ਐੱਸ. ਜੀ. ਪੀ. ਸੀ. ਦੇ ਸਮਾਗਮ ''ਚ ਫਾਡੀ ਰਹੇ ਗਿਆਨੀ ਗੁਰਬਚਨ ਸਿੰਘ
Friday, Sep 21, 2018 - 05:41 PM (IST)

ਸ੍ਰੀ ਆਨੰਦਪੁਰ ਸਾਹਿਬ : ਭਾਈ ਘਨ੍ਹੱਈਆ ਜੀ ਦੇ ਜੋਤੀ-ਜੋਤਿ ਸਮਾਉਣ ਦੀ 300 ਸਾਲਾ ਸ਼ਤਾਬਦੀ ਮੌਕੇ ਐੱਸ. ਜੀ. ਪੀ. ਸੀ. ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸ਼ਮੇਸ਼ ਦੀਵਾਨ ਹਾਲ ਵਿਚ ਇਕ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਭ ਤੋਂ ਬਾਅਦ ਬੋਲਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਇਲਾਵਾ ਧਾਰਮਿਕ ਤੇ ਪੰਥਕ ਸ਼ਖਸੀਅਤਾਂ ਸਣੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੂੰ ਬੋਲਣ ਲਈ ਢੁਕਵਾਂ ਸਮਾਂ ਦਿੱਤਾ ਗਿਆ। ਹਾਲਾਂਕ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ਼੍ਰੋਮਣੀ ਕਮੇਟੀ ਦੀ ਸਟੇਜ 'ਤੇ ਮੌਜੂਦ ਸਨ ਪਰ ਉਹ ਇਕ ਪਾਸੇ ਹੋ ਕੇ ਹੀ ਬੈਠੇ ਰਹੇ ਜਦਕਿ ਪ੍ਰੋਟੋਕੋਲ ਅਨੁਸਾਰ ਮੁੱਖ ਸਟੇਜ 'ਤੇ ਉਹ ਸ਼ਖਸੀਅਤਾਂ ਵੀ ਮੁੱਖ ਧਾਰਾ ਵਿਚ ਨਜ਼ਰ ਆਈਆਂ, ਜੋ ਅਹੁਦੇ ਤੇ ਤਜ਼ਰਬੇ ਵਿਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਨਾਲੋਂ ਕਾਫੀ ਘੱਟ ਸਨ। ਸਮਾਗਮ ਦੌਰਾਨ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਪ੍ਰਮੁੱਖਤਾ ਨਾਲ ਸਟੇਜ 'ਤੇ ਮੌਜੂਦ ਰਹੇ ਤੇ ਉਨ੍ਹਾਂ ਨੂੰ ਬੋਲਣ ਲਈ ਵੀ ਢੁਕਵਾਂ ਸਮਾਂ ਦਿੱਤਾ ਗਿਆ।
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੱਤਰਕਾਰਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿਨਾਂ ਕਿਸੇ ਦੇ ਕਹੇ ਬਿਨਾਂ ਹੀ ਜਥੇਦਾਰ ਨੂੰ ਚੁੱਪ-ਚੁਪੀਤੇ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਅਹੁਦੇ ਦੀ ਮਰਿਆਦਾ ਬਣੀ ਰਹੇ। ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਨ੍ਹਾਂ ਦੇ ਅਹੁਦੇ ਮੁਤਾਬਕ ਸਭ ਤੋਂ ਅਖੀਰ ਵਿਚ ਬੋਲਣ ਦਾ ਸਮਾਂ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਗਿਆਨੀ ਗੁਰਬਚਨ ਸਿੰਘ ਦਾ ਹਾਸ਼ੀਏ 'ਤੇ ਰਹਿਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।