ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਾਅਰੇਬਾਜ਼ੀ

Thursday, Mar 07, 2019 - 09:30 AM (IST)

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਨਾਅਰੇਬਾਜ਼ੀ
ਸੰਗਰੂਰ (ਮੰਗਲਾ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਮਜ਼ਦੂਰ ਮੰਗਾਂ ਸਬੰਧੀ ਚਲਾਈ ਜਾ ਰਹੀ ਜਾਗ੍ਰਿਤੀ ਮੁਹਿੰਮ ਤਹਿਤ ਅੱਜ ਪਿੰਡ ਖਡਿਆਲ ਵਿਖੇ ਨਾਅਰੇਬਾਜ਼ੀ ਕਰਦੇ ਰੈਲੀ ਕੀਤੀ ਗਈ। ਰੈਲੀ ਨੂੰ ਯੂਨੀਅਨ ਦੇ ਜ਼ਿਲਾ ਪ੍ਰਧਾਨ ਧਰਮਪਾਲ ਸਿੰਘ, ਜ਼ਿਲਾ ਸੈਕਟਰੀ ਬਲਜੀਤ ਸਿੰਘ, ਜ਼ਿਲਾ ਆਗੂ ਬਿਮਲ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਵੋਟਾਂ ਨੇਡ਼ੇ ਆਉਂਦੀਆਂ ਹਨ ਤਾਂ ਇੱਥੋਂ ਦੀਆਂ ਸਰਕਾਰਾਂ ਤਰ੍ਹਾਂ-ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦੇ ਕਰਦੀਆਂ ਹਨ । ਸਰਕਾਰ ਦੇ ਲੋਕ ਵਿਰੋਧੀ ਕਿਰਦਾਰ ਨੂੰ ਨੰਗਾ ਕਰਨ ਲਈ ਜ਼ਿਲਾ ਸੰਗਰੂਰ ਅੰਦਰ ਦਿਡ਼੍ਹਬਾ , ਸੁਨਾਮ,ਧੂਰੀ , ਸੰਗਰੂਰ ਬਲਾਕ ਆਦਿ ਦੇ ਪਿੰਡਾਂ ’ਚ ਮੀਟਿੰਗਾਂ/ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਰੈਲੀ ਨੂੰ ਪਿੰਡ ਆਗੂਆਂ ਨੇ ਕਿਹਾ ਕਿ ਸਰਕਾਰ ਵੋਟਾਂ ਲੈਣ ਲਈ ਪੰਜ-ਪੰਜ ਮਰਲੇ ਪਲਾਟ ਦੇਣ ਦਾ ਚੋਣ ਸਟੰਟ ਖੇਡ ਰਹੀ ਹੈ। ਕੈਪਟਨ ਸਰਕਾਰ ਨੇ ਵੋਟਾਂ ਲੈਣ ਤੋਂ ਪਹਿਲਾਂ ਵੀ 2700 ਰੁਪਏ ਬੁਢਾਪਾ ਪੈਨਸ਼ਨ ਕਰਨ, ਨੌਜਵਾਨਾਂ ਨੂੰ ਪੱਕਾ ਰੋਜ਼ਗਾਰ ਦੇਣ, ਰੋਜ਼ਗਾਰ ਨਾ ਦੇਣ ਦੀ ਸੂਰਤ ’ਚ 2700 ਰੁਪਏ ਬੇਰੋਜ਼ਗਾਰੀ ਭੱਤਾ, ਦਸ-ਦਸ ਮਰਲੇ ਦੇ ਪਲਾਟ, ਪਲਾਟਾਂ ਦੀ ਉਸਾਰੀ ਲਈ ਤਿੰਨ-ਤਿੰਨ ਲੱਖ ਰੁਪਿਆਂ ਦੇਣ, ਸ਼ਗਨ ਸਕੀਮ 51000 ਰੁ. ਕਰਨ, ਹਸਪਤਾਲਾਂ ’ਚ ਮੁਫਤ ਇਲਾਜ, ਪੀਣ ਲਈ ਮੁਫਤ ਪਾਣੀ, ਮੁਫਤ ਸਿੱਖਿਆ, ਮੁਫਤ ’ਚ ਬੀਮਾ ਕਰਨ ਆਦਿ ਦੇ ਬਹੁਤ ਸਾਰੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਕੀਤੇ ਵਾਅਦਿਆਂ ਦਾ ਵੀ ਹਸ਼ਰ ਤੁਸੀਂ ਦੇਖ ਹੀ ਸਕਦੇ ਹੋ। ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਦੀ ਕੀਤੀ ਵਾਅਦਾ ਖਿਲਾਫੀ ਵਿਰੁੱਧ ਪਿੰਡ ਦੇ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੈਲੀ ਦੌਰਾਨ ਪਿੰਡ ਦੇ ਮਜ਼ਦੂਰਾਂ ਨੇ ਕਿਹਾ ਕਿ ਸਾਡੇ ਪਿੰਡ ’ਚ ਮਗਨਰੇਗਾ ਦਾ ਕੰਮ-ਕਾਰ ਨਹੀਂ ਚੱਲ ਰਿਹਾ ਹੈ, ਜੋ ਪਹਿਲਾਂ ਕੰਮ ਕੀਤਾ ਵੀ ਹੋਇਆ ਹੈ, ਉਸ ਦਾ ਵੀ ਅਜੇ ਤੱਕ ਬਕਾਇਆ ਜਾਰੀ ਨਹੀਂ ਹੋਇਆ। ਰੈਲੀ ਦੌਰਾਨ ਆਗੂਆਂ ਨੇ ਦੱਸਿਆ ਕਿ ਮਗਨਰੇਗਾ ਦਾ ਕੰਮ -ਕਾਰ 100 ਦਿਨ ਹਰ ਹਾਲਤ ’ਚ ਮਿਲਣ ਦੀ ਗਾਰੰਟੀ ਹੈ, ਨਾ ਦੇਣ ਦੀ ਸੂਰਤ ’ਚ ਸੌ ਦਿਨ ਦਾ ਬੇਰੋਜ਼ਗਾਰੀ ਭੱਤਾ ਹਰ ਹਾਲਤ ’ਚ ਮਿਲਣਾ ਹੁੰਦਾ ਹੈ ਪਰ ਇਹ ਬੇਰੋਜ਼ਗਾਰੀ ਭੱਤਾ ਸਿਰਫ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਚੁੱਕਿਆ ਹੈ। ਰੈਲੀ ’ਚ ਪਹੁੰਚੇ ਹੋਏ ਲੋਕਾਂ ਨੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ਾਂ ਦੇ ਰਾਹ ਪੈਣ ਦਾ ਜ਼ੋਰਦਾਰ ਹੁੰਗਾਰਾ ਭਰਿਆ।

Related News