ਸਰਨਾ ਭਰਾਵਾਂ ਅਤੇ ਮਨਜੀਤ ਜੀ. ਕੇ. ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਮੰਗ : ਦਿੱਲੀ ਕਮੇਟੀ

11/17/2021 2:36:12 AM

ਤਲਵੰਡੀ ਸਾਬੋ (ਮੁਨੀਸ਼)- ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਦਫਤਰ ਵਿਚ ਹੋਏ ਵਿਵਾਦ ਦਾ ਮਾਮਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਪੁੱਜ ਗਿਆ ਹੈ। ਅੱਜ ਦਿੱਲੀ ਕਮੇਟੀ ਦੇ ਇਕ ਵਫਦ ਨੇ ਸਿੰਘ ਸਾਹਿਬ ਨਾਲ ਮੁਲਾਕਾਤ ਦੌਰਾਨ ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ. ਕੇ. ਖ਼ਿਲਾਫ਼ ਇਕ ਸ਼ਿਕਾਇਤ ਸੌਂਪਦਿਆਂ ਉਨ੍ਹਾਂ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ।
ਦਿੱਲੀ ਕਮੇਟੀ ਦੀ ਸੀਨੀ. ਆਗੂ ਬੀਬੀ ਰਣਜੀਤ ਕੌਰ ਦੀ ਅਗਵਾਈ ਵਿਚ ਦਮਦਮਾ ਸਾਹਿਬ ਪੁੱਜੇ ਵਫਦ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕਰਦਿਆਂ ਸੌਂਪੇ ਸ਼ਿਕਾਇਤ ਪੱਤਰ ਵਿਚ ਦੱਸਿਆ ਕਿ ਕਮੇਟੀ ਦੇ ਸਾਬਕਾ ਮੈਂਬਰ ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ, ਜਤਿੰਦਰ ਸਿੰਘ ਸਾਹਨੀ ਅਤੇ ਕਈ ਹੋਰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕਮੇਟੀ ਦੇ ਦਫਤਰ ਪੁੱਜੇ ਅਤੇ ਖਜ਼ਾਨਚੀ ਤੋਂ ਜ਼ਬਰਨ ਕੈਸ਼ ਰਜਿਸਟਰ ਖੋਹ ਕੇ ਗੰਦੀ ਸ਼ਬਦਾਵਲੀ ਵਰਤਦਿਆਂ ਧਮਕਾਉਣ ਲੱਗੇ ਅਤੇ ਲਾਕਰ ਖੋਲ੍ਹਣ ਲਈ ਕਿਹਾ।

ਕਮੇਟੀ ਪ੍ਰਬੰਧਕਾਂ ਵੱਲੋਂ ਦਿੱਤੇ ਨਿਰਦੇਸ਼ ਤੋਂ ਬਾਅਦ ਉਕਤ ਵਿਅਕਤੀਆਂ ਨੂੰ ਲਾਕਰ ਅਤੇ ਕੈਸ਼ ਰਜਿਸਟਰ ਚੈੱਕ ਕਰਵਾ ਦਿੱਤੇ ਪਰ ਬਾਅਦ ਵਿਚ ਉੱਥੇ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ. ਕੇ. ਪੁੱਜ ਗਏ ਅਤੇ ਸਟਾਫ ਨੂੰ ਧਮਕਾਉਣ ਲੱਗ ਗਏ। ਦਿੱਲੀ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਪੱਤਰ ਵਿਚ ਕਥਿਤ ਤੌਰ ’ਤੇ ਇਹ ਵੀ ਦੋਸ਼ ਲਗਾਏ ਕਿ ਮੌਕੇ ’ਤੇ ਮੌਜੂਦ ਦਿੱਲੀ ਕਮੇਟੀ ਦੀ ਮਹਿਲਾ ਆਗੂ ਬੀਬੀ ਰਣਜੀਤ ਕੌਰ ਦੀ ਹਾਜ਼ਰੀ ਵਿਚ ਗੰਦੀ ਸ਼ਬਦਾਵਲੀ ਵਰਤੀ ਗਈ।

ਸਿੰਘ ਸਾਹਿਬ ਨੂੰ ਸੌਂਪੇ ਸ਼ਿਕਾਇਤ ਪੱਤਰ ਵਿਚ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ. ਕੇ. ਸਮੇਤ ਕੁੱਲ 16 ਆਗੂਆਂ ਖ਼ਿਲਾਫ਼ ਗੁਰੂਘਰ ਵਿਚ ਧੱਕੇਸ਼ਾਹੀ ਕਰਨ, ਗੰਦੀ ਸ਼ਬਦਾਵਲੀ ਵਰਤਣ ਦੇ ਕਥਿਤ ਦੋਸ਼ ਲਾਉਂਦਿਆਂ ਦਿੱਲੀ ਕਮੇਟੀ ਦੇ ਵਫਦ ਨੇ ਮੰਗ ਕੀਤੀ ਕਿ ਉਕਤ ਆਗੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।

ਅੱਜ ਮੁਲਾਕਾਤ ਕਰਨ ਵਾਲੇ ਵਫਦ ਵਿਚ ਬੀਬੀ ਰਣਜੀਤ ਕੌਰ , ਆਤਮਾ ਸਿੰਘ ਲੁਬਾਨਾ, ਗੁਰਮੀਤ ਸਿੰਘ ਬਿੱਲੂ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ ਕਾਲੜਾ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਭਾਈ ਚਰਨਜੀਤ ਸਿੰਘ ਸ਼ਾਮਲ ਸਨ। ਉੱਧਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਂਚ ਸਬੰਧੀ ਇਕ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News