2 ਰੋਜ਼ਾ ਜ਼ਿਲਾ ਪੱਧਰੀ ਯੁਵਕ ਮੇਲਾ ਕਰਵਾਇਆ
Wednesday, Mar 27, 2019 - 04:02 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਵਧੀਕ ਚੀਫ ਸੈਕਟਰੀ ਯੁਵਕ ਸੇਵਾਵਾਂ ਪੰਜਾਬ ਸੰਜੇ ਕੁਮਾਰ, ਆਈ. ਏ. ਐੱਸ. ਅਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਅੰਮ੍ਰਿਤ ਕੌਰ ਗਿੱਲ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਬਰਨਾਲਾ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇਡ਼ਾ ਵਿਖੇ ਦੋ ਰੋਜ਼ਾ ਜ਼ਿਲਾ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ। ਇਸ ਯੁਵਕ ਮੇਲੇ ਦਾ ਪਹਿਲੇ ਦਿਨ ਉਦਘਾਟਨ ਐੱਸ. ਐੱਸ. ਪੀ. ਬਰਨਾਲਾ ਹਰਜੀਤ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ ਗਿਆ। ਉਨ੍ਹਾਂ ਮੇਲੇ ’ਚ ਸ਼ਾਮਲ ਯੁਵਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ’ਚ ਇਸ ਤਰ੍ਹਾਂ ਦੇ ਯੁਵਕ ਮੇਲੇ ਸਾਡੇ ਸਰਬਪੱਖੀ ਵਿਕਾਸ ’ਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਸਾਨੂੰ ਆਪਣੀ ਪਡ਼੍ਹਾਈ ਦੇ ਨਾਲ-ਨਾਲ ਆਪਣੇ ਵਿਰਸੇ, ਸੱਭਿਆਚਾਰ ਅਤੇ ਸੰਸਕ੍ਰਿਤੀ ਦੀਆਂ ਕਦਰਾਂ, ਕੀਮਤਾਂ ਨੂੰ ਵੀ ਗ੍ਰਹਿਣ ਕਰਨਾ ਚਾਹੀਦਾ ਹੈ। ਮੇਲੇ ਦੌਰਾਨ ਅਸਿਸਟੈਂਟ ਕਮਿਸ਼ਨਰ ਬਰਨਾਲਾ ਡਾ. ਕਰਮਜੀਤ ਸਿੰਘ ਅਤੇ ਪ੍ਰਧਾਨ ਮੈਨੇਜਮੈਂਟ ਕਮੇਟੀ ਸ. ਭੋਲਾ ਸਿੰਘ ਵਿਰਕ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਨੌੌਜਵਾਨ ਪੀਡ਼੍ਹੀ ਨੂੰ ਨਸ਼ਿਆਂ ਦਾ ਤਿਆਗ ਕਰ ਕੇ ਇਹੋ ਜਿਹੇ ਪ੍ਰੋਗਰਾਮਾਂ ਵਿਚ ਭਾਗ ਲੈ ਕੇ ਮੋਹਰੀ ਰੋਲ ਨਿਭਾਉਣੇ ਚਾਹੀਦੇ ਹਨ। ਸ. ਵਿਰਕ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਨੌਜਵਾਨਾਂ ਦੀ ਯੋਗ ਅਗਵਾਈ ਲਈ ਅਨੇਕਾਂ ਕਾਰਜ ਕਰਵਾਉਂਦਾ ਹੈ, ਜਿਸ ਲਈ ਵਿਭਾਗ ਵਧਾਈ ਦਾ ਪਾਤਰ ਬਣਦਾ ਹੈ। ਇਸ ਯੁਵਕ ਮੇਲੇ ਦੌਰਾਨ ਵਿਭਾਗ ਵੱਲੋਂ ਵੱਖ-ਵੱਖ ਸੱਭਿਆਚਾਰਕ ਅਤੇ ਵਿਰਾਸਤੀ ਮੁਕਾਬਲਿਆਂ ਤੋਂ ਇਲਾਵਾ ਭਾਸ਼ਣ ਪ੍ਰਤਿਯੋਗਤਾ ਵੀ ਕਰਵਾਈ ਗਈ, ਜਿਸ ਵਿਚ ਸਕੂਲ, ਕਾਲਜਾਂ ਅਤੇ ਪੇਂਡੂ ਯੂਥ ਕਲੱਬਾਂ ਦੇ ਨੌਜਵਾਨਾਂ ਨੇ ਬਡ਼ੇ ਉਤਸ਼ਾਹ ਨਾਲ ਭਾਗ ਲਿਆ। ਇਸ ਸਮੇਂ ਹੋਏ ਮੁਕਾਬਲਿਆਂ ’ਚ ਭੰਗਡ਼ਾ, ਗਿੱਧਾ, ਲੋਕ ਗੀਤ, ਵਾਰ ਗਾਇਨ, ਕਵੀਸ਼ਰੀ, ਭਾਸ਼ਣ, ਮੋਨੋ ਐਕਟਿੰਗ ਅਤੇ ਵਿਰਾਸਤੀ ਲੋਕ ਕਲਾਵਾਂ ਜਿਵੇਂ ਪੱਖੀ, ਫੁਲਕਾਰੀ, ਛਿੱਕੂ ਬਣਾਉਣਾ, ਨਾਲਾ ਬੁਣਨਾ ਜਿਹੇ ਹੋਰ ਮੁਕਾਬਲੇ ਵੀ ਕਰਵਾਏ ਗਏ। ਯੁਵਕ ਮੇਲੇ ਦੇ ਦੂਸਰੇ ਦਿਨ ਮੁਕਾਬਲੇ ’ਚ ਜੇਤੂਆਂ ਨੂੰ ਆਸ਼ੀਰਵਾਦ ਦੇਣ ਲਈ ਵਧੀਕ ਡਿਪਟੀ ਕਮਿਸ਼ਨਰ, ਬਰਨਾਲਾ ਮੈਡਮ ਰੂਹੀ ਦੁੱਗ ਆਈ. ਏ. ਐੱਸ. ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਇਕਜੁੱਟ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਮੇਲਿਆਂ ਵਿਚ ਵੱਧ-ਚਡ਼੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਬੁਰਾਈਆਂ ਤੋਂ ਦੂਰ ਰਹਿੰਦੇ ਹੋਏ ਆਪਣੇ ਵਿਰਸੇ ਨਾਲ ਜੁਡ਼ੇ ਰਹੀਏ। ਇਨਾਮ ਵੰਡ ਸਮਾਰੋਹ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸ. ਗੁਰਚਰਨ ਸਿੰਘ ਸੰਧੂ, ਜ਼ਿਲਾ ਟਰਾਂਸਪੋਰਟ ਅਫਸਰ, ਬਰਨਾਲਾ, ਪਰਵਿੰਦਰ ਸਿੰਘ ਭੱਟੀ, ਈ.ਓ. ਬਰਨਾਲਾ, ਸ. ਰਮਿੰਦਰ ਸਿੰਘ, ਸੀ.ਡੀ.ਪੀ.ਓ. ਮਹਿਲ ਕਲਾਂ ਅਤੇ ਭੋਲਾ ਸਿੰਘ ਵਿਰਕ, ਪ੍ਰਧਾਨ, ਕਾਲਜ ਮੈਨੇਜਮੈਂਟ ਕਮੇਟੀ, ਸੰਘੇਡ਼ਾ ਨੇ ਜੇਤੂ ਨੌਜਵਾਨਾਂ ਨੂੰ ਆਪਣੇ ਮੁਬਾਰਕ ਹੱਥਾਂ ਨਾਲ ਇਨਾਮਾਂ ਦੀ ਤਕਸੀਮ ਕੀਤੀ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਗੁਰਚਰਨ ਸਿੰਘ ਸਮਾਘ, ਭਰਗਾ ਨੰਦ ਲੌਂਗੋਵਾਲ, ਅਮ੍ਰਿੰਤ ਸਿੰਘ ਅਮੀ, ਜਸਵੀਰ ਸਿੰਘ ਜੱਸੀ ਲੌਂਗੋਵਾਲੀਆ, ਡਾ. ਤਰਸਪਾਲ ਕੌਰ, ਨਿਰਮਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਨੇ ਕੀਤੀ। ਇਸ ਮੇਲੇ ਦਾ ਸਮੁੱਚਾ ਪ੍ਰਬੰਧ ਗੁਰੂ ਗੋਬਿੰਦ ਸਿੰਘ ਕਾਲਜ ਸੰਘੇਡ਼ਾ ਦੇ ਪ੍ਰਿੰਸੀਪਲ ਡਾ. ਸਰਬਜੀਤ ਸਿੰਘ, ਰਮਿੰਦਰਪਾਲ ਕੌਰ ਅਤੇ ਸਮੂਹ ਸਟਾਫ ਨੇ ਭੋਲਾ ਸਿੰਘ ਵਿਰਕ ਦੀ ਯੋਗ ਅਗਵਾਈ ਅਧੀਨ ਵਿਜਯ ਭਾਸਕਰ ਸ਼ਰਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਮੇਲੇ ਦੌਰਾਨ ਵੱਖ-ਵੱਖ ਕਾਲਜਾਂ ਦੇ ਰੈੱਡ ਰੀਬਨ ਨੋਡਲ ਅਫਸਰਾਂ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰਾਂ ਨੂੰ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਖੇਤਰ ਵਿਚ ਉਤਸ਼ਾਹਤ ਕਰਨ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਡਾ. ਮਨਪ੍ਰੀਤ ਸਿੰਘ ਸਿੱਧੂ ਮੈਡੀਕਲ ਅਫਸਰ ਬਰਨਾਲਾ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ, ਯੂਥ ਕਲੱਬਾਂ ਦੇ ਨੁਮਾਇੰਦੇ ਤੋਂ ਇਲਾਵਾ ਹਰਮਨਪ੍ਰੀਤ ਸਿੰਘ ਗੋਲਡੀ, ਗਗਨਦੀਪ ਸਿੰਘ ਬਰਨਾਲਾ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੇ ਅਖੀਰ ’ਚ ਸਹਾਇਕ ਡਾਇਰੈਕਟਰ, ਬਰਨਾਲਾ ਸ਼੍ਰੀ ਵਿਜਯ ਭਾਸਕਰ ਸ਼ਰਮਾ ਨੇ ਸਮੁੱਚੇ ਮੈਨੇਜਮੈਂਟ ਕਮੇਟੀ ਦੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਯੁਵਕ ਮੇਲੇ ਦੀ ਕਾਮਯਾਬੀ ਉਪਰ ਸਮੂਹ ਨੂੰ ਵਧਾਈ ਦਿੱਤੀ।