ਸੇਵਾ ਕੇਂਦਰ ਬੰਦ ਕਰ ਕੇ ਕਾਂਗਰਸ ਸਰਕਾਰ ਨੇ ਪ੍ਰਸ਼ਾਸਕੀ ਸੁਧਾਰਾਂ ਦਾ ਭੋਗ ਪਾਇਆ : ਚੀਮਾ
Sunday, Jan 28, 2018 - 09:05 AM (IST)

ਚੰਡੀਗੜ੍ਹ (ਬਿਊਰੋ)—ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ 1647 ਸੇਵਾ ਕੇਂਦਰਾਂ ਨੂੰ ਅਚਾਨਕ ਬੰਦ ਕਰਨ ਦਾ ਫੈਸਲਾ ਕਰਕੇ ਅਕਾਲੀ-ਭਾਜਪਾ ਸਰਕਾਰ ਵਲੋਂ ਨਾਗਰਿਕ ਸੇਵਾਵਾਂ ਨੂੰ ਲੋਕਾਂ ਦੇ ਬੂਹੇ ਤਕ ਪੁੱਜਦਾ ਕਰਨ ਲਈ ਸ਼ੁਰੂ ਕੀਤੇ ਪ੍ਰਸ਼ਾਸਕੀ ਸੁਧਾਰਾਂ ਦਾ ਭੋਗ ਪਾ ਦਿੱਤਾ ਹੈ । ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਿਨਾਂ ਕੋਈ ਠੋਸ ਕਾਰਨ ਦੱਸੇ 1647 ਸੇਵਾ ਕੇਂਦਰਾਂ ਨੂੰ ਬੰਦ ਕਰਨ ਨਾਲ ਕੁਸ਼ਲ ਨੌਜਵਾਨਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਘਰ-ਘਰ ਨੌਕਰੀ ਦਾ ਵਾਅਦਾ ਕਰਦੀ ਆ ਰਹੀ ਹੈ ਪਰ ਜਾਪਦਾ ਇਸ ਤਰ੍ਹਾਂ ਹੈ ਕਿ ਇਹ ਸੂਬੇ ਦੇ ਹਰ ਘਰ ਕੋਲੋਂ ਨੌਕਰੀ ਖੋਹਣ ਲਈ ਕੰਮ ਕਰ ਰਹੀ ਹੈ । ਇਸ ਕਠੋਰ ਫੈਸਲੇ ਕਰਕੇ ਨੌਕਰੀਆਂ ਗੁਆਉਣ ਵਾਲੇ ਸਾਰੇ ਨੌਜਵਾਨਾਂ ਲਈ ਤੁਰੰਤ ਬਦਲਵੇਂ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਐਲਾਨ ਕਰ ਰਹੀ ਹੈ ਕਿ ਉਹ ਸੇਵਾ ਕੇਂਦਰਾਂ ਵਿਚ ਆਂਗਣਵਾੜੀ ਕੇਂਦਰ ਖੋਲ੍ਹ ਦੇਵੇਗੀ ਅਤੇ ਉਨ੍ਹਾਂ ਨੂੰ ਪੰਚਾਇਤ ਘਰਾਂ ਵਿਚ ਤਬਦੀਲ ਕਰ ਦੇਵੇਗੀ । ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਦੀ ਉਸਾਰੀ 200 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਗਈ ਸੀ । ਜਾਤ, ਜਨਮ ਅਤੇ ਮੌਤ ਦੇ ਸਰਟੀਫਿਕੇਟਾਂ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਨੂੰ ਸਮਾਜ ਭਲਾਈ ਪੈਨਸ਼ਨਾਂ ਦੇਣ ਸਮੇਤ 78 ਸੇਵਾਵਾਂ ਪ੍ਰਦਾਨ ਕਰਨ ਵਾਲੇ ਇਹ ਸੇਵਾ ਕੇਂਦਰ ਪੂਰੀ ਤਰ੍ਹਾਂ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ । ਦੂਜੇ ਰਾਜਾਂ ਵਲੋਂ ਵੀ ਲਾਗੂ ਕੀਤੇ ਗਏ ਇਸ ਸੁਧਾਰਵਾਦੀ ਕਦਮ ਨੂੰ ਹੋਰ ਅਗਾਂਹ ਲੈ ਕੇ ਜਾਣ ਦੀ ਥਾਂ ਕਾਂਗਰਸ ਸਰਕਾਰ ਇਸ ਨੂੰ ਬੰਦ ਕਰ ਰਹੀ ਹੈ।