ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਪੱਤਰ ਦਾ ਦਿੱਤਾ ਜਵਾਬ

04/02/2023 1:29:50 AM

ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਪੱਤਰ ਲਿਖ ਕੇ ਦਿੱਲੀ ਤੋਂ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ‘ਵਾਹਿਗੁਰੂ’ ਸ਼ਬਦ ਨੂੰ ਹਿੰਦੂ ਦੇਵੀ-ਦੇਵਤਿਆਂ ਨਾਲ ਤੁਲਨਾ ਕਰਕੇ ਵਿਆਖਿਆ ਕਰਨ ਉੱਤੇ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਤੋਂ ਇਸ ਸਬੰਧੀ ਸਿੱਖ ਸਿਧਾਂਤ ਦੀ ਰੋਸ਼ਨੀ ’ਚ ਜਾਣਕਾਰੀ ਮੰਗੀ ਗਈ ਸੀ। ਇਸ ਪੱਤਰ ਦੇ ਜਵਾਬ ’ਚ ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ’ਚ ਅਨੇਕਾਂ ਵਾਰ 'ਵਾਹਿਗੁਰੂ' ਸ਼ਬਦ ਦਾ ਉਲੇਖ ਮਿਲਦਾ ਹੈ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਹਥਿਆਰਾਂ ਸਣੇ ਗ੍ਰਿਫਤਾਰ

ਜਿਸ ਵਿਚ ਪਹਿਲੀ ਵਾਰ ਦੀ 49ਵੀਂ ਪਉੜੀ ’ਚੋਂ ਉਸ ਸਮੇਂ ਦੇ ਪ੍ਰਚੱਲਿਤ ਸਿਫਾਤੀ ਨਾਵਾਂ ਦਾ ਉਲੇਖ ਕਰਦਿਆਂ ‘ਵਾਹਿਗੁਰੂ' ਸ਼ਬਦ ਦਾ ਵਖਿਆਨ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿੱਖ ਧਰਮ ’ਚ ‘ਵਾਹਿਗੁਰੂ’ ਸ਼ਬਦ ਸਿਰਫ ਪ੍ਰਮਾਤਮਾ ਦੀ ਸਿਫਤ ਵਾਸਤੇ ਹੀ ਵਰਤਿਆ ਗਿਆ ਹੈ, ਨਾ ਕਿ ਕਿਸੇ ਅਵਤਾਰ ਜਾਂ ਪੈਗੰਬਰ ਲਈ। ਫਾਰਸੀ ਅਤੇ ਸੰਸਕ੍ਰਿਤ ਦੇ ਸੁਮੇਲ ‘ਵਾਹ’ ਤੋਂ ਭਾਵ ਅਚਰਜ ਅਤੇ ‘ਗੁਰੂ’ ਤੋਂ ਭਾਵ ਅੰਧਕਾਰ ਤੋਂ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲੀ ਪਰਮਸੱਤਾ ਤੋਂ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਵੱਲੋਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਮਨਘੜਤ ਤੇ ਗ਼ਲਤ ਮਨਸ਼ਾ ਨਾਲ ਵਿਆਖਿਆ ਕਰਨਾ ਸਿੱਖ ਧਰਮ ਦੇ ਸਿਧਾਂਤਾਂ ’ਤੇ ਸਿੱਧੇ ਤੌਰ ’ਤੇ ਅਨਮਤਾਂ ਦਾ ਹਿੱਸਾ ਦਰਸਾਉਣ ਦੀ ਸੋਚੀ-ਸਮਝੀ ਚਾਲ ਜਾਂ ਹਮਲਾ ਹੋ ਸਕਦਾ ਹੈ। ਇਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ‘ਆਪ’ ਮੰਤਰੀ ਖ਼ਿਲਾਫ਼ ਕਾਰਵਾਈ ਲਈ ਰਾਜਪਾਲ ਤੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਇਸ ਪੱਤਰ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਧਿਆਨ ’ਚ ਹੋਰ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਸ਼ਰਾਰਤੀ ਲੋਕਾਂ ਵੱਲੋਂ ਜਾਣਬੁੱਝ ਕੇ ਸਿੱਖ ਸਿਧਾਂਤਾਂ ਅਤੇ ਸਿੱਖ ਇਤਿਹਾਸ ਨੂੰ ਰਲਗੱਡ ਕਰਕੇ ਜਾਂ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਾਡੇ ਵੱਲੋਂ ਕਈ ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

‘ਵਾਹਿਗੁਰੂ’ ਸ਼ਬਦ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਜਾਣਕਾਰੀ ਮਗਰੋਂ ਤਜਿੰਦਰਪਾਲ ਬੱਗਾ ਦਾ ਟਵੀਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਨੂੰ ‘ਵਾਹਿਗੁਰੂ’ ਸ਼ਬਦ ਸਬੰਧੀ ਦਿੱਤੀ ਜਾਣਕਾਰੀ ਮਗਰੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਤਜਿੰਦਰਪਾਲ ਬੱਗਾ ਨੇ ਟਵੀਟ ਕਰਦਿਆਂ ਕਿਹਾ, ‘‘ਅਕਾਲੀ ਦਲ ਦੇ ਤਹਿਤ ਸ਼੍ਰੋਮਣੀ ਕਮੇਟੀ ਜਾਣਬੁੱਝ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਵੰਡਣ ਦੀ ਸਿਆਸਤ ਕਰ ਰਹੀ ਹੈ। ਸੋਮਵਾਰ ਨੂੰ ਮੈਂ ਸਬੂਤ ਸਮੇਤ ਵੀਡੀਓ ਜਾਰੀ ਕਰਾਂਗਾ ਅਤੇ ਉਨ੍ਹਾਂ ਦਾ ਪਰਦਾਫਾਸ਼ ਕਰਾਂਗਾ।’’

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਤਜਿੰਦਰਪਾਲ ਬੱਗਾ ਨੇ ਟਵਿੱਟਰ ’ਤੇ ਲਿਖਿਆ ਸੀ ਕਿ ''ਭਾਰਤ ਅਤੇ ਹਿੰਦੂ ਦੇਵੀ/ਦੇਵਤਿਆਂ ਨੂੰ ਗਾਲ੍ਹਾਂ ਕੱਢਣ ਵਾਲੇ ਖਾਲਿਸਤਾਨੀ ਸਿੱਖ ਧਰਮ ਨੂੰ ਵੀ ਗਾਲ੍ਹਾਂ ਕੱਢ ਰਹੇ ਹਨ। ਉਹ ਵਾਹਿਗੁਰੂ ਦਾ ਅਰਥ ਨਹੀਂ ਜਾਣਦੇ।'' ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਦੇ ਅਰਥ ਵਿਸ਼ਨੂੰ, ਕ੍ਰਿਸ਼ਨਾ ਨਾਲ ਜੋੜ ਕੇ ਲਿਖੇ । ਦਿੱਲੀ ਘੱਟਗਿਣਤੀ ਕਮਿਸ਼ਨ ਨੇ ਟਵੀਟ 'ਤੇ ਨੋਟਿਸ ਲੈਂਦੇ ਹੋਏ ਬੱਗਾ ਦੇ 28 ਮਾਰਚ ਦੇ ਟਵੀਟ ਨੂੰ ਵਿਵਾਦਿਤ ਮੰਨਿਆ ਅਤੇ ਕਿਹਾ, ''ਵਾਹਿਗੁਰੂ ’ਤੇ ਕੀਤੀ ਗਈ ਟਿੱਪਣੀ ਇਤਰਾਜ਼ਯੋਗ ਅਤੇ ਸਿੱਖ/ਸਿੱਖ ਨੈਤਿਕਤਾ ਖ਼ਿਲਾਫ਼ ਲੱਗਦੀ ਹੈ।'' ਸਿੱਖ ਮੈਂਬਰ ਐੱਸ. ਅਜੀਤਪਾਲ ਸਿੰਘ ਬਿੰਦਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਐੱਸ. ਜਸਪ੍ਰੀਤ ਸਿੰਘ ਕਰਮਸਰ ਨੂੰ ਪੱਤਰ ਲਿਖਿਆ ਸੀ। ਜਿਸ ਨਾਲ ਉਨ੍ਹਾਂ ਨੇ ਵਿਵਾਦਿਤ ਟਵੀਟ ਦੀ ਇਕ ਕਾਪੀ ਵੀ ਜੋੜੀ। ਕਮਿਸ਼ਨ ਵੱਲੋਂ ਅਪੀਲ ਕੀਤੀ ਗਈ ਕਿ ਉਹ ਸਿੱਖ ਮਾਪਦੰਡਾਂ ਅਨੁਸਾਰ 'ਵਾਹਿਗੁਰੂ' ਸ਼ਬਦ ਦਾ ਅਰਥ ਸਪੱਸ਼ਟ ਕਰੇ ਅਤੇ ਕਮਿਸ਼ਨ ਨੂੰ 2 ਦਿਨਾਂ ਅੰਦਰ ਆਪਣਾ ਜਵਾਬ ਭੇਜਣ।


Manoj

Content Editor

Related News