ਸੰਗਰੂਰ ਪੁਲਸ ਦਾ ਨਸ਼ਿਆਂ ਖ਼ਿਲਾਫ਼ ਐਕਸ਼ਨ: 3 ਮਹੀਨਿਆਂ ''ਚ 91 ਦੋਸ਼ੀ ਗ੍ਰਿਫ਼ਤਾਰ, ਲੱਖਾਂ ਦੀ ਡਰੱਗ ਮਨੀ ਬਰਾਮਦ
Tuesday, Jun 10, 2025 - 03:28 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਸੰਗਰੂਰ ਪੁਲਸ ਨੇ ਨਸ਼ਿਆਂ ਵਿਰੁੱਧ ਜਾਰੀ ਆਪਣੀ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ (1 ਮਾਰਚ ਤੋਂ 10 ਜੂਨ ਤੱਕ) ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਐਸਪੀ ਆਰ ਸੰਗਰੂਰ, ਸੁਖਦੇਵ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਬਡਵੀਜ਼ਨ ਵਿੱਚ ਕੁੱਲ 53 ਮੁਕੱਦਮੇ ਦਰਜ ਕਰਕੇ 91 ਦੇ ਕਰੀਬ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਕੁੜੀ ਨਾਲ ਅਸ਼ਲੀਲ ਵੀਡੀਓ ਬਣੀ ਗੁਰਪ੍ਰੀਤ ਸਿੰਘ ਦੀ ਮੌਤ ਦੀ ਵਜ੍ਹਾ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਇਸ ਮੁਹਿੰਮ ਦੌਰਾਨ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਡੀ.ਐੱਸ.ਪੀ. ਸੁਖਦੇਵ ਸਿੰਘ ਅਨੁਸਾਰ, ਪੁਲਿਸ ਨੇ ਲਗਭਗ ਸਾਢੇ ਚਾਰ ਕਿੱਲੋ ਹੈਰੋਇਨ, 5000 ਦੇ ਕਰੀਬ ਨਸ਼ੀਲੀਆਂ ਗੋਲੀਆਂ, 14 ਕਿੱਲੋ ਭੁੱਕੀ ਚੂਰਾ ਪੋਸਤ, 50 ਗ੍ਰਾਮ ਅਫ਼ੀਮ ਅਤੇ ਕਰੀਬ 10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਥਾਣਾ ਵਾਈਜ਼ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਦਰ ਵਿੱਚ 15 ਮੁਕੱਦਮੇ ਦਰਜ ਕਰਕੇ 21 ਦੋਸ਼ੀਆਂ ਨੂੰ, ਸਿਟੀ ਸੰਗਰੂਰ ਵਿਖੇ 10 ਮੁਕੱਦਮੇ ਦਰਜ ਕਰਕੇ 12 ਦੋਸ਼ੀਆਂ ਨੂੰ ਅਤੇ ਸਿਟੀ ਵਨ ਸੰਗਰੂਰ ਵਿਖੇ 28 ਮੁਕੱਦਮੇ ਦਰਜ ਕਰਕੇ 58 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਸ਼ਾ ਪੀੜਤਾਂ ਦੀ ਕਾਉਂਸਲਿੰਗ ਅਤੇ ਮੁਫਤ ਇਲਾਜ
ਡੀ.ਐੱਸ.ਪੀ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਹੀ ਕਾਰਵਾਈ ਨਹੀਂ ਕਰ ਰਹੀ, ਬਲਕਿ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਅਤੇ ਬੱਚਿਆਂ ਦੀ ਕਾਉਂਸਲਿੰਗ ਵੀ ਕਰ ਰਹੀ ਹੈ। ਨਸ਼ਾ ਛੁਡਾਉਣ ਲਈ ਉਨ੍ਹਾਂ ਨੂੰ ਸੈਂਟਰਾਂ ਵਿੱਚ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜੇ ਕਿਸੇ ਨੂੰ ਇਲਾਜ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਐਡਵਾਂਸ ਸਟੇਜ 'ਤੇ ਲੋੜ ਪੈਣ 'ਤੇ ਨਸ਼ਾ ਛੁਡਾਉਣ ਕੇਂਦਰਾਂ (ਡੀ-ਐਡਿਕਸ਼ਨ ਸੈਂਟਰਾਂ) ਵਿਚ ਵੀ ਦਾਖਲਾ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਇਸ ਅਰਸੇ ਦੌਰਾਨ ਲਗਭਗ 50 ਤੋਂ ਵੱਧ ਬੱਚਿਆਂ ਦਾ ਡੀ-ਐਡਿਕਸ਼ਨ ਸੈਂਟਰਾਂ ਅਤੇ ਹਸਪਤਾਲਾਂ ਰਾਹੀਂ ਇਲਾਜ ਕਰਵਾਇਆ ਗਿਆ ਹੈ ਅਤੇ ਇਸ ਵਿਚ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਕੁਝ ਦਿਨ ਪਹਿਲਾਂ ਇੱਕ ਐੱਨ.ਜੀ.ਓ. ਨੇ ਪੁਲਸ ਨਾਲ ਸੰਪਰਕ ਕੀਤਾ ਸੀ ਜੋ ਆਯੁਰਵੇਦਿਕ ਦਵਾਈਆਂ ਰਾਹੀਂ ਮੁਫਤ ਇਲਾਜ ਮੁਹੱਈਆ ਕਰਵਾਉਣ ਲਈ ਤਿਆਰ ਹੈ। ਇਸ ਦੇ ਤਹਿਤ ਵੀ ਸੰਗਰੂਰ ਸ਼ਹਿਰ ਵਿਚ ਕਈ ਬੱਚਿਆਂ ਨੂੰ ਦਵਾਈ ਦਿੱਤੀ ਗਈ ਹੈ ਅਤੇ ਉਸ ਦਾ ਬਹੁਤ ਵਧੀਆ ਨਤੀਜਾ ਮਿਲਿਆ ਹੈ।
ਮਾਪਿਆਂ ਅਤੇ ਅਧਿਆਪਕਾਂ ਨੂੰ ਖਾਸ ਅਪੀਲ
ਡੀਐਸਪੀ ਸੁਖਦੇਵ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਨਸ਼ਾ ਛੱਡਣਾ ਚਾਹੁੰਦਾ ਹੈ, ਉਨ੍ਹਾਂ ਲਈ ਸਰਕਾਰ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਹਨ। ਅਜਿਹੇ ਵਿਅਕਤੀ ਸਿੱਧਾ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਜਾਂ ਸਿਹਤ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਨੇ ਖਿੱਚੀ 2027 ਚੋਣਾਂ ਦੀ ਤਿਆਰੀ! 117 ਲੀਡਰਾਂ ਦੀ List ਜਾਰੀ, ਸੌਂਪੀ ਅਹਿਮ ਜ਼ਿੰਮੇਵਾਰੀ
ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਦੀ ਲਪੇਟ ਵਿਚ ਜ਼ਿਆਦਾਤਰ ਨੌਜਵਾਨ ਹਨ। ਇਸ ਲਈ ਉਨ੍ਹਾਂ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਬੇਨਤੀ ਕੀਤੀ। ਅੰਤ ਵਿਚ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਨਸ਼ਿਆਂ ਸਬੰਧੀ ਕੋਈ ਜਾਣਕਾਰੀ ਹੈ, ਤਾਂ ਉਹ ਪੁਲਸ ਨਾਲ ਸਾਂਝੀ ਕਰ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8