ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੌਂਕ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ
Monday, Aug 05, 2024 - 06:31 PM (IST)
ਜਲੰਧਰ (ਵਰੁਣ, ਸੋਨੂੰ)- ਜਲੰਧਰ ਵਿਖੇ ਪਠਾਨਕੋਟ ਚੌਂਕ 'ਤੇ ਸੋਮਵਾਰ ਦੁਪਹਿਰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਗਿਆ ਕਿ ਗੋਲ਼ੀਆਂ ਤੱਕ ਚਲਾ ਦਿੱਤੀਆਂ ਗਈਆਂ। ਚੌਂਕ ਵਿਚੋਂ ਨਿਕਲ ਰਹੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਗੋਲ਼ੀਆਂ ਚਲਾਉਣ ਵਾਲੀਆਂ ਦੋਵੇਂ ਧਿਰਾਂ ਅਪਰਾਧਿਕ ਪਿਛੋਕੜ ਦੀਆਂ ਸਨ ਅਤੇ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਵਾਪਸ ਆਈਆਂ ਸਨ। ਪਠਾਨਕੋਟ ਚੌਂਕ ਸਥਿਤ ਸਰਵਿਸ ਲੇਨ ’ਤੇ ਚੱਲ ਰਹੀ ਕਾਲੇ ਰੰਗ ਦੀ ਜੀਪ (ਥਾਰ) ਨੂੰ ਫ਼ਿਲਮੀ ਸਟਾਈਲ ਵਿਚ ਲਗਭਗ 7-8 ਮੋਟਰਸਾਈਕਲ ਸਵਾਰਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਜੀਪ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਤੋੜ-ਭੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿਚ ਇੱਟਾਂ ਮਾਰ ਕੇ ਸ਼ੀਸ਼ੇ ਤੋੜ ਕੇ ਅੰਦਰ ਬੈਠੇ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰ ਮਾਰ ਕੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਮੰਗਾ ਨਾਂ ਦੇ ਨੌਜਵਾਨ ਨੇ ਰੇਰੂ ਚੌਂਕ ਨੇੜੇ ਚਿਕਨ ਦੀ ਦੁਕਾਨ ਦੇ ਮਾਲਕ ਭੱਲਾ ਨੂੰ ਥੱਪੜ ਮਾਰ ਦਿੱਤੇ ਸਨ। ਭੱਲਾ ਨੇ ਇਸ ਬਾਰੇ ਜਗਤੇਜ ਨੂੰ ਦੱਸਿਆ ਅਤੇ ਜਦੋਂ ਜਗਤੇਜ ਨੇ ਮੰਗਾ ਕੇਪੀ ਨੂੰ ਫੋਨ ਕੀਤਾ ਤਾਂ ਮੰਗਾ ਨੇ ਉਸ ਨਾਲ ਵੀ ਗਾਲੀ-ਗਲੋਚ ਕੀਤੀ ਅਤੇ ਇਸੇ ਰੰਜਿਸ਼ ਕਾਰਨ ਮੰਗਾ ਜਗਤੇਜ ਦੀ ਭਾਲ ਕਰ ਰਿਹਾ ਸੀ ਅਤੇ ਉਹ ਸੋਮਵਾਰ ਦੁਪਹਿਰ ਰੇਰੂ ਪਿੰਡ ਵਿੱਚ ਆਹਮੋ-ਸਾਹਮਣੇ ਹੋ ਗਏ। ਉਕਤ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ। ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਹੈ।
ਇਸ ਦੌਰਾਨ ਥਾਰ ਵਿਚੋਂ ਗੋਲ਼ੀਆਂ ਚਲਾਈਆਂ ਗਈਆਂ। ਹਫ਼ੜਾ-ਦਫ਼ੜੀ ਵਿਚ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਜਦਕਿ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨ ਫ਼ਰਾਰ ਹੋ ਗਏ ਅਤੇ ਜੀਪ ਚਾਲਕ ਵੀ ਭੱਜ ਗਏ। ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਪਠਾਨਕੋਟ ਚੌਂਕ ’ਚ ਤਾਇਨਾਤ ਪੁਲਸ ਮੁਲਾਜ਼ਮ ਤੁਰੰਤ ਮੌਕੇ ’ਤੇ ਪਹੁੰਚੇ। ਪੁਲਸ ਨੂੰ ਇਕ ਨੌਜਵਾਨ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸ ਨੂੰ ਕਪੂਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਹ ਗੁੰਡਾਗਰਦੀ ਰੇਰੂ ਪਿੰਡ ਵਿਚ ਹੀ ਗੁਆਂਢ ਵਿਚ ਰਹਿਣ ਵਾਲੇ 2 ਨੌਜਵਾਨਾਂ ਨੇ ਕੀਤੀ ਹੈ। ਦੋਵੇਂ ਨੌਜਵਾਨ ਅਪਰਾਧਿਕ ਪ੍ਰਵਿਰਤੀ ਵਾਲੇ ਹਨ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਚਾਰ ਮੁਲਾਜ਼ਮ ਕਪੂਰਥਲਾ ਪੁਲਸ ਵੱਲੋਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਸੁਰਿੰਦਰ ਮੰਗਾ ਰੇਰੂ ਨੇ 2 ਦਿਨ ਪਹਿਲਾਂ ਰੇਰੂ ਪਿੰਡ ’ਚ ਚਿਕਨ ਸ਼ਾਪ ਵਿਚ ਜਾ ਕੇ ਦੁਕਾਨ ਮਾਲਕ ਕਰਨ ਭੱਲਾ ਤੋਂ ਮਹੀਨਾ ਮੰਗਿਆ ਸੀ ਅਤੇ ਕਰਨ ਨੇ ਉਸ ਨੂੰ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਮੰਗਾ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਕਰਨ ਦੁਕਾਨ ਛੱਡ ਕੇ ਭੱਜ ਗਿਆ ਸੀ। ਉਸ ਤੋਂ ਬਾਅਦ ਮੰਗਾ ਨੇ ਕਰਨ ਭੱਲਾ ਨੂੰ ਫੋਨ ਕਰਕੇ ਦੁਕਾਨ ’ਤੇ ਆਉਣ ਨੂੰ ਕਿਹਾ ਅਤੇ ਲੱਤਾਂ ਤੋੜਨ ਦੀ ਧਮਕੀ ਦਿੱਤੀ। ਕਰਨ ਭੱਲਾ ਨੇ ਇਹ ਗੱਲ ਗੁਆਂਢੀ ਜਗਤੇਜ ਢੀਂਡਸਾ ਨੂੰ ਦੱਸੀ। ਇਸ ਦੌਰਾਨ ਕਰਨ ਦੇ ਨੰਬਰ ’ਤੇ ਮੰਗਾ ਦਾ ਮੁੜ ਫੋਨ ਆਇਆ। ਜਗਤੇਜ ਢੀਂਡਸਾ ਨੇ ਕਰਨ ਦਾ ਮੋਬਾਇਲ ਲੈ ਕੇ ਮੰਗਾ ਨਾਲ ਗੱਲ ਕੀਤੀ ਤਾਂ ਉਸ ਨੇ ਜਗਤੇਜ ਨੂੰ ਵੀ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਦੋਵਾਂ ਵਿਚ ਵਿਗੜ ਗਈ।
ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵੀ ਮੰਗਾ ਆਪਣੇ ਦੋਸਤਾਂ ਨਾਲ ਜਗਤੇਜ ਨੂੰ ਰੇਰੂ ਵਿਚ ਲੱਭ ਰਿਹਾ ਸੀ ਪਰ ਉਹ ਨਹੀਂ ਮਿਲਿਆ। ਸੋਮਵਾਰ ਦੁਪਹਿਰ ਮੰਗਾ ਅਤੇ ਜਗਤੇਜ ਅਚਾਨਕ ਰੇਰੂ ਪਿੰਡ ਵਿਚ ਆਹਮੋ-ਸਾਹਮਣੇ ਹੋ ਗਏ। ਦੋਵਾਂ ਵਿਚ ਗਾਲ੍ਹੀ-ਗਲੋਚ ਅਤੇ ਹੱਥੋਪਾਈ ਹੋਈ। ਇਸ ਦੌਰਾਨ ਮੰਗਾ ਨੇ ਆਪਣੇ ਸਾਥੀਆਂ ਨੂੰ ਫੋਨ ਕਰ ਦਿੱਤਾ ਪਰ ਉਦੋਂ ਜਗਤੇਜ ਢੀਂਡਸਾ ਜੀਪ ਵਿਚ ਉਥੋਂ ਚਲਾ ਗਿਆ। ਉਧਰ ਮੰਗਾ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਜਗਤੇਜ ਸਿੰਘ ਦਾ ਟ੍ਰੈਪ ਲਗਵਾ ਦਿੱਤਾ। ਜਿਵੇਂ ਹੀ ਜਗਤੇਜ ਦੀ ਗੱਡੀ ਪਠਾਨਕੋਟ ਚੌਂਕ ਨਜ਼ਦੀਕ ਸਰਵਿਸ ਲੇਨ ’ਤੇ ਜਾਂਦੀ ਵਿਖਾਈ ਦਿੱਤੀ ਤਾਂ ਮੰਗਾ ਅਤੇ ਉਸ ਦੇ 7 ਮੋਟਰਸਾਈਕਲ ਸਵਾਰ ਸਾਥੀਆਂ ਨੇ ਜੀਪ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਤੇਜ਼ਧਾਰ ਹਥਿਆਰ ਮਾਰ ਕੇ ਭੰਨ-ਤੋੜ ਕੀਤੀ ਅਤੇ ਅੰਦਰ ਬੈਠੇ ਜਗਤੇਜ ਸਿੰਘ ਢੀਂਡਸਾ ਅਤੇ ਉਸ ਦੇ ਸਾਥੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਜਗਤੇਜ ਢੀਂਡਸਾ ਧਿਰ ਵੱਲੋਂ ਜੀਪ ਵਿਚੋਂ 3 ਗੋਲ਼ੀਆਂ ਚਲਾਈਆਂ ਗਈਆਂ।
ਫਾਇਰਿੰਗ ਰੁਕੀ ਤਾਂ ਇਕ ਨੌਜਵਾਨ ਜਗਤੇਜ ਸਿੰਘ ਕੋਲੋਂ ਕਥਿਤ ਤੌਰ ’ਤੇ ਵੈਪਨ ਖਹੁੰਦਾ ਵਿਖਾਈ ਦੇ ਰਿਹਾ ਹੈ। ਹਾਲਾਂਕਿ ਉਸ ਕੋਲੋਂ ਵੈਪਨ ਖੋਹਿਆ ਜਾਂ ਨਹੀਂ, ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਜਿਵੇਂ ਹੀ ਗੋਲ਼ੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਨੇੜਲੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਵੀ ਭੱਜਣੇ ਸ਼ੁਰੂ ਹੋ ਗਏ। ਇਸ ਦੌਰਾਨ ਜੀਪ ਸਵਾਰ ਵੀ ਮੌਕੇ ਤੋਂ ਨਿਕਲ ਗਿਆ। ਜਿਵੇਂ ਹੀ ਪਠਾਨਕੋਟ ਚੌਂਕ ’ਤੇ ਤਾਇਨਾਤ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਮੰਗਾ ਗਰੁੱਪ ਦਾ ਗਗਨ ਨਾਮੀ ਨੌਜਵਾਨ ਜ਼ਖ਼ਮੀ ਹਾਲਤ ਵਿਚ ਮਿਲਿਆ। ਪੁਲਸ ਨੇ ਉਸ ਨੂੰ ਤੁਰੰਤ ਕਪੂਰ ਹਸਪਤਾਲ ਦਾਖਲ ਕਰਵਾਇਆ। ਥਾਣਾ ਨੰਬਰ 8 ਦੇ ਮੁਖੀ ਗੁਰਮੁੱਖ ਸਿੰਘ ਅਤੇ ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਰਾਜਿੰਦਰ ਸਿੰਘ ਵੀ ਇਸ ਸਮੇਂ ਘਟਨਾ ਸਥਾਨ ’ਤੇ ਪਹੁੰਚੇ।
ਮਾਮਲੇ ਦੀ ਜਾਂਚ ਜਾਰੀ, ਗੋਲ਼ੀਆਂ ਦੇ ਖੋਲ ਬਰਾਮਦ : ਏ. ਸੀ. ਪੀ. ਨਾਰਥ ਦਮਨਬੀਰ ਸਿੰਘ
ਏ. ਸੀ. ਪੀ. ਨਾਰਥ ਦਮਨਬੀਰ ਸਿੰਘ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੌਕੇ ਤੋਂ ਗੋਲ਼ੀਆਂ ਦੇ ਖੋਲ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੈ, ਜਿਸ ਵਿਚ ਇਕ ਨੌਜਵਾਨ ਜੀਪ ਸਵਾਰ ਤੋਂ ਪਿਸਤੌਲ ਨੁਮਾ ਵਸਤੂ ਵੀ ਖੋਹੁੰਦਾ ਨਜ਼ਰ ਆ ਰਿਹਾ ਹੈ। ਪੁਲਸ ਨੇ ਕਪੂਰ ਹਸਪਤਾਲ ਵਿਚ ਦਾਖ਼ਲ ਗਗਨ ਦੇ ਬਿਆਨਾਂ ’ਤੇ ਸੁਰਿੰਦਰ ਮੰਗਾ, ਜਗਤੇਜ ਸਿੰਘ ਢੀਂਡਸਾ, ਕਰਨ ਅਤੇ ਇਕ ਦਰਜਨ ਤੋਂ ਜ਼ਿਆਦਾ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੰਗਾ ਅਤੇ ਜਗਤੇਜ ਦੇ ਮੋਬਾਇਲ ਬੰਦ ਆ ਰਹੇ ਹਨ, ਜੋ ਫਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਲਗਭਗ 13 ਸਾਲ ਪਹਿਲਾਂ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸਨ ਮੰਗਾ ਤੇ ਜਗਤੇਜ ਸਿੰਘ
ਸੂਤਰਾਂ ਦੀ ਮੰਨੀਏ ਤਾਂ ਲਗਭਗ 13 ਸਾਲ ਪਹਿਲਾਂ ਮੰਗਾ ਅਤੇ ਜਗਤੇਜ ਸਿੰਘ ਢੀਂਡਸਾ ਇਕ ਗੈਂਗਰੇਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਲੜਕੀ ਜਗਤੇਜ ਸਿੰਘ ਦੀ ਦੋਸਤ ਸੀ ਪਰ ਜਗਤੇਜ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਲੜਕੀ ਨੂੰ ਜ਼ਬਰਦਸਤੀ ਮੰਗਾ ਅਤੇ ਹੋਰਾਂ ਨਾਲ ਵੀ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਲੜਕੀ ਨੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਵਿਚ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਸ ਮਾਮਲੇ ਵਿਚ ਉਹ ਲੰਮੇ ਸਮੇਂ ਤਕ ਜੇਲ ਵਿਚ ਵੀ ਰਹੇ। ਬਾਅਦ ਵਿਚ ਦੋਵਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ