ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੰਜਵਾਂ ਕੋਰੋਨਾ ਕੇਅਰ ਕੇਂਦਰ ਸਥਾਪਤ
Friday, May 21, 2021 - 05:12 PM (IST)
ਸੰਗਰੂਰ/ਅੰਮ੍ਰਿਤਸਰ (ਦਲਜੀਤ ਸਿੰਘ ਬੇਦੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਮਰੀਜ਼ਾਂ ਨੂੰ ਇਲਾਜ ਦੀ ਸੁਵਿਧਾ ਦੇਣ ਲਈ ਇਕ ਕਦਮ ਹੋਣ ਪੁੱਟਦਿਆਂ ਸੰਗਰੂਰ ਦੇ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਵੀ 25 ਬੈੱਡ ਦਾ ਕੋਵਿਡ ਕੇਅਰ ਕੇਂਦਰ ਸਥਾਪਿਤ ਕਰ ਦਿੱਤਾ ਹੈ। ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਦੇ ਬੇਬੇ ਨਾਨਕੀ ਨਿਵਾਸ ਵਿਚ ਬਣਾਏ ਗਏ ਇਸ ਮੈਡੀਕਲ ਕੇਂਦਰ ਵਿਚ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਅਤੇ ਨਰਸਿੰਗ ਸਟਾਫ਼ ਕੋਰੋਨਾ ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਇਲਾਜ ਕਰਨਗੇ। ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਗਏ ਇਸ ਵਾਰਡ ਵਿਚ ਕੰਨਸਨਟਰੇਟਰਾਂ ਰਾਹੀਂ ਆਕਸੀਜਨ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਵੱਲੋਂ ਸੰਗਰੂਰ ਵਿਖੇ ਖੋਲ੍ਹਿਆ ਗਿਆ ਇਹ ਪੰਜਵਾਂ ਕੋਵਿਡ ਕੇਅਰ ਕੇਂਦਰ ਹੈ, ਜਿਸ ਦੇ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਸੰਸਾਰ ਭਰ ਵਿਚ ਚੱਲੀ ਕੋਰੋਨਾ ਮਹਾਮਾਰੀ ਬਹੁਤ ਭਿਆਨਕ ਰੂਪ ਧਾਰ ਚੁੱਕੀ ਹੈ, ਜਿਸ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਜਗ੍ਹਾ ਨਹੀਂ ਮਿਲਦੀ ਤਾਂ ਉਹ ਹੋਰ ਨਿਰਾਸ਼ ਹੋ ਜਾਂਦੇ ਹਨ। ਇਸੇ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਕੋਵਿਡ ਕੇਅਰ ਕੇਂਦਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਗਰੂਰ ਤੋਂ ਪਹਿਲਾਂ ਪੰਜਾਬ ਅੰਦਰ ਚਾਰ ਥਾਵਾਂ ’ਤੇ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 500 ਤੋਂ ਵੱਧ ਮਰੀਜ਼ ਹੁਣ ਤੱਕ ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ’ਤੇ ਹੋਰ ਕੋਰੋਨਾ ਕੇਅਰ ਕੇਂਦਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਰੋਨਾ ਸੰਕਟ ਸਮੇਂ ਮਨੁੱਖਤਾ ਦੇ ਨਾਲ ਖੜ੍ਹਦਿਆਂ ਲੋੜੀਂਦੀਆਂ ਸੇਵਾਵਾਂ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਮਾਨਵਤਾ ਲਈ ਭਲਾਈ ਲਈ ਵੱਡੇ ਯਤਨ ਕਰ ਰਹੀ ਹੈ ਅਤੇ ਕੋਰੋਨਾ ਮਹਾਮਾਰੀ ਸਮੇਂ ਜਦੋਂ ਸਰਕਾਰਾਂ ਨਾਕਾਮ ਹੋ ਗਈਆਂ ਹਨ, ਤਾਂ ਸ਼੍ਰੋਮਣੀ ਕਮੇਟੀ ਦਾ ਅੱਗੇ ਆਉਣਾ ਪੰਜਾਬ ਦੇ ਲੋਕਾਂ ਲਈ ਧਰਵਾਸ ਵਾਂਗ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਕੋਵਿਡ ਦੇ ਇਲਾਜ ਲਈ ਮੈਡੀਕਲ ਵਾਰਡ ਤਿਆਰ ਕਰਨੇ ਖਿੱਤੇ ਦੇ ਲੋਕਾਂ ਲਈ ਵੱਡੀ ਸਹੂਲਤ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਮਦਰਦ ਵਜੋਂ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਨੂੰ ਸਵੀਕਾਰਦਿਆਂ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਹ ਸਿੱਖ ਸੰਸਥਾ ਲਈ ਮਾਣ ਵਾਲੀ ਗੱਲ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੋਰੋਨਾ ਦੌਰਾਨ ਮਾਨਵਤਾ ਲਈ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਇਲਾਜ ਕੇਂਦਰਾਂ ਲਈ ਵੀ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਜ ਸ਼ੈਲੀ ’ਤੇ ਸਵਾਲ ਚੁੱਕਦਿਆਂ ਸ. ਬਾਦਲ ਨੇ ਆਖਿਆ ਕਿ ਕੋਰੋਨਾ ਨਾਲ ਹਾਲਾਤ ਅਤਿ ਗੰਭੀਰ ਹੋਣ ਦੇ ਬਾਵਜੂਦ ਵੀ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ।
ਇਹ ਵੀ ਪੜ੍ਹੋ: ਰਿਹਾਈ ਤੋਂ ਬਾਅਦ ਪਹਿਲੀ ਵਾਰ ਪਿੰਡ ਉਦੇਕਰਨ ਪੁੱਜਾ ਦੀਪ ਸਿੱਧੂ, ਕਿਸਾਨ ਅੰਦੋਲਨ ’ਤੇ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਲੈਵਲ 3 ਦੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਦੇ 17 ਜ਼ਿਲ੍ਹਿਆਂ ਅੰਦਰ ਕੋਈ ਮੈਡੀਕਲ ਸਹੂਲਤ ਨਹੀਂ ਹੈ। ਇਸੇ ਦਾ ਕਾਰਨ ਹੈ ਕਿ ਪੰਜਾਬ ਅੰਦਰ ਮੌਤ ਦਰ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਰਹਿੰਦਿਆਂ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਕੋਈ ਗੰਭੀਰ ਕਦਮ ਨਹੀਂ ਚੁੱਕਿਆ, ਜਿਸ ਕਾਰਨ ਹਾਲਾਤ ਗੰਭੀਰ ਅਤੇ ਫਿਰ ਅਤਿ ਗੰਭੀਰ ਬਣ ਗਏ ਹਨ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਸੀਨੀਅਰ ਅਕਾਲੀ ਆਗੂ ਸ. ਸਿਕੰਦਰ ਸਿੰਘ ਮਲੂਕਾ, ਅੰਤ੍ਰਿੰਗ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ, ਸ. ਬਲਦੇਵ ਸਿੰਘ ਚੂੰਘਾਂ ਆਦਿ ਸਮੇਤ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?