ਸ਼੍ਰੀ ਨੈਣਾ ਦੇਵੀ ਨਤਮਸਤਕ ਹੋਏ ਨਵਜੋਤ ਸਿੱਧੂ
Monday, Jan 07, 2019 - 07:16 PM (IST)

ਬਿਲਾਸਪੁਰ\ਰੋਪੜ (ਮੁਕੇਸ਼ ਗੌਤਮ) : ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਮੰਦਰ 'ਚ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮਾਤਾ ਰਾਣੀ ਦੇ ਦਰਬਾਰ ਆਸ਼ੀਰਵਾਦ ਲੈਣ ਪਹੁੰਚੇ। ਸਿੱਧੂ ਨੇ ਮਾਂ ਦੇ ਦਰਬਾਰ 'ਚ ਨਮਸਤਕ ਹੋ ਕੇ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਦੋ ਧਾਰਮਿਕ ਸਥਾਨ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਆਪਸ 'ਚ ਜੋੜਨ ਵਾਲੇ ਰੋਪ-ਵੇਅ ਦਾ ਸਮਝੌਤਾ ਪੰਜਾਬ ਅਤੇ ਹਿਮਾਚਲ ਸਰਕਾਰ ਵਿਚਾਲੇ ਹੋਇਆ ਹੈ। ਦੋ ਵੱਡੇ ਧਾਰਮਿਕ ਸਥਾਨ ਰਜੂ ਮਾਰਗ ਰਾਹੀਂ ਆਪਸ 'ਚ ਜੁੜਨਗੇ ਅਤੇ ਇਹ ਫੈਸਲਾ ਵੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਵੱਡੇ ਪ੍ਰਾਜੈਕਟ ਦੇ ਟੈਂਡਰ ਹੋਣ ਵਾਲੇ ਹਨ ਅਤੇ ਨਿਸ਼ਚਿਤ ਸਮੇਂ 'ਚ ਹੀ ਇਹ ਬਣ ਕੇ ਤਿਆਰ ਹੋ ਜਾਵੇਗਾ, ਜਿਸ ਨਾਲ ਦੋਵੇਂ ਧਾਰਮਿਕ ਸਥਾਨ ਅੰਤਰਾਰਸ਼ਟਰੀ ਮਾਨਚਿੱਤਰ 'ਤੇ ਉਭਰ ਕੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਰੋਪ-ਵੇਅ ਰਾਹੀਂ ਸੈਲਾਨੀ ਪਹਾੜੀ ਕੁਦਰਤੀ ਸੁੰਦਰਤਾ ਦਾ ਨਜ਼ਾਰਾ ਲੈਂਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੀ ਨੈਨਾ ਦੇਵੀ ਪਹੁੰਚਣਗੇ।