ਸਿੱਖਿਆ ਵਿਭਾਗ ਦਾ ਕਾਰਨਾਮਾ, ਚੌਥੀ ਦੀ ਕਿਤਾਬ 'ਚ ਸ਼ਹੀਦ ਸੁਖਦੇਵ ਦੀ ਥਾਂ ਸ਼ਹੀਦ ਰਾਜਗੁਰੂ ਦੀ ਛਾਪੀ ਫੋਟੋ (ਵੀਡੀਓ)

Tuesday, Apr 09, 2019 - 12:48 PM (IST)

ਮਾਨਸਾ(ਸੰਦੀਪ)— ਸਿੱਖਿਆ ਵਿਭਾਗ ਪੰਜਾਬ ਨਾਲ ਆਏ ਦਿਨ ਕੋਈ ਨਾ ਕੋਈ ਨਵਾਂ ਕਾਰਨਾਮਾ ਕਰ ਹੀ ਦਿੰਦਾ ਹੈ। ਬੀਤੇ ਦਿਨੀਂ ਮਾਨਸਾ ਦੇ ਜ਼ਿਲਾ ਸਿੱਖਿਆ ਦਫਤਰ ਵਲੋਂ ਜਾਰੀ ਕੀਤਾ ਸਾਲ 2019 ਦਾ ਸਾਰੇ ਮਹੀਨਿਆਂ ਦੇ 31 ਦਿਨ ਦਰਸਾਉਣ ਵਾਲਾ ਕੈਲੰਡਰ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਹੁਣ ਸਿੱਖਿਆ ਵਿਭਾਗ ਦਾ ਇਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ।

ਇਸ ਵਾਰ ਸਿੱਖਿਆ ਵਿਭਾਗ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੌਥੀ ਕਲਾਸ ਦੀ ਪੰਜਾਬੀ ਦੀ ਪ੍ਰਕਾਸ਼ਿਤ ਕਿਤਾਬ 'ਚ ਮੌਜੂਦ ਪਾਠ-3 'ਚ ਬਾਲ ਸੁਖਦੇਵ ਸਿਰਲੇਖ ਹੇਠ ਸ਼ਹੀਦ ਸੁਖਦੇਵ ਦੀ ਥਾਂ ਸ਼ਹੀਦ ਰਾਜਗੁਰੂ ਦੀ ਤਸਵੀਰ ਛਾਪ ਦਿੱਤੀ ਹੈ। ਇਸ ਨੂੰ ਲੈ ਕੇ ਸਿੱਖਿਆ ਨਾਲ ਜੁੜੇ ਲੋਕਾਂ 'ਚ ਇਕ ਨਵੀਂ ਚਰਚਾ ਛਿੜ ਗਈ ਕਿ ਲੋਕਾਂ ਨੂੰ ਸਿੱਖਿਆ ਦੇਣ ਵਾਲਾ ਸਿੱਖਿਆ ਵਿਭਾਗ ਹੀ ਨਿੱਤ ਨਵੀਆਂ ਗਲਤੀਆਂ ਕਰ ਰਿਹਾ ਹੈ ਤਾਂ ਫਿਰ ਹੁਣ ਇਸ ਤੋਂ ਭਵਿੱਖ 'ਚ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਕੀ ਆਸ ਕੀਤੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ, ਹਰਦੀਪ ਸਿੱਧੂ, ਇੰਦਰਜੀਤ ਡੇਲੂਆਣਾ ਤੇ ਰਾਜਵਿੰਦਰ ਮੀਰ ਨੇ ਦੱਸਿਆ ਕਿ ਚੌਥੀ ਜਮਾਤ ਦੀ ਪੰਜਾਬੀ ਪੁਸਤਕ 'ਚ ਬਾਲ ਸੁਖਦੇਵ ਪਾਠ 'ਚ ਸ਼ਹੀਦ ਸੁਖਦੇਵ ਦੀ ਥਾਂ ਸ਼ਹੀਦ ਰਾਜਗੁਰੂ ਦੀ ਤਸਵੀਰ ਲੱਗੀ ਹੋਈ ਹੈ। ਹਜ਼ਾਰਾਂ ਟੀਚਰਾਂ ਦੇ ਡੈਪੂਟੇਸ਼ਨ ਕਰਕੇ ਸਕੂਲਾਂ ਤੋਂ ਬਾਹਰ ਕੱਢਣ ਵਾਲੇ ਸਿੱਖਿਆ ਵਿਭਾਗ ਨੂੰ ਸ਼ਹੀਦਾਂ ਦੀਆਂ ਤਸਵੀਰਾਂ ਬਾਰੇ ਵੀ ਪਤਾ ਨਹੀਂ।

ਹੈਰਾਨੀ ਦੀ ਗੱਲ ਹੋਰ ਵੀ ਹੈ ਕਿ ਅੱਜ ਇੰਟਰਨੈੱਟ ਦੇ ਯੁੱਗ 'ਚ ਤੁਸੀਂ ਸਕਿੰਟਾਂ 'ਚ ਦੁਨੀਆ ਦੇ ਕਿਸੇ ਵੀ ਵਿਅਕਤੀ ਦੀ ਫੋਟੋ ਲੱਭ ਸਕਦੇ ਹੋ। ਜ਼ਿਕਰਯੋਗ ਹੈ ਕਿ 2009-10 'ਚ ਛਾਪੀ ਗਈ ਗਿਆਨ ਸਰੋਵਰ ਕਿਤਾਬ 'ਚ ਇਤਿਹਾਸ ਅਤੇ ਗੁਰੂਆਂ ਬਾਰੇ ਤੱਥਾਂ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਪਿਛਲੇ ਸਾਲ 12ਵੀਂ ਦੀ ਇਤਿਹਾਸ ਦੀ ਕਿਤਾਬ 'ਚ ਵੀ ਸਿੱਖ ਗੁਰੂਆਂ ਬਾਰੇ ਇਤਰਾਜ਼ਯੋਗ ਸ਼ਬਦ ਵਰਤੇ ਗਏ ਸਨ। ਅਧਿਆਪਕ ਸੰਘਰਸ਼ ਕਮੇਟੀ ਦੀ ਆਗੂ ਨੇ ਕਿਹਾ ਕਿ ਵਾਰ-ਵਾਰ ਇਤਿਹਾਸਕ ਤੱਥਾਂ ਨਾਲ ਹੁੰਦੀ ਛੇੜਛਾੜ ਪਿੱਛੇ ਕਿਸੇ ਡੂੰਘੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟੀਆ ਹਰਕਤ ਦੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਕੁਲਦੀਪ ਅੱਕਾਂਵਾਲੀ, ਗੁਰਜੀਤ ਲਾਲਿਆਂਵਾਲੀ, ਅਮੋਲਕ ਡੇਲੂਆਣਾ ਤੇ ਰਾਮ ਸਿੰਘ ਆਦਿ ਹਾਜ਼ਰ ਸਨ।


author

Baljit Singh

Content Editor

Related News