ਸੰਗਰੂਰ ਪੁਲਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਹਥਿਆਰਾਂ ਸਮੇਤ ਗਿਰੋਹ ਦੇ ਪੰਜ ਮੈਂਬਰ ਕੀਤੇ ਕਾਬੂ

Monday, Nov 08, 2021 - 05:58 PM (IST)

ਸੰਗਰੂਰ ਪੁਲਸ ਨੇ ਵੱਡੀ ਮਾਤਰਾ ’ਚ ਨਾਜਾਇਜ਼ ਹਥਿਆਰਾਂ ਸਮੇਤ ਗਿਰੋਹ ਦੇ ਪੰਜ ਮੈਂਬਰ ਕੀਤੇ ਕਾਬੂ

ਸੰਗਰੂਰ/ਲਹਿਰਾਗਾਗਾ (ਬੇਦੀ, ਵਿਜੈ ਕੁਮਾਰ ਸਿੰਗਲਾ) : ਸੰਗਰੂਰ ਪੁਲਸ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦੇ ਖੇਤਰ ਵਿੱਚ 5 ਵਿਅਕਤੀਆਂ ਨੂੰ ਕਾਬੂ ਗੈਰ ਕਾਨੂੰਨੀ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀਆਂ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਆਲਮਪੁਰ ਡ੍ਰੇਨ ਤੋਂ ਦੋ ਗੱਡੀਆ ਅਤੇ ਨਾਜਾਇਜ਼ ਹਥਿਆਰਾ ਸਮੇਤ ਕਾਬੂ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਕੋਲੋਂ ਦੋ ਦੇਸੀ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਕੁਲਦੀਪ ਸਿੰਘ ਵਾਸੀ ਮੂਨਕ ਇੱਕ ਬੂਟਲੈਗਰ ਅਤੇ ਸ਼ਰਾਬ ਤਸਕਰ ਹੈ ਜੋ ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਹੈ। ਉਸ ਵਿਰੁੱਧ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਅਤੇ ਆਬਕਾਰੀ ਐਕਟ ਦੇ ਕਈ ਕੇਸ ਦਰਜ ਹਨ। 
ਅੰਮ੍ਰਿਤਪਾਲ, ਬੂਟਾ ਸਿੰਘ ਅਤੇ ਨਿੱਕਾ ਸਿੰਘ, ਜੋ ਕਿ ਸਾਰੇ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਹਾਈਵੇਅ ਡਕੈਤੀਆਂ ਅਤੇ ਲੁੱਟਾ- ਖੋਹਾ ਵਿੱਚ ਸ਼ਾਮਲ ਸਨ। ਅਸ਼ੋਕ ਕੁਮਾਰ ਜੋ ਕਿ ਜੀਂਦ, ਹਰਿਆਣਾ ਦਾ ਵਸਨੀਕ ਹੈ, ਇਸ ਇਲਾਕੇ ਦਾ ਹਥਿਆਰਾਂ ਦਾ ਮੁੱਖ ਤਸਕਰ ਹੈ। ਉਸ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਅਤੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਦੇ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੰਗਰੂਰ ਪੁਲਸ ਨੇ 11 ਗੈਰ ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ ਅਤੇ ਹਥਿਆਰਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ 16 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉੱਪ ਕਪਤਾਨ ਪੁਲਸ ਲਹਿਰਾ ਮਨੋਜ ਗੋਰਸੀ, ਪੀਪੀਐਸ ਅਤੇ ਐੱਸ. ਐੱਚ. ਓ. ਲਹਿਰਾ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸਥਾਨਕ ਪੁਲਸ ਪਿਛਲੇ 40 ਦਿਨਾਂ ਤੋਂ ਅਸ਼ੋਕ ਕੁਮਾਰ ਦੀਆਂ ਹਰਕਤਾਂ ’ਤੇ ਨਜ਼ਰ ਰੱਖ ਰਹੀ ਸੀ, ਜੋ ਦੋਵਾਂ ਰਾਜਾਂ ਵਿੱਚਕਾਰ ਆਸਾਨ ਆਵਾਜਾਈ ਕਾਰਨ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਆਧੁਨਿਕ ਗੈਰ-ਕਾਨੂੰਨੀ ਹਥਿਆਰ ਮਸ਼ੀਨ ਨਾਲ ਬਣੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਹੱਥ ਨਾਲ ਬਣੇ ਗੈਰ-ਕਾਨੂੰਨੀ ਹਥਿਆਰਾਂ ਤੋਂ ਵੀ ਜ਼ਿਆਦਾ ਹੁੰਦੀ ਹੈ। ਸਵਪਨ ਸ਼ਰਮਾ, ਆਈ. ਪੀ. ਐੱਸ, ਐੱਸ. ਐੱਸ. ਪੀ. ਸੰਗਰੂਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਗ੍ਰਿਫਤਾਰੀ ਨਾਲ ਨਿਸ਼ਚਿਤ ਤੌਰ 'ਤੇ ਇਸ ਇਲਾਕੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ 'ਤੇ ਰੋਕ ਲੱਗ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਥਿਆਰਾਂ ਦੇ ਤਸਕਰਾਂ ਦੁਆਰਾ ਮੱਧ ਪ੍ਰਦੇਸ ਤੋਂ ਪੰਜਾਬ ਤੱਕ ਵਰਤੇ ਗਏ ਰੂਟ ਅਤੇ ਮਨੀ ਟ੍ਰੇਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ।


author

Anuradha

Content Editor

Related News