ਰਾਸ਼ਟਰੀ ਸਵੈਮ ਸੰਘ ਦੇ ਸੀਨੀਅਰ ਪ੍ਰਚਾਰਕ ਸ. ਚਿਰੰਜੀਵ ਸਿੰਘ ਦਾ ਦਿਹਾਂਤ

Monday, Nov 20, 2023 - 01:19 PM (IST)

ਰਾਸ਼ਟਰੀ ਸਵੈਮ ਸੰਘ ਦੇ ਸੀਨੀਅਰ ਪ੍ਰਚਾਰਕ ਸ. ਚਿਰੰਜੀਵ ਸਿੰਘ ਦਾ ਦਿਹਾਂਤ

ਲੁਧਿਆਣਾ : ਰਾਸ਼ਟਰੀ ਸਵੈਮ ਸੰਘ ਦੇ ਸੀਨੀਅਰ ਪ੍ਰਚਾਰਕ ਸ. ਚਿਰੰਜੀਵ ਸਿੰਘ ਦਾ ਸੋਮਵਾਰ ਦੀ ਸਵੇਰੇ ਲੁਧਿਆਣਾ ਦੇ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ 'ਤੇ ਸੀਨੀਅਰ ਪ੍ਰਚਾਰਕ ਮੋਹਨ ਭਾਗਵਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਪੂਜਨੀਕ ਸ. ਚਿਰੰਜੀਵ ਸਿੰਘ ਜੀ ਦੇ ਦਿਹਾਂਤ ਨਾਲ ਰਾਸ਼ਟਰ ਲਈ ਸਮਰਪਿਤ ਇਕ ਪ੍ਰੇਰਨਾਦਾਇਕ ਜੀਵਨ ਦੀ ਯਾਤਰਾ ਪੂਰੀ ਹੋਈ ਹੈ। ਚਿਰੰਜੀਵ ਸਿੰਘ ਰਾਸ਼ਟਰੀ ਸਿੱਖ ਸੰਗਤ ਦੇ ਪਹਿਲੇ ਜਨਰਲ ਸਕੱਤਰ ਅਤੇ ਫਿਰ ਮੁਖੀ ਵੀ ਰਹੇ ਸਨ। ਉਹ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੇ ਵੱਡੇ ਜਾਣਕਾਰ ਹੋਣ ਦੇ ਨਾਲ-ਨਾਲ ਬੇਹਤ ਨਰਮ ਦਿਲ ਅਤੇ ਮਿਲਣਸਾਰ ਸਨ। 

ਉਨ੍ਹਾਂ ਨੇ ਕਿਹਾ ਕਿ ਸੰਘ ਦੇ ਜੀਵਨ ਭਰ ਵਫ਼ਾਦਾਰ ਪ੍ਰਚਾਰਕ ਸ. ਚਿਰੰਜੀਵ ਸਿੰਘ ਜੀ ਨੇ ਪੰਜਾਬ 'ਚ ਦਹਾਕਿਆਂ ਤੱਕ ਕੰਮ ਕੀਤਾ। ਇਸ ਤੋਂ ਬਾਅਦ ਰਾਸ਼ਟਰੀ ਸਿੱਖ ਸੰਗਤ ਦੇ ਕਾਰਜਾਂ ਰਾਹੀਂ ਪੰਜਾਬ ਦੇ ਔਖੇ ਹਾਲਾਤਾਂ ਕਾਰਨ ਪੈਦਾ ਹੋਏ ਆਪਸੀ ਮਤਭੇਦਾਂ ਅਤੇ ਬੇਭਰੋਸਗੀ ਨੂੰ ਦੂਰ ਕਰਨ, ਭਾਈਚਾਰੇ ਅਤੇ ਰਾਸ਼ਟਰਵਾਦ ਦੀ ਰੌਸ਼ਨੀ ਵਿਚ ਸਮੁੱਚੇ ਦੇਸ਼ ਦੀ ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਆਪਣੀ ਅਥਾਹ ਮਿਹਨਤ, ਪੰਜਾਬ ਦੀ ਗੁਰੂ-ਪਰੰਪਰਾ ਦੇ ਡੂੰਘੇ ਅਧਿਐਨ ਅਤੇ ਸ਼ਾਨਦਾਰ ਜਥੇਬੰਦਕ ਹੁਨਰ ਸਦਕਾ ਉਹਨਾਂ ਨੇ ਅਣਗਿਣਤ ਲੋਕਾਂ ਨੂੰ ਰਾਸ਼ਟਰਵਾਦ ਦੇ ਵਹਿਣ ਵਿਚ ਸ਼ਾਮਲ ਕੀਤਾ।

ਸਰਦਾਰ ਚਿਰੰਜੀਵ ਸਿੰਘ ਜੀ ਦੀ ਪਿਆਰ ਭਰੀ ਅਤੇ ਮਿੱਠੀ ਸ਼ਖਸੀਅਤ ਨੇ ਸਾਰਿਆਂ ਨੂੰ ਜਿੱਤ ਲਿਆ ਸੀ। ਬੀਮਾਰੀ ਕਾਰਨ ਕੁੱਝ ਸਮਾਂ ਸਰਗਰਮ ਨਾ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆ ਰਹੀ ਸੀ। ਸਤਿਕਾਰਯੋਗ ਸਰਦਾਰ ਜੀ ਦੇ ਦਿਹਾਂਤ 'ਤੇ ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਜਾਣ-ਪਛਾਣ ਵਾਲਿਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।


author

Babita

Content Editor

Related News