ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦਾ ਨਕੋਦਰ ਤੋਂ ਅਮਰੀਕਾ ਤੱਕ ਵਿਰੋਧ

04/02/2019 6:22:49 PM

ਜਲੰਧਰ— ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਆਈ. ਏ. ਐੱਸ. ਦਰਬਾਰਾ ਸਿੰਘ ਗੁਰੂ ਨੂੰ ਫਤਿਹਗੜ੍ਹ ਸਾਹਿਬ ਤੋਂ ਐਲਾਨਿਆ ਗਿਆ ਹੈ। ਦਰਬਾਰਾ ਸਿੰਘ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਨਕੋਦਰ ਤੋਂ ਲੈ ਕੇ ਵਿਦੇਸ਼ਾਂ ਤੱਕ ਹੋਣ ਲੱਗ ਗਿਆ ਹੈ। ਇਸ ਦਾ ਕਾਰਨ 1986 'ਚ ਨਕੋਦਰ 'ਚ ਵਾਪਰੀ ਬੇਅਦਬੀ ਦੀ ਘਟਨਾ ਹੈ, ਜਿਸ 'ਚ ਚਾਰ ਸਿੱਖ ਨੌਜਵਾਨ ਸ਼ਹੀਦ ਹੋਏ ਸਨ। ਉਸ ਸਮੇਂ ਦਰਬਾਰਾ ਸਿੰਘ ਜਲੰਧਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਸਨ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵਿਚਾਰ ਅਧੀਨ ਵੀ ਹੈ ਅਤੇ ਇਸ ਦੀ ਅਗਲੀ ਤਰੀਕ 2 ਅਪ੍ਰੈਲ ਯਾਨੀ ਅੱਜ ਦੀ ਮਿੱਥੀ ਗਈ ਹੈ। ਬਹਿਬਲ ਕਲਾਂ ਗੋਲੀਕਾਂਡ ਅਤੇ ਕੋਟਕਪੂਰਾ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਸੰਕਟ 'ਚ ਫਸਿਆ ਹੋਇਆ ਹੈ। ਨਕੋਦਰ ਬੇਅਦਬੀ ਕਾਂਡ ਦੌਰਾਨ ਸ਼ਹੀਦ ਹੋਏ ਚਾਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਨੇ ਦਰਬਾਰਾ ਸਿੰਘ ਗੁਰੂ ਦੇ ਉਮੀਦਵਾਰ ਬਣਨ ਨੂੰ ਉਨ੍ਹਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੇ ਬਰਾਬਰ ਦੱਸਿਆ। 
ਇਹ ਹੋਏ ਸਨ ਚਾਰ ਸਿੱਖ ਨੌਜਵਾਨ ਸ਼ਹੀਦ
ਦੋ ਫਰਵਰੀ 1986 ਨੂੰ ਨਕੋਦਰ 'ਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ। ਇਸ ਘਟਨਾ ਵਿਰੁੱਧ 4 ਫਰਵਰੀ 1986 ਨੂੰ ਰੋਸ ਪ੍ਰਗਟਾਉਂਦੇ ਸਿੱਖਾਂ 'ਤੇ ਪੰਜਾਬ ਪੁਲਸ ਨੇ ਅੰਨ੍ਹੇਵਾਰ ਗੋਲੀਆਂ ਚਲਾ ਦਿੱਤੀਆਂ ਸਨ। ਇਸ ਗੋਲੀਕਾਂਡ 'ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੋਰਸੀਆਂ ਅਤੇ ਹਰਮਿੰਦਰ ਸਿੰਘ ਚਲੂਪਰ ਸ਼ਹੀਦ ਹੋਏ ਸਨ। ਜਲੰਧਰ ਜ਼ਿਲੇ ਦੇ ਉਸ ਸਮੇਂ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ ਅਤੇ ਐੱਸ. ਐੱਸ. ਪੀ. ਇਜ਼ਹਾਰ ਆਲਮ ਸਨ। ਇਹ ਦੋਵੇਂ ਆਗੂ ਸੇਵਾ ਮੁਕਤੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਉੱਚ ਅਹੁਦਿਆਂ 'ਤੇ ਹਨ। ਸ਼ਹੀਦ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਕੈਨੇਡਾ ਤੋਂ ਆਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਦੇ ਉਮੀਦਵਾਰ ਐਲਾਨੇ ਜਾਣ 'ਤੇ ਕਿਹਾ ਅਕਾਲੀ ਦਲ ਨੇ ਉਨ੍ਹਾਂ ਦੇ ਜ਼ਖਮਾਂ ਨੂੰ ਫਿਰ ਤਾਜ਼ਾ ਕਰ ਦਿੱਤਾ ਹੈ। ਉਥੇ ਹੀ ਅਮਰੀਕਾ 'ਚ 65 ਗੁਰਦੁਆਰਿਆਂ ਨੂੰ ਦੇਖਣ ਵਾਲੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਪ੍ਰਿਤਪਾਲ ਸਿੰਘ ਨੇ ਤਿੱਖੀ ਆਲੋਚਨਾ ਕਰਦੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਹੀ ਪੰਥਕ ਮੁੱਦਿਆਂ 'ਤੇ ਸਿਆਸਤ ਕੀਤੀ ਹੈ ਅਤੇ ਸਿੱਖ ਨੌਜਵਾਨਾਂ ਦਾ ਘਾਣ ਕਰਵਾਇਆ ਹੈ। 


shivani attri

Content Editor

Related News