ਐੱਸ.ਜੀ.ਪੀ.ਸੀ. ਦੀ ਚੋਣ ਜਲਦੀ ਕਰਾਵੇ ਕੇਂਦਰ ਸਰਕਾਰ : ਬਾਜਵਾ

Sunday, Nov 24, 2019 - 02:41 PM (IST)

ਐੱਸ.ਜੀ.ਪੀ.ਸੀ. ਦੀ ਚੋਣ ਜਲਦੀ ਕਰਾਵੇ ਕੇਂਦਰ ਸਰਕਾਰ : ਬਾਜਵਾ

ਬਟਾਲਾ (ਬੇਰੀ) : ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਮਿਆਦ ਲੰਘਾ ਚੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੁਰੰਤ ਕਰਾਵੇ। ਅੱਜ ਬਟਾਲਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰ ਸਰਕਾਰ ਕੋਲੋਂ ਕਈ ਵਾਰ ਇਹ ਮੰਗ ਕਰ ਚੁੱਕੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬਿਨਾਂ ਕਿਸੇ ਦੇਰੀ ਜਲਦੀ ਤੋਂ ਜਲਦੀ ਕਰਾਈ ਜਾਵੇ ਪਰ ਕੇਂਦਰ ਸਰਕਾਰ ਇਸ ਪ੍ਰਤੀ ਜਾਣਬੁੱਝ ਕੇ ਅਵੇਸਲੀ ਹੋਈ ਪਈ ਹੈ। 

ਉਨ੍ਹਾਂ ਕਿਹਾ ਕਿ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਕੋਈ ਵੀ ਚੁਣਿਆ ਹੋਇਆ ਹਾਊਸ ਜਿਸਦੀ ਮਿਆਦ ਖਤਮ ਹੋ ਗਈ ਹੋਵੇ ਉਹ ਬਿਨਾਂ ਨਵੀਂ ਚੋਣ ਦੇ ਚੱਲੀ ਜਾਵੇ। ਬਾਜਵਾ ਨੇ ਕਿਹਾ ਕਿ ਐੱਸ.ਜੀ.ਪੀ.ਸੀ. ਦੀ ਚੋਣ ਕਰਾਉਣਾ ਕੇਂਦਰ ਸਰਕਾਰ ਦੇ ਅਖਤਿਆਰ ਹੇਠ ਆਉਂਦਾ ਹੈ ਅਤੇ ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਗੁਰਧਾਮਾ ਦੀ ਸੇਵਾ-ਸੰਭਾਲ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜਲਦੀ ਤੋਂ ਜਲਦੀ ਕਰਾਈ ਜਾਵੇ।


author

Gurminder Singh

Content Editor

Related News