ਸੀਚੇਵਾਲ ਨਰਸਰੀ ਵਿੱਚੋਂ ਮਿਲਣਗੇ 'ਰੁੱਖ' ਐਪ ਰਾਹੀ ਮੁਫ਼ਤ ਬੂਟੇ

08/10/2020 6:19:22 PM

ਸੁਲਤਾਨਪੁਰ ਲੋਧੀ,(ਹਰਨੇਕ ਸਿੰਘ) ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਇਸਨੂੰ ਡਿਜ਼ੀਟਲ ਵੀ ਕਰ ਦਿੱਤਾ ਗਿਆ ਹੈ। ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ ਵਿੱਚ ਮੁਫ਼ਤ ਬੂਟੇ ਪ੍ਰਾਪਤ ਕਰਨ ਲਈ 'ਰੁੱਖ' ਨਾਂਅ ਦੀ ਐਪ ਲਾਂਚ ਕੀਤੀ ਗਈ ਹੈ।ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਚਲਾਈ ਗਈ ਇਸ ਮੁਹਿੰਮ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਹੁਣ ਤੱਕ ਇਸ ਐਪ ਰਾਹੀ 20 ਹਜ਼ਾਰ ਤੋਂ ਵੱਧ ਬੂਟੇ ਲੋਕਾਂ ਨੇ ਪੱਕੇ ਕਰਾ ਲਏ ਹਨ ਤੇ ਇੰਨ੍ਹਾਂ ਵਿੱਚੋਂ 10 ਹਜ਼ਾਰ ਦੇ ਕਰੀਬ ਬੂਟੇ ਵੰਡੇ ਵੀ ਜਾ ਚੁੱਕੇ ਹਨ। ਨੌਜਵਾਨਾਂ ਵਿੱਚ ਇਸ ਐਪ ਨੂੰ ਡਾਊਨਲੋਡ ਕਰਨ ਦਾ ਰੁਝਾਨ ਵੀ ਵਧਿਆ ਹੈ। ਰੁੱਖ ਨਾਂਅ ਦੀ ਇਹ ਐਪ ਇੱਕ ਹਜ਼ਾਰ ਤੋਂ ਵੱਧ ਡਾਊਨਲੋਡ ਹੋ ਚੁੱਕੀ ਹੈ।

ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚ 5 ਲੱਖ 50 ਹਜ਼ਾਰ ਬੂਟੇ ਤਿਆਰ

ਇਸ ਐਪ ਰਾਹੀਂਂ ਪਹਿਲਾਂ ਰਜਿਸਟਰੇਸ਼ਨ ਕਰਨੀ ਪੈਂਦੀ ਹੈ।ਉਸ ਤੋਂ ਬਾਅਦ ਬੂਟਿਆਂ ਦੀਆਂ ਕਿਸਮਾਂ ਅਨੁਸਾਰ ਬੂਟੇ ਬੁੱਕ ਕਰਨੇ ਪੈਂਦੇ ਹਨ।ਅਜਿਹਾ ਕਰਨ ਨਾਲ ਮੋਬਾਇਲ 'ਤੇ ਇੱਕ ਸੁਨੇਹਾ ਮਿਲਦਾ ਹੈ ਕਿ ਕਦੋਂ ਤੇ ਕਿੰਨ੍ਹੇ ਬੂਟੇ ਮਿਲ ਸਕਦੇ ਹਨ।ਇਸ ਸੁਨੇਹੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਸ ਨਰਸਰੀ ਵਿੱਚੋਂ ਬੂਟੇ ਪ੍ਰਾਪਤ ਕਰਨੇ ਹਨ।ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਵਿੱਚ ਇਸ ਸਮੇਂ ਸਾਢੇ ਪੰਜ ਲੱਖ ਦੇ ਕਰੀਬ ਬੂਟੇ ਤਿਆਰ ਪਏ ਹਨ।

'ਰੁੱਖ' ਅਪਣਾਓ-ਪੰਜਾਬ ਹਰਿਆ-ਭਰਿਆ ਬਣਾਉ'

'ਰੁੱਖ' ਅਪਣਾਓ-ਪੰਜਾਬ ਹਰਿਆ-ਭਰਿਆ ਬਣਾਉ' ਦੇ ਇਸ ਨਾਅਰੇ ਨਾਲ ਇਸ ਦਾ ਪ੍ਰਚਾਰ ਤੇ ਪਰਸਾਰ ਕੀਤਾ ਜਾ ਰਿਹਾ ਹੈ।ਇੰਨ੍ਹਾਂ ਬੂਟਿਆਂ ਨੂੰ ਹਾਸਲ ਕਰਨ ਵਾਲੀਆਂ ਸੰਸਥਾਵਾਂ ਤੇ ਵਿਅਕਤੀਗਤ ਰੂਪ ਵਿੱਚ ਬੂਟੇ ਲਗਾਉਣ ਦੀ ਥਾਂ ਬਾਰੇ ਵੀ ਜਾਣਕਾਰੀ ਦੇਣੀ ਪੈਂਦੀ ਹੈ ਕਿ ਇੱਥੋਂ ਪਰਾਪਤ ਕੀਤੇ ਗਏ ਬੂਟੇ ਕਿੱਥੇ-ਕਿੱਥੇ ਲਗਾਏ ਗਏ ਹਨ।ਇਸ ਐਪ ਬਾਰੇ ਜਾਣਕਾਰੀ ਦਿੰਦਿਆ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਦੇ ਅਲੋਪ ਹੋ ਰਹੇ ਰਵਾਇਤੀ ਤੇ ਵਿਰਾਸਤੀ ਰੁੱਖਾਂ ਨੂੰ ਮੁੜ ਪੰਜਾਬ ਦੇ ਪਿੰਡਾਂ ਦੀ ਸ਼ਾਨ ਬਣਾਉਣਾ ਵੀ ਇਸ ਦਾ ਮੁੱਖ ਮਕਸਦ ਹੈ।ਇਸ ਐਪ ਵਿੱਚ ਇੱਕ ਮੁਹਿੰਮ 'ਮੇਰੀ ਨਰਸਰੀ' ਨਾਂਅ ਹੇਠ ਚਲਾਈ ਜਾ ਰਹੀ ਹੈ। ਜਿਸ ਰਾਹੀਂ ਲੋਕ ਆਪਣੇ ਘਰ ਵਿੱਚ ਹੀ ਬੂਟੇ ਤਿਆਰ ਕਰਕੇ ਵੀ ਇਸ ਮਹਾਨ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।ਹਰ ਪਿੰਡ ਬੂਟੇ ਲਾਉਣ ਵਾਲਿਆਂ ਦਾ ਰਿਕਾਰਡ ਵੀ ਇਸ ਐਪ ਰਾਹੀਂ ਸੰਭਾਲਿਆ ਜਾਵੇਗਾ।ਬੂਟੇ ਤਿਆਰ ਕਰਨ, ਲਾਉਣ, ਵੰਡਣ ਤੋਂ ਲੈ ਕੇ ਸੰਭਾਲਣ ਤੱਕ ਦੀ ਜਾਣਕਾਰੀ ਇਸ ਐਪ ਰਾਹੀਂ ਮਿਲੇਗੀ।ਕਰੋਨਾ ਲਾਗ ਦੀ ਬਿਮਾਰੀ ਕਾਰਨ ਇਨ੍ਹਾਂ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਵੀ ਕਈ ਅਹਿਮ ਬਦਲਾਅ ਕਰਨ ਦੀ ਜ਼ਰੂਰਤ ਪਈ ਹੈ।ਰੁੱਖ ਲਾਉਣ, ਸੰਭਾਲਣ ਦੀ ਜਾਣਕਾਰੀ ਸਮੇਤ ਇਸ ਐਪ ਵਿੱਚ 'ਵਾਤਾਵਰਣ ਸਿਖਿਆ' ਲਈ ਵੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ।ਜਿਸ ਵਿੱਚ ਵਾਤਾਵਰਣ ਸੰਭਾਲ ਸਬੰਧੀ ਸਿੱਖਿਆ ਤੇ ਰੁਜ਼ਗਾਰ ਬਾਰੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਸਿਖਿਆ ਰਾਹੀਂ ਵਾਤਾਵਰਣ ਦੇ ਰਖਵਾਲੇ ਤਿਆਰ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ ਹੋਵੇਗੀ।


Harnek Seechewal

Content Editor

Related News