ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਾਇਬ ਘਰ 'ਚ ਗਜਿੰਦਰ ਸਿੰਘ, ਪੰਜਵੜ ਤੇ ਨਿੱਝਰ ਦੀਆਂ ਤਸਵੀਰਾਂ ਲਗਾਉਣ ਦੇ ਹੁਕਮ

Monday, Jul 15, 2024 - 10:47 AM (IST)

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅਜਾਇਬ ਘਰ 'ਚ ਗਜਿੰਦਰ ਸਿੰਘ, ਪੰਜਵੜ ਤੇ ਨਿੱਝਰ ਦੀਆਂ ਤਸਵੀਰਾਂ ਲਗਾਉਣ ਦੇ ਹੁਕਮ

ਜੈਤੋ(ਰਘੂਨੰਦਨ ਪਰਾਸ਼ਰ)-ਦਲ ਖ਼ਾਲਸਾ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੋ ਬੀਤੇ ਦਿਨੀਂ ਪਾਕਿਸਤਾਨ ਅੰਦਰ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਲ ਖ਼ਾਲਸਾ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ-ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਪੰਥਕ ਸੰਘਰਸ਼ ਦੇ ਉਹ ਯੋਧੇ ਸਨ, ਜਿਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਕੌਮ ਦੇ ਲੇਖੇ ਲਾਇਆ। ਉਨ੍ਹਾਂ ਕਿਹਾ ਕਿ ਭਾਈ ਗਜਿੰਦਰ ਸਿੰਘ ਨੇ ਜਲਾਵਤਨੀ ਭਰੀ ਜ਼ਿੰਦਗੀ ਵਿਚ ਰਹਿੰਦਿਆਂ ਵੀ ਕੌਮੀ ਆਜ਼ਾਦੀ ਦੇ ਸੰਘਰਸ਼ ਪ੍ਰਤੀ ਆਪਣੀ ਦ੍ਰਿੜ੍ਹਤਾ ਤੇ ਸਮਰਪਣ ਭਾਵਨਾ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਪੰਥਕ ਸਿਧਾਂਤਾਂ ’ਤੇ ਪਹਿਰਾ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਕੌਮ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਸ ਦੇਸ਼ ਵਿਚ ਅਸੀਂ ਰਹਿ ਰਹੇ ਹਾਂ, ਉਥੋਂ ਦੀਆਂ ਸਰਕਾਰਾਂ ਨੇ ਕਦੇ ਵੀ ਸਾਡੇ ਹੱਕਾਂ ਦਾ ਖ਼ਿਆਲ ਨਹੀਂ ਕੀਤਾ। 1947 ਦੀ ਦੇਸ਼ ਵੰਡ ਤੋਂ ਬਾਅਦ ਸਾਨੂੰ ਜਰਾਇਮ ਪੇਸ਼ਾ ਕਿਹਾ ਗਿਆ ਅਤੇ ਆਜ਼ਾਦ ਖਿੱਤੇ ਦਾ ਕੀਤਾ ਵਾਅਦਾ ਵੀ ਪੂਰਾ ਨਹੀਂ ਕੀਤਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਵੀ ਸਾਡੇ ਕਈ ਸੰਘਰਸ਼ੀ ਯੋਧੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲਾਂ ਵਿਚ ਬੰਦ ਹਨ।

ਇਹ ਵੀ ਪੜ੍ਹੋ-  ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਲਾਵਤਨੀ ਸਿੱਖ ਯੋਧੇ ਦਾ ਖਿਤਾਬ ਦਿੱਤਾ ਗਿਆ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਪ੍ਰੰਪਰਾਵਾਂ ਅਨੁਸਾਰ ਸਮਾਗਮ ਕਰ ਕੇ ਇਹ ਸਨਮਾਨ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਭਾਈ ਗਜਿੰਦਰ ਸਿੰਘ, ਭਾਈ ਹਰਦੀਪ ਸਿੰਘ ਨਿੱਝਰ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਲਈ ਕਾਰਵਾਈ ਕਰੇ। ਇਸ ਮੌਕੇ ਦਲ ਖ਼ਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਕਿਸੇ ਇਕ ਜਥੇਬੰਦੀ ਦੇ ਨਹੀਂ, ਸਗੋਂ ਸਮੁੱਚੇ ਖਾਲਸਾ ਪੰਥ ਦੇ ਸਨ ਅਤੇ ਪੰਥ ਵਲੋਂ ਉਨ੍ਹਾਂ ਨੂੰ ਬਹੁਤ ਸਤਿਕਾਰ ਮਿਲਿਆ। ਭਾਈ ਗਜਿੰਦਰ ਸਿੰਘ ਨੇ 53 ਸਾਲ ਸੰਘਰਸ਼ ਦੇ ਲੇਖੇ ਲਾਏ ਅਤੇ ਅਨੇਕਾਂ ਤਸ਼ੱਦਦ ਝੱਲੇ। ਉਨ੍ਹਾਂ ਭਾਈ ਗਜਿੰਦਰ ਸਿੰਘ ਦੇ ਜੀਵਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਸਿੱਖ ਰਹਿਤ ਮਰਯਾਦਾ ਦਾ ਪਹਿਰੇਦਾਰ ਦੱਸਿਆ। ਉਨ੍ਹਾਂ ਸਮਾਗਮ ਵਿਚ ਪਹੁੰਚੀਆਂ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਭਾਈ ਗਜਿੰਦਰ ਸਿੰਘ ਦੇ ਭਰਾ ਭਾਈ ਦਰਸ਼ਨ ਸਿੰਘ, ਸਪੁੱਤਰੀ ਬੀਬੀ ਬਿਕਰਮਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨ ਦਿੱਤਾ।

PunjabKesari

ਇਹ ਵੀ ਪੜ੍ਹੋ-ਇੰਗਲੈਂਡ ਦੇ ਗੁਰਦੁਆਰਾ ਸਾਹਿਬ 'ਚ ਹਮਲਾ ਕਰਨ ਦੀ ਘਟਨਾ ਦੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ

ਸਮਾਗਮ ’ਚ ਸ਼ਾਮਲ ਹੋਣ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗਜਿੰਦਰ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸਿੱਖ ਕੌਮ ਨੂੰ ਸਮਰਪਿਤ ਜੀਵਨ ਦੀ ਸ਼ਲਾਘਾ ਕੀਤੀ। ਐਡਵੋਕੇਟ ਧਾਮੀ ਨੇ ਭਾਈ ਗਜਿੰਦਰ ਸਿੰਘ ਨੂੰ ਦ੍ਰਿੜ੍ਹ ਸ਼ਖ਼ਸੀਅਤ ਕਰਾਰ ਦਿੰਦਿਆਂ ਆਖਿਆ ਕਿ ਕਈ ਮੁਸੀਬਤਾਂ ਦੇ ਬਾਵਜੂਦ ਵੀ ਅਟੱਲ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News