Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ ਕਰਵਾਉਣ ''ਤੇ...

Thursday, May 07, 2026 - 12:29 PM (IST)

Punjab: LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਹੋਰ ਡੂੰਘਾ ਹੋ ਸਕਦੈ ਸੰਕਟ, ਬੁਕਿੰਗ ਕਰਵਾਉਣ ''ਤੇ...

ਜਲੰਧਰ (ਧਵਨ)-ਦੇਸ਼ ਭਰ ’ਚ ਰਸੋਈ ਗੈਸ ਸਿਲੰਡਰਾਂ ਦੀ ਕਿੱਲਤ ਨਾਲ ਜੂਝ ਰਹੇ ਉਪਭੋਗਤਾਵਾਂ ਨੂੰ ਫਿਲਹਾਲ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਅਮਰੀਕਾ ਤੇ ਈਰਾਨ ਵਿਚਾਲੇ ਜਾਰੀ ਤਣਾਅ ਅਤੇ ਸਟ੍ਰੇਟ ਆਫ਼ ਹੋਰਮੁਜ਼ ਦੇ ਪੂਰੀ ਤਰ੍ਹਾਂ ਆਮ ਵਾਂਗ ਨਾ ਖੁੱਲ੍ਹ ਪਾਉਣ ਕਾਰਨ ਐੱਲ. ਪੀ. ਜੀ. ਗੈਸ ਦੀ ਅੰਤਰਰਾਸ਼ਟਰੀ ਸਪਲਾਈ ਚੇਨ ਅਜੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਬਣੀ ਹੋਈ ਹੈ। ਭਾਰਤ ਦੀ ਲਗਭਗ 60 ਫ਼ੀਸਦੀ ਐੱਲ. ਪੀ. ਜੀ. ਜ਼ਰੂਰਤ ਦਰਾਮਦ ਨਾਲ ਪੂਰੀ ਹੁੰਦੀ ਹੈ, ਜਦਕਿ ਇਸ ’ਚੋਂ ਕਰੀਬ 90 ਫ਼ੀਸਦੀ ਗੈਸ ਖਾੜੀ ਦੇਸ਼ਾਂ ਤੋਂ ਇਸੇ ਸਮੁੰਦਰੀ ਰਸਤੇ ਰਾਹੀਂ ਆਉਂਦੀ ਹੈ, ਜਿਸ ਕਾਰਨ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਅਤੇ ਤੇਲ ਕੰਪਨੀਆਂ ਲਗਾਤਾਰ ਹਾਲਾਤ ਆਮ ਵਰਗੇ ਕਰਨ ਦੇ ਯਤਨ ਕਰ ਰਹੀਆਂ ਹਨ, ਪਰ ਗੈਸ ਦੇ ਜਹਾਜ਼ਾਂ ਦੀ ਸੀਮਤ ਆਵਾਜਾਈ, ਸਮੁੰਦਰੀ ਸੁਰੱਖਿਆ ਸੰਕਟ ਅਤੇ ਦਰਾਮਦ ’ਚ ਭਾਰੀ ਦੇਰੀ ਕਾਰਨ ਘਰੇਲੂ ਉਪਭੋਗਤਾਵਾਂ ਤੱਕ ਲੋੜੀਂਦੇ ਗੈਸ ਸਿਲੰਡਰ ਨਹੀਂ ਪਹੁੰਚ ਪਾ ਰਹੇ। ਹਾਲ ਹੀ ’ਚ ਕੁਝ ਐੱਲ. ਪੀ. ਜੀ. ਟੈਂਕਰ ਭਾਰਤ ਲਈ ਰਵਾਨਾ ਜ਼ਰੂਰ ਹੋਏ ਹਨ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਸਪਲਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਪਟੜੀ ’ਤੇ ਆਉਣ ’ਚ ਅਜੇ ਘੱਟੋ-ਘੱਟ 2 ਤੋਂ 3 ਮਹੀਨੇ ਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ: Punjab: BSF ਦੇ ਸਕੂਲ ਸਣੇ 5 ਸਕੂਲਾਂ 'ਚ ਤੁਰੰਤ ਕਰ ਦਿੱਤੀ ਗਈ ਛੁੱਟੀ! ਹਾਈ ਅਲਰਟ 'ਤੇ ਪੁਲਸ

ਬੁਕਿੰਗ ਦੇ ਬਾਵਜੂਦ ਇਕ-ਇਕ ਮਹੀਨਾ ਸਿਲੰਡਰ ਨਹੀਂ ਮਿਲਦੇ
ਗੈਸ ਸਿਲੰਡਰਾਂ ਦੀ ਕਮੀ ਦਾ ਸਭ ਤੋਂ ਵੱਧ ਅਸਰ ਆਮ ਪਰਿਵਾਰਾਂ ’ਤੇ ਪੈ ਰਿਹਾ ਹੈ। ਸ਼ਹਿਰੀ ਇਲਾਕਿਆਂ 'ਚ ਜਿੱਥੇ ਬੁਕਿੰਗ ਤੋਂ ਬਾਅਦ ਕਈ-ਕਈ ਦਿਨਾਂ ਤੱਕ ਸਿਲੰਡਰ ਨਹੀਂ ਪਹੁੰਚ ਰਿਹਾ, ਉੱਥੇ ਹੀ ਪੇਂਡੂ ਖੇਤਰਾਂ ’ਚ ਉਪਭੋਗਤਾਵਾਂ ਨੂੰ 20 ਤੋਂ 30 ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਏਜੰਸੀਆਂ ਉਪਭੋਗਤਾਵਾਂ ਨੂੰ ਸਪੱਸ਼ਟ ਜਵਾਬ ਦੇਣ ’ਚ ਵੀ ਅਸਮਰੱਥ ਵਿਖਾਈ ਦੇ ਰਹੀਆਂ ਹਨ, ਜਿਸ ਨਾਲ ਲੋਕਾਂ ’ਚ ਭਾਰੀ ਰੋਸ ਹੈ।

ਗ੍ਰਹਿਣੀਆਂ ਦਾ ਕਹਿਣਾ ਹੈ ਕਿ ਰਸੋਈ ਦਾ ਪੂਰਾ ਬਜਟ ਵਿਗੜ ਚੁੱਕਾ ਹੈ। ਜਿਨ੍ਹਾਂ ਘਰਾਂ ’ਚ ਇਕ ਹੀ ਸਿਲੰਡਰ ਹੈ, ਉੱਥੇ ਸਿਲੰਡਰ ਖਤਮ ਹੋਣ ਤੋਂ ਬਾਅਦ ਖਾਣਾ ਬਣਾਉਣਾ ਤੱਕ ਮੁਸ਼ਕਿਲ ਹੋ ਰਿਹਾ ਹੈ। ਮਜਬੂਰੀ ’ਚ ਲੋਕ ਲੱਕੜ, ਕੋਲਾ ਜਾਂ ਛੋਟੇ ਸਟੋਵ ਦਾ ਸਹਾਰਾ ਲੈਣ ਲੱਗੇ ਹਨ। ਘੱਟ ਆਮਦਨ ਵਾਲੇ ਪਰਿਵਾਰਾਂ ਦੀ ਸਥਿਤੀ ਸਭ ਤੋਂ ਵੱਧ ਤਰਸਯੋਗ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ ਨੇ ਸੁੱਟਿਆ ਸੀ IED ਦਾ ਪੈਕੇਟ!

ਗੈਸ ਏਜੰਸੀਆਂ ਦੀ ਚੈਕਿੰਗ ਕਰਵਾਉਣ ਦੀ ਮੰਗ ਉੱਠੀ
ਕਈ ਗੈਸ ਏਜੰਸੀਆਂ ’ਤੇ ਰੋਜ਼ਾਨਾ ਉਪਭੋਗਤਾਵਾਂ ਦੀ ਭੀੜ ਉਮੜ ਰਹੀ ਹੈ। ਲੋਕ ਸਵੇਰ ਤੋਂ ਏਜੰਸੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਇਹੀ ਜਵਾਬ ਮਿਲ ਰਿਹਾ ਹੈ ਕਿ ਗੋਦਾਮਾਂ ’ਚ ਲੋੜੀਂਦਾ ਸਟਾਕ ਉਪਲੱਬਧ ਨਹੀਂ ਹੈ। ਉਪਭੋਗਤਾਵਾਂ ਦਾ ਦੋਸ਼ ਹੈ ਕਿ ਏਜੰਸੀਆਂ ਸਮੇਂ ’ਤੇ ਸਹੀ ਜਾਣਕਾਰੀ ਨਹੀਂ ਦੇ ਰਹੀਆਂ ਅਤੇ ਡਿਲਿਵਰੀ ’ਚ ਵੀ ਭਾਰੀ ਲਾਪਰਵਾਹੀ ਵਰਤੀ ਜਾ ਰਹੀ ਹੈ।

ਕਈ ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਬੁਕਿੰਗ ਤੋਂ ਬਾਅਦ ਡਿਲਿਵਰੀ ਦੀ ਤਰੀਕ ਲਗਾਤਾਰ ਅੱਗੇ ਵਧਾਈ ਜਾ ਰਹੀ ਹੈ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਗੈਸ ਏਜੰਸੀਆਂ ਨੂੰ ਪ੍ਰਸ਼ਾਸਨਿਕ ਨਿਗਰਾਨੀ ’ਚ ਲੈ ਕੇ ਨਿਯਮਿਤ ਸਟਾਕ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਮ੍ਹਾਖੋਰੀ ਅਤੇ ਮਨਮਾਨੀ ’ਤੇ ਰੋਕ ਲੱਗ ਸਕੇ। ਇਸ ਸਬੰਧੀ ਪੁਲਸ ਪ੍ਰਸ਼ਾਸਨ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਚਿਤਾਵਨੀ! 10 ਮਈ ਤੱਕ ਮੌਸਮ ਦੀ ਵੱਡੀ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert

ਪ੍ਰਸ਼ਾਸਨ ਤੋਂ ਉਪਭੋਗਤਾਵਾਂ ਨੂੰ ਕੋਈ ਉਮੀਦ ਨਹੀਂ
ਹਾਲਾਂਕਿ ਪੈਟਰੋਲੀਅਮ ਮੰਤਰਾਲੇ ਵੱਲੋਂ ਦੇਸ਼ ’ਚ ਗੈਸ ਸਪਲਾਈ ਨੂੰ ਕੰਟਰੋਲ ’ਚ ਰੱਖਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਘਰੇਲੂ ਸਿਲੰਡਰ ਵੰਡ ਨੂੰ ਪਹਿਲ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਲਗਾਤਾਰ ਘਟਦੀ ਖ਼ਪਤ ਦੇ ਪਿੱਛੇ ਵੀ ਇਹੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਸਮੇਂ ’ਤੇ ਸਿਲੰਡਰ ਉਪਲੱਬਧ ਨਹੀਂ ਹੋ ਪਾ ਰਹੇ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਸ ਏਜੰਸੀਆਂ ਦੇ ਗੋਦਾਮਾਂ ਦੀ ਨਿਯਮਿਤ ਜਾਂਚ ਨਹੀਂ ਕੀਤੀ ਜਾ ਰਹੀ, ਜਿਸ ਨਾਲ ਕਈ ਜਗ੍ਹਾ ਬਨਾਵਟੀ ਕਮੀ ਦਾ ਖ਼ਦਸ਼ਾ ਵੀ ਜਤਾਇਆ ਜਾ ਰਹੀ ਹੈ। ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਦਿਨਾਂ ’ਚ ਸੰਕਟ ਹੋਰ ਗੰਭੀਰ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ ISI ਦਾ ਹੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News