ਸਤਿਕਾਰ ਕਮੇਟੀਆਂ ਬਾਰੇ ਭਾਈ ਲੌਂਗੋਵਾਲ ਦਾ ਬਿਆਨ ਮੰਦਭਾਗਾ : ਢੀਂਡਸਾ

Saturday, Sep 12, 2020 - 04:07 PM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਯਾਦਾ ਤੇ ਸਤਿਕਾਰ ਲਈ ਹੋਂਦ ਵਿਚ ਆਈਆਂ ਸਤਿਕਾਰ ਕਮੇਟੀਆਂ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਦਿੱਤੇ ਗੁੰਮਰਾਹਕੁੰਨ ਬਿਆਨ ਨੂੰ ਬਹੁਤ ਮੰਦਭਾਗਾ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਹੁਣ ਜੁੱਗੋ-ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੇ ਅਸਲ ਮੁੱਦੇ ਤੋਂ ਸੰਗਤ ਦਾ ਧਿਆਨ ਹਟਾਉਣ ਲਈ ਕੋਝੀਆਂ ਸਾਜਿਸ਼ਾਂ ਘੜ ਰਿਹਾ ਹੈ। 

ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਤੇ ਸੰਭਾਲ ਨਾ ਕਰ ਸਕਣ ਰੋਸ ਪ੍ਰਦਰਸ਼ਨ ਕਰਨਾ ਹੈ। ਜਿਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੌਖਲਾਹਟ ਵਿਚ ਆ ਕੇ ਪੰਥਕ ਜਥੇਬੰਦੀਆਂ ਖ਼ਿਲਾਫ਼ ਬੋਲਣ ਤੇ ਉਤਾਰੂ ਹੋ ਗਿਆ। ਸਾਰਾ ਸਿੱਖ ਜਗਤ ਜਾਣਦਾ ਹੈ ਕਿ ਇਹ ਸਿੱਖ ਜਥੇਬੰਦੀਆਂ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਤੇ ਮਾਣ ਮਰਿਯਾਦਾ ਰੱਖਣ ਲਈ ਹੀ ਕਾਇਮ ਹੋਈਆਂ ਹਨ। ਢੀਂਡਸਾ ਨੇ ਕਿਹਾ ਕਿ ਜਿਸ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਪਰ ਸਿੱਖ ਪੰਥ ਦੇ ਸੰਵੇਦਨਸ਼ੀਲ ਮੁੱਦਿਆਂ ਸਬੰਧੀ ਦਬਾਅ ਪਾਇਆ ਜਾ ਰਿਹਾ ਹੈ ਇਹ ਭੜਕਾਹਟ ਦਾ ਨਤੀਜਾ ਹੈ ।


Gurminder Singh

Content Editor

Related News