਸੀ। ਇਹ ਸਿੱਖੀ ਭੇਖ ’ਚ ਅੰਮ੍ਰਿਤਸਰ ਵਿਖੇ ਲੰਮਾ ਸਮਾਂ ਰਿਹਾ। ਇਹ ਘਟਨਾ ਕੁਝ ਇਸ ਤਰ੍ਹਾਂ ਘਟੀ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਇਕ ਸਿੱਖ ਸਾਧਾ ਨੂੰ ਚੰਗੀ ਨਸਲ ਦੇ ਘੋੜੇ ਲੈਣ ਲਈ ਤੋਰਿਆ ਸੀ, ਜਿਹੜਾ ਕਿ ਘੋੜਿਆਂ ਦੀ ਭਾਲ ਕਰਦਾ-ਕਰਦਾ ਇਰਾਕ ਜਾ ਪਹੁੰਚਿਆ। ਜਿਥੋਂ ਉਸ ਨੇ ਦੋ ਵਧੀਆ ਨਸਲ ਦੇ ਘੋੜੇ ਖ਼ਰੀਦ ਕੇ ਵਾਪਸੀ ਲਈ ਚਾਲੇ ਪਾ ਦਿੱਤੇ। ਜਦੋਂ ਇਹ ਲਾਹੌਰ ਪਹੁੰਚਿਆ ਤਾਂ ਲਾਹੌਰ ਦੇ ਗਵਰਨਰ ਖ਼ਲੀਲ ਬੇਗ਼ ਦੇ ਸਿਪਾਹੀ ਕਾਸ਼ਮ ਬੇਗ਼ ਨੇ ਇਹ ਘੋੜੇ ਖੋਹ ਕੇ ਸ਼ਾਹੀ ਤਬੇਲੇ ਵਿਚ ਬੰਨ੍ਹ ਦਿੱਤੇ। ਸਾਧਾ ਨੇ ਸਾਰੀ ਘਟਨਾ ਗੁਰੂ ਸਾਹਿਬ ਜੀ ਨਾਲ ਸਾਂਝੀ ਕੀਤੀ ਤਾਂ ਗੁਰੂ ਜੀ ਨੇ ਆਪਣੇ ਸਿੱਖ ਬਿਧੀ ਚੰਦ ਨੂੰ ਇਹ ਘੋੜੇ ਵਾਪਿਸ ਆਪਣੇ ਕੋਲ਼ ਲਿਆਉਣ ਦਾ ਹੁਕਮ ਦਿੱਤਾ। ਬਿਧੀ ਚੰਦ ਨੇ ਚਲਾਕੀ ਨਾਲ ਲਾਹੌਰ ਦੇ ਸ਼ਾਹੀ ਤਬੇਲੇ ਵਿਚ ਨੌਕਰੀ ਕਰ ਲਈ, ਜਿੱਥੇ ਉਹ ਮੌਕਾ ਮਿਲਦਿਆਂ ਹੀ ਘੋੜਿਆਂ ਨੂੰ ਲੈ ਕੇ ਗੁਰੂ ਸਾਹਿਬ ਜੀ ਕੋਲ ਪਹੁੰਚਿਆ। ਜਦੋਂ ਲਾਹੌਰ ਦੇ ਗਵਰਨਰ ਖ਼ਲੀਲ ਬੇਗ ਨੂੰ ਪਤਾ ਲੱਗਿਆ ਕਿ ਤਬੇਲੇ ਵਿਚੋਂ ਦੋ ਘੋੜੇ ਗੁਰੂ ਦਾ ਸਿੱਖ ਲੈ ਗਿਆ ਹੈ ਤਾਂ ਉਸ ਨੇ ਕਾਬਲ ਦੇ ਸੁਬੇਦਾਰ ਲਲਾਬੇਗ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਫ਼ੌਜ ਨਾਲ ਲਿਜਾ ਕੇ ਉਹ ਘੋੜੇ ਮੁੜ ਤਬੇਲੇ ਵਿਚ ਲੈ ਕੇ ਆਵੇ।

ਸੂਬੇਦਾਰ ਲਲਾਬੇਗ ਗਵਰਨਰ ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਗੁਰੂ ਜੀ ਦੇ ਪਿੱਛੇ ਮਹਿਰਾਜ ( ਬਠਿੰਡਾ ) ਕੋਲ਼ ਆਣ ਪਹੁੰਚਿਆ ਅਤੇ ਉਸ ਨੇ ਸ਼ਾਹੀ ਫ਼ੌਜ ਦੇ ਸੂਹੀਏ ਹਸਨ ਖ਼ਾਂ ਰਾਹੀਂ ਗੁਰੂ ਅਤੇ ਫ਼ੌਜਾਂ ਦੀ ਸੂਰ ਲੈਣੀ ਚਾਹੀ, ਪਰ ਜੋਧ ਸ਼ਾਹ ਸਿੱਖ ਨੇ ਹਸਨ ਖਾਂ ਨੂੰ ਭੇਦ ਇਕੱਠੇ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ ਤੇ ਗੁਰੂ ਜੀ ਸਾਹਮਣੇ ਪੇਸ਼ ਕੀਤਾ। ਜਦੋਂ ਹਸਨ ਖ਼ਾਂ ਨੂੰ ਗੁਰੂ ਜੀ ਸਾਹਮਣੇ ਪੇਸ਼ ਕੀਤਾ ਗਿਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ “ ਸਾਢਾ ਕੋਈ ਭੇਦ ਗੁੱਝਾ ਨਹੀਂ, ਆਹ ਫੌਜ ਕਮਜ਼ੋਰਾਂ ਦੀ ਰਾਖੀ ਲਈ ਹੈ, ਜਿਹੜੇ ਭੇਦ ਤੂੰ ਹੁਣ ਤੱਕ ਦੇਖੇ ਹਨ, ਉਹ ਸੱਚੋ-ਸੱਚ ਆਪਣੇ ਮਾਲਕ ਨੂੰ ਦੱਸ ਦੇਵੀਂ…।” ਹਸਨ ਖ਼ਾਂ ਨੇ ਜੋ ਦੇਖਿਆ ਉਹ ਬਿਲਕੁਲ-ਹੂਬਹੂ ਲਲਾਬੇਗ ਨੂੰ ਦੱਸਿਆ ਕਿ ਉਹ ਨਿਡਰ-ਨਿਰਭੈ ਸੂਰਬੀਰ ਹਨ ਤੇ ਉਹ ਹਰ ਧਰਮ, ਮਨੁੱਖ ਨੂੰ ਇਕ ਸਮਾਨ ਦੇਖਦੇ ਹਨ। ਉਨ੍ਹਾਂ ਦੀਆਂ ਫ਼ੌਜਾਂ ਹਰ ਭੈੜੀ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਲੜਣ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ। ਉਨ੍ਹਾਂ ਦੇ ਮਨਾਂ ’ਚ ਕਿਸੇ ਪ੍ਰਕਾਰ ਦਾ ਕੋਈ ਭੈਅ ਨਹੀਂ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਸੂਬੇਦਾਰ ਲਲਾਬੇਗ ਮਹਾਂ-ਜ਼ਿੱਦੀ ਸੀ। ਜਦੋਂ ਹਸਨ ਖ਼ਾਂ ਦੇ ਮੂੰਹੋਂ ਗੁਰੂ ਜੀ ਦੀ ਪ੍ਰਸੰਸਾ ਸੁਣੀ ਤਾਂ ਉਹ ਗੁੱਸੇ ਵਿਚ ਲਾਲ-ਪੀਲਾ ਹੋ ਗਿਆ, ਲਗਦੇ ਹੱਥੀਂ ਨਾਲ ਹੀ ਕਾਜ਼ੀ ਬਹਿਲੋਲ ਖ਼ਾਨ ਨੇ ਬਲ਼ਦੀ ’ਤੇ ਤੇਲ ਪਾਉਂਦਿਆਂ ਕਿਹਾ, “ ਇਹ ਦੇਖੋ ਕਾਫ਼ਰਾਂ ਦੀ ਤਾਰੀਫ਼ ਕਰ ਰਿਹਾ ਹੈ, ਇਹ ਵੀ ਕਾਫ਼ਰ ਹੀ ਬਣ ਗਿਆ ਹੈ।” ਦੁਸ਼ਮਣਾਂ ਪਾਸੋਂ ਵੱਢੀ ਲੈ ਕੇ ਉਨ੍ਹਾਂ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹ ਕੇ ਸਾਡੀਆਂ ਫ਼ੌਜਾਂ ਦਾ ਹੌਸਲਾ ਪਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।”

ਨਵਾਬ ਪਹਿਲਾਂ ਹੀ ਮੱਚਿਆ ਬੈਠਾ ਸੀ, ਉੱਤੋਂ ਹਸਨ ਖ਼ਾਂ ਨੇ ਗੁਰੂ ਜੀ ਮਹਿਮਾ ਸੁਣਾ ਕੇ ਹੋਰ ਗੁੱਸਾ ਚੜ੍ਹਾ ਦਿੱਤਾ। ਨਵਾਬ ਨੇ ਹਸਨ ਖ਼ਾਂ ਦੇ ਚਾਬਕਾਂ ਮਾਰੀਆਂ ਤੇ ਸ਼ਾਹੀ ਫ਼ੌਜ ਵਿੱਚੋਂ ਕੱਢ ਦਿੱਤਾ। ਹਸਨ ਖ਼ਾਂ ਨੂੰ ਕਾਫ਼ੀ ਦੁੱਖ ਲੱਗਾ ਤੇ ਉਹ ਦੁੱਖੀ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ’ਚ ਜਾ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਨੇ ਉਸਨੂੰ ਹੌਸਲਾ ਦਿੱਤਾ ਕਿ ਤੂੰ ਦੁਖ ਨਾ ਮਨਾ, ਅਸੀਂ ਤੈਨੂੰ ਲਲਾਬੇਗ ਦੀ ਜਗ੍ਹਾ ਕਾਬਲ ਦਾ ਸੂਬੇਦਾਨ ਬਣਾਵਾਂਗੇ। ਹਸਨ ਖ਼ਾਂ ਗੁਰੂ ਜੀ ਦੀ ਫਰਾਖ਼ ਦਿਲੀ ਦੇਖ ਕੇ ਉਨ੍ਹਾਂ ਦਾ ਪੱਕਾ ਮੁਰੀਦ ਬਣ ਗਿਆ। 


rajwinder kaur

Content Editor

Related News