ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਸ਼ਹਿਣਾ ਵਿਖੇ ਲਗਾਇਆ ਗਿਆ ਜ਼ਿਲਾ ਪੱਧਰੀ ਮੈਗਾ ਕੈਂਪ

Monday, Jan 21, 2019 - 09:55 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਅਤੇ ਲੋਡ਼ਵੰਦਾਂ ਦੀ ਪਛਾਣ ਕਰਨ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ )ਸ਼ਹਿਣਾ ਵਿਖੇ ਜ਼ਿਲਾ ਪੱਧਰੀ ਮੈਗਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ 41 ਤੋਂ ਵਧੇਰੇ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਇਹ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿਖੇ ਆ ਕੇ ਆਪਣੇ ਕੰਮ ਕਰਵਾਉਣ ਪੈਂਦੇ ਸਨ, ਪਰ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਗੁਪਤਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ ਇਨ੍ਹਾਂ ਸਕੀਮਾਂ ਸਬੰਧੀ ਬਿਨੇ ਪੱਤਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੇ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਅਸਲ ਲਾਭਪਾਤਰੀ ਦੀ ਪਛਾਣ ਲਈ ਸਬੰਧਤ ਵਿਭਾਗ ਵੱਲੋਂ ਲੋਡ਼ੀਂਦੀ ਪਡ਼ਤਾਲ ਕੀਤੀ ਜਾਵੇਗੀ ਅਤੇ ਪਡ਼ਤਾਲ ਤੋਂ ਬਾਅਦ ਯੋਗ ਪਾਏ ਜਾਣ ਵਾਲੇ ਜ਼ਿਲੇ ਨਾਲ ਸਬੰਧਤ ਵਿਅਕਤੀਆਂ ਨੂੰ ਮੰਗੀ ਗਈ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਇਸ ਸਮੇਂ ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ੇ ਦੀ ਵਰਤੋਂ ਨਾ ਕਰੇ ਅਤੇ ਆਲੇ-ਦੁਆਲੇ ਵਿਚ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਮੁਫ਼ਤ ਦਵਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਿਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਹਰ ਵਰਗ ਦੇ ਲੋਡ਼ਵੰਦ ਲੋਕਾਂ ਨੂੰ ਪਾਰਦਰਸ਼ੀ ਢੰਗ ਨਾਲ ਦਿੱਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਜਾਤੀ ਜਾਂ ਸਮੁਦਾਇ ਨਾਲ ਸਬੰਧ ਰੱਖਦਾ ਹੋਵੇ ਪਰ ਉਹ ਪੰਜਾਬ ਦਾ ਪੱਕਾ ਵਸਨੀਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਸ਼ਗਨ ਸਕੀਮ, ਆਟਾ-ਦਾਲ, ਪੈਨਸ਼ਨਾਂ, ਐੱਸ. ਸੀ. ਬੀ. ਸੀ. ਕਰਜ਼ਾ ਯੋਜਨਾ, ਬੇਰੋਜ਼ਗਾਰੀ ਭੱਤਾ, ਘਰ-ਘਰ ਰੋਜ਼ਗਾਰ, ਵਿਕਲਾਂਗਤਾ ਸਰਟੀਫਿਕੇਟ, ਮੁਦਰਾ ਲੋਨ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਲੋਡ਼ਵੰਦਾਂ ਨੂੰ ਪਲਾਟ ਤੇ ਅਵਾਸ ਯੋਜਨਾ ਤਹਿਤ ਘਰ ਦੇਣ ਦੀ ਸਕੀਮ, ਕੈਂਸਰ ਤੇ ਹੋਰ ਬੀਮਾਰੀਆਂ ਦਾ ਇਲਾਜ, ਸਕਿੱਲ ਡਿਵੈਲਪਮੈਂਟ ਸਿਖਲਾਈ ਦੀ ਜਾਣਕਾਰੀ, ਉਸਾਰੀ ਕਾਮਿਆਂ ਲਈ ਭਲਾਈ ਸਕੀਮਾਂ, ਮਗਨਰੇਗਾ ਤਹਿਤ ਰਜਿਸਟ੍ਰੇਸ਼ਨ, ਪਖਾਨੇ, ਮੁੱਖ ਮੰਤਰੀ ਕੈਂਸਰ ਰਾਹਤ ਫੰਡ ਤਹਿਤ ਮੁਫ਼ਤ ਇਲਾਜ ਆਦਿ ਸ਼ਾਮਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਇਨ੍ਹਾਂ ਭਲਾਈ ਸਕੀਮਾਂ ਜਾਣਕਾਰੀ ਹਾਸਲ ਕਰਨ, ਤਾਂ ਜੋ ਜ਼ਰੂਰਤਮੰਦਾਂ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਬੇਟੇ ਲਲਿਤ ਕੁਮਾਰ, ਬੀ.ਡੀ.ਪੀ.ਓ. ਚਮਨ ਲਾਲ, ਬੀ.ਡੀ.ਪੀ.ਓ. ਭੂਸ਼ਣ ਕੁਮਾਰ, ਬੀ.ਡੀ.ਪੀ.ਓ. ਨਰਿੰਦਰ ਸਿੰਘ, ਪਿੰਡ ਦਾ ਸਰਪੰਚ ਸੁਖਵਿੰਦਰ ਸਿੰਘ, ਸਮੂਹ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।

Related News