ਸ਼ਿਵ ਸੈਨਾ ਆਗੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸਮਰਥਕਾਂ ਨੇ 5-6 ਘੰਟੇ ਕੀਤਾ ਧਰਨਾ-ਪ੍ਰਦਰਸ਼ਨ

Saturday, Dec 17, 2022 - 02:31 AM (IST)

ਜਲੰਧਰ (ਪੁਨੀਤ)- ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਿਆਂ ’ਤੇ ਕਾਰਵਾਈ ਨਾ ਹੋਣ ਕਰ ਕੇ ਸ਼ਿਵ ਸੈਨਾ (ਰਾਸ਼ਟਰਵਾਦੀ) ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਗੋਰੀਆ ਦੀ ਅਗਵਾਈ ਵਿਚ ਸੈਂਕੜੇ ਸਮਰਥਕਾਂ ਵੱਲੋਂ ਦੁਪਹਿਰ 12 ਵਜੇ ਦੇ ਲਗਭਗ ਕਾਲਾ ਸੰਘਿਆਂ ਰੋਡ ’ਤੇ ਧਰਨਾ-ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਲਗਭਗ 5-6 ਘੰਟੇ ਚੱਲੇ ਇਸ ਪ੍ਰਦਰਸ਼ਨ ਦੌਰਾਨ ਸੜਕ ਖੁਲ੍ਹਵਾਉਣ ਲਈ ਜਲਦ ਕਾਰਵਾਈ ਨਾ ਹੋਣ ਕਾਰਨ ਜਨਤਾ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਸੁਭਾਸ਼ ਗੋਰੀਆ ਅਤੇ ਉਨ੍ਹਾਂ ਦੇ ਭਰਾ ਨੂੰ ਧਮਕੀ ਭਰੇ ਫੋਨ ਆਏ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਦੇਣ ਦੇ ਬਾਵਜੂਦ ਕੋਈ ਪੁਲਸ ਅਧਿਕਾਰੀ ਉਨ੍ਹਾਂ ਕੋਲ ਨਹੀਂ ਪੁੱਜਾ, ਜਿਸ ਕਾਰਨ ਉਨ੍ਹਾਂ ਨੂੰ ਧਰਨਾ-ਪ੍ਰਦਰਸ਼ਨ ਕਰਨ ’ਤੇ ਮਜਬੂਰ ਹੋਣਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਕਈ ਘੰਟੇ ਚੱਲੇ ਧਰਨਾ-ਪ੍ਰਦਰਸ਼ਨ ਦੌਰਾਨ ਪੁਲਸ ਦਾ ਕੋਈ ਵੀ ਸੀਨੀਅਰ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਾ, ਜਿਸ ਕਾਰਨ ਧਰਨਾਕਾਰੀਆਂ ਦਾ ਗੁੱਸਾ ਵਧਦਾ ਗਿਆ। ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਧਮਕਾਉਣ ਵਾਲੇ ਪੁਲਸ ਦੀ ਪਹੁੰਚ ਤੋਂ ਦੂਰ ਹਨ।

ਸੁਭਾਸ਼ ਗੋਰੀਆ ਨੇ ਦੱਸਿਆ ਇਕ ਉਨ੍ਹਾਂ ਦੇ ਭਰਾ ਬਲਬੀਰ ਗੋਰੀਆ, ਭਾਬੀ, ਬੇਟੇ, ਬੇਟੀ ਸਮੇਤ ਆਫਿਸ ਮੈਨੇਜਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਪੁਲਸ ਦੇ ਸਾਹਮਣੇ ਵੀ ਕਈ ਵਾਰ ਧਮਕੀਆਂ ਭਰੇ ਫੋਨ ਆ ਚੁੱਕੇ ਹਨ। ਸ਼ਿਕਾਇਤ ਜ਼ਰੀਏ ਸਬੰਧਤ ਫੋਨ ਨੰਬਰ ਵੀ ਪੁਲਸ ਨੂੰ ਦਿੱਤੇ ਜਾ ਚੁੱਕੇ ਹਨ ਪਰ ਇਸਦੇ ਬਾਵਜੂਦ ਮੁਲਜ਼ਮ ਅਜੇ ਤੱਕ ਪੁਲਸ ਦੀ ਪਹੁੰਚ ਤੋਂ ਦੂਰ ਹਨ।

PunjabKesari

ਇਸ ਸਬੰਧ ਵਿਚ ਬਣਦੀ ਕਾਰਵਾਈ ਨਾ ਹੋਣ ਕਰ ਕੇ ਉਨ੍ਹਾਂ ਦਾ ਪਰਿਵਾਰ ਦਹਿਸ਼ਤ ਦੇ ਪ੍ਰਛਾਵੇਂ ਹੇਠ ਸਮਾਂ ਗੁਜ਼ਾਰ ਰਿਹਾ ਹੈ। ਗੋਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਹਾਲਾਤ ਖਰਾਬ ਹੋਏ ਹਨ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ - ਸੜਕਾਂ ਦੀ ਮੁਰੰਮਤ ਨੂੰ ਲੈ ਕੇ ਮਾਨ ਸਰਕਾਰ ਨੇ ਮੁਅੱਤਲ ਕੀਤੇ ਦੋ ਇੰਜੀਨੀਅਰ, ਜਾਣੋ ਕੀ ਹੈ ਪੂਰਾ ਮਾਮਲਾ

ਲਗਾਤਾਰ ਮਿਲ ਰਹੀਆਂ ਧਮਕੀਆਂ ’ਤੇ ਕਾਰਵਾਈ ਨਾ ਹੋਣ ਕਰ ਕੇ ਸ਼ਿਵ ਸੈਨਾ (ਰਾਸ਼ਟਰਵਾਦੀ) ਵੱਲੋਂ 8 ਦਸੰਬਰ ਨੂੰ ਰੋਡ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਹਟਾਇਆ ਗਿਆ ਸੀ। ਬੁਲਾਰਿਆਂ ਨੇ ਕਿਹਾ ਕਿ ਇਸਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਅਤੇ ਹੁਣ ਧਮਕੀਆਂ ਦੇਣ ਵਾਲੇ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰਨ ਸਬੰਧੀ ਮੈਸੇਜ ਭੇਜ ਰਹੇ ਹਨ। ਪੁਲਸ ਵੱਲੋਂ ਉਚਿਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਮੁਲਜ਼ਮ ਸੀਖਾਂ ਦੇ ਪਿੱਛੇ ਹੁੰਦੇ।

ਧਰਨਾ-ਪ੍ਰਦਰਸ਼ਨ ਦੌਰਾਨ ਜੀਵਨ ਪ੍ਰਭਾ, ਪ੍ਰੀਤੀ ਭਗਤ, ਸੁਰਿੰਦਰ ਬਾਜਵਾ, ਭਗਤ ਸਿੰਘ, ਦਿਨੇਸ਼ ਸ਼ਰਮਾ, ਰੋਹਿਤ ਭਗਤ, ਅਮਿਤ ਠਾਕੁਰ, ਨਿਤਿਨ ਵਰਮਾ, ਬਲਬੀਰ ਯਾਦਵ, ਨੀਲਮ, ਕਮਲਾ ਭਗਤ, ਕਿਰਨ ਭਗਤ, ਮਨਜੀਤ ਸੋਢੀ, ਸੁਖਦਿਆਲ ਸਿੰਘ, ਅਮਰਜੀਤ ਲਾਲੀ, ਨਿਰਮਲ ਮਹਿਰਾ, ਵਿੱਕੀ, ਸਤਪਾਲ, ਪੰਕਜ ਮੈਗੀ ਸਮੇਤ ਸੈਂਕੜੇ ਸਮਰਥਕ ਮੌਜੂਦ ਸਨ।

ਇਹ ਖ਼ਬਰ ਵੀ ਪੜ੍ਹੋ - ਲਾੜਿਆਂ ਨੇ ਕਾਇਮ ਕੀਤੀ ਮਿਸਾਲ, ਦਾਜ 'ਚ ਹੋਈ ਲੱਖਾਂ ਰੁਪਏ ਦੀ ਪੇਸ਼ਕਸ਼ ਤਾਂ ਦਿੱਤਾ ਇਹ ਜਵਾਬ, ਖੱਟੀ ਵਾਹਵਾਹੀ

ਕਾਰਵਾਈ ਦਾ ਭਰੋਸਾ ਦੇ ਕੇ ਪੁਲਸ ਨੇ ਖਤਮ ਕਰਵਾਇਆ ਧਰਨਾ

ਸ਼ਾਮ 6 ਵਜੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਵੱਲੋਂ ਮੁਲਜ਼ਮਾਂ ’ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ ਗਿਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਫੋਨ ਕਰਨ ਵਾਲਿਆਂ ਤੱਕ ਪਹੁੰਚਣ ਲਈ ਕੰਮ ਕਰ ਰਹੇ ਹਨ। ਸਮਰਥਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਦਾ ਹੈ ਤਾਂ ਇਸਦੇ ਲਈ ਪੁਲਸ ਅਧਿਕਾਰੀ ਜ਼ਿੰਮੇਵਾਰ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News