ਤੰਬਾਕੂ ਦੀ ਸਖ਼ਤੀ ਨਾਲ ਰੋਕਥਾਮ ਸਬੰਧੀ ਜਾਗਰੂਕਤਾ ਵਰਕਸ਼ਾਪ
Wednesday, Apr 10, 2019 - 04:13 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਪ੍ਰਵੀਨ)-ਸਿਹਤ ਵਿਭਾਗ ਵੱਲੋਂ ਤੰਬਾਕੂ ਸਬੰਧੀ ਕਾਨੂੰਨ ਕੋਟਪਾ ਬਾਰੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸਮੂਹ ਵਿਭਾਗਾਂ ਨੂੰ ਕੋਟਪਾ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਇਹ ਯਕੀਨੀ ਬਣਾਇਆ ਜਾਵੇ ਕਿ ਜਨਤਕ ਸਥਾਨਾਂ ’ਤੇ ਤੰਬਾਕੂਨੋਸ਼ੀ ਨਾ ਕੀਤੀ ਜਾਵੇ ਅਤੇ ਹੋਟਲਾਂ ਤੇ ਰੈਸਟੋਰੈਂਟਾਂ ’ਚ ਨੋ ਸਮੋਕਿੰਗ ਜ਼ੋਨ ਅਤੇ ਹੁੱਕਾ ਬਾਰ ਆਦਿ ਸਬੰਧੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਜਾਵੇ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਸੰਗਰੂਰ ਡਾ. ਪ੍ਰੇਮਪਾਲ ਸਿੰਘ ਗਿੱਲ ਨੇ ਕਿਹਾ ਕਿ ਤੰਬਾਕੂ ਕਾਰਨ ਕੈਂਸਰ ਦੇ ਨਾਲ-ਨਾਲ ਦਿਲ ਦੀਆਂ ਬਿਮਾਰੀਆਂ, ਸਾਹ ਦੀ ਬਿਮਾਰੀ, ਨਿਮੋਨੀਆ, ਨਿਪੁੰਸਕਤਾ, ਦਿਲ ਦੇ ਰੋਗ, ਵਾਰ-ਵਾਰ ਗਰਭਪਾਤ, ਮਰੇ ਬੱਚੇ ਦਾ ਜਨਮ, ਦਿਮਾਗੀ ਬਿਮਾਰੀਆਂ ਆਦਿ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਇਹ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀ ਮਿਲ ਕੇ ਸਮਾਜ ਨੂੰ ਤੰਬਾਕੂ ਦੇ ਮੰਦੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਤੰਬਾਕੂ ਵਿਰੋਧੀ ਐਕਟ ਕੋਟਪਾ ਦੀ ਪਾਲਣਾ ਕਰੀਏ। ਸ੍ਰੀ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਕੋਟਪਾ ਦੀਆਂ ਧਾਰਾਵਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ-ਨਾਲ ਤੰਬਾਕੂ ਦੇ ਮੰਦੇ ਪ੍ਰਭਾਵਾਂ ਅਤੇ ਕੋਟਪਾ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਸੰਗਰੂਰ ਡਾ. ਮਹੇਸ਼ ਕੁਮਾਰ ਅਹੂਜਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੰਤਵ ਵੱਖ-ਵੱਖ ਵਿਭਾਗਾਂ ਦੀ ਤੰਬਾਕੂ ਪ੍ਰੋਗਰਾਮ ’ਚ ਭਾਗੀਦਾਰੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਕਿਸੇ ਹੋਰ ਦੀ ਬੀਡ਼ੀ ਜਾਂ ਸਿਗਰੇਟ ਤੋਂ ਆਉਣ ਵਾਲੇ ਧੂੰਏ ਨੂੰ ਸਹਿਣ ਕਰਨਾ ਸੈਂਕਿੰਡ ਹੈਂਡ ਸਮੋਕਿੰਗ ਕਹਿਲਾਉਂਦਾ ਹੈ। ਸੈਂਕਿੰਡ ਹੈਂਡ ਸਮੋਕਿੰਗ (ਪੈਸਿਵ ਸਮੋਕਿੰਗ) ਸਿਗਰੇਟ ਨਾ ਪੀਣ ਵਾਲੇ ਵਿਅਕਤੀਆਂ ਅਤੇ ਬੱਚਿਆਂ ਸਭ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਰਕਸ਼ਾਪ ਦੌਰਾਨ ਜ਼ਿਲ੍ਹਾ ਟੀ.ਬੀ ਅਫ਼ਸਰ ਨੇ ਸਿਗਰਟ ਅਤੇ ਤੰਬਾਕੂ ਪ੍ਰੋਡਕਟਸ ਐਕਟ-2003 (ਕੋਟਪਾ) ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਨੂੰਨ ਦੀ ਧਾਰਾ-4 ਅਨੁਸਾਰ ਕੋਈ ਵੀ ਵਿਅਕਤੀ ਜਨਤਕ ਥਾਂ ’ਤੇ ਸਿਗਰਟਨੋਸ਼ੀ ਨਹੀਂ ਕਰ ਸਕਦਾ, ਇਸ ਦੀ ਉਲੰਘਣਾ ਕਰਨ ’ਤੇ 200 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਧਾਰਾ 5 ਤਹਿਤ ਤੰਬਾਕੂ ਉਤਪਾਦਾਂ ਦੀ ਬੋਰਡ, ਟੀ.ਵੀ ਫਿਲਮ, ਪਰਚੇ ਜਾਂ ਹੋਰਡਿੰਗ ਰਾਹੀਂ ਇਸ਼ਤਿਹਾਰਬਾਜ਼ੀ ਦੀ ਮਨਾਹੀ ਕੀਤੀ ਗਈ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ 5 ਸਾਲ ਦੀ ਕੈਦ ਜਾਂ 5000 ਜੁਰਮਾਨਾ ਹੋ ਸਕਦਾ ਹੈ। ਧਾਰਾ 6 ਏ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਦੀ ਮਨਾਹੀ ਹੈ, ਇਸ ਦੀ ਉਲੰਘਣਾ ’ਤੇ 200 ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਧਾਰਾ 6 ਬੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਵਿੱਦਿਅਕ ਸੰਸਥਾ ਦੇ 100 ਗਜ਼ ਦੇ ਘੇਰੇ ਦੇ ਅੰਦਰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ, ਜਿਸ ਦੀ ਪਾਲਣਾ ਨਾ ਕਰਨ ’ਤੇ ਦੋਸ਼ੀ ਨੂੰ 200 ਰੁਪਏ ਤੱਕ ਦਾ ਜ਼ੁਰਮਾਨਾ ਹੁੰਦਾ ਹੈ। ਕੋਟਪਾ ਦੀ ਧਾਰਾ 7 ਤਹਿਤ ਸਿਗਰਟ/ਬੀਡ਼ੀ ਦੇ ਪੈਕ ਦੇ 85 ਫੀਸਦੀ ਹਿੱਸੇ ਉੱਤੇ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ, ਸਬੰਧੀ ਤਸਵੀਰ ਵਾਲੀ ਚਿਤਾਵਨੀ ਲਾਜ਼ਮੀ ਹੈ। ਡਾ. ਨੈਨਸੀ ਗਰਗ ਨੇ ਦੱਸਿਆ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਤੰਬਾਕੂ ਛੁਡਾਊ ਕੇਂਦਰ ਚੱਲ ਰਿਹਾ ਹੈ ਜਿਸ ਵਿੱਚ ਤੰਬਾਕੂ ਛੱਡਣ ਵਾਲਾ ਵਿਅਕਤੀ ਪਹੁੰਚ ਕੇ ਤੰਬਾਕੂ ਤੋਂ ਮੁਕਤੀ ਪਾ ਸਕਦਾ ਹੈ। ਇਸ ਵਰਕਸ਼ਾਪ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।